ਸੰਗਰੂਰ:- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਨਰਿੰਦਰ ਮੋਦੀ ਦੇ ਇਸ ਦੋਸ਼ ’ਤੇ ਖੁੱਲ੍ਹੀ ਬਹਿਸ ਲਈ ਆਪਣੀ ਚੁਣੌਤੀ ਮੁੜ ਦੁਹਰਾਈ ਕਿ ਕਾਂਗਰਸ "ਦੇਸ਼-ਵਿਰੋਧੀ" ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਪੰਜ ਮਿੰਟਾਂ ਦੇ ਅੰਦਰ ਸਾਬਤ ਕਰ ਸਕਦੇ ਹਨ ਕਿ ਇਸ ਦੋਸ਼ ’ਤੇ ਪ੍ਰਧਾਨ ਮੰਤਰੀ ਖ਼ੁਦ ਖਰੇ ਉਤਰਦੇ ਹਨ।

ਗਾਂਧੀ ਨੇ ਕਿਹਾ, ‘‘ਕਿਤੇ ਵੀ ਆਓ, ਮੇਰੇ ਨਾਲ ਬੈਠੋ ਅਤੇ ਬਹਿਸ ਕਰੋ। ਮੈਂ ਪੰਜ ਮਿੰਟਾਂ ਦੇ ਅੰਦਰ ਸਾਬਤ ਕਰ ਦਿਆਂਗਾ ਕਿ ਮੋਦੀ ਦੇਸ਼-ਵਿਰੋਧੀ ਹਨ।’’

ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦੀ ਚੋਣ ਮੁਹਿੰਮ ਸ਼ੁਰੂ ਕਰਨ ਵਾਸਤੇ ਕਾਂਗਰਸ ਦੀ 'ਇਨਸਾਫ਼ ਰੈਲੀ' ਨੂੰ ਸੰਬੋਧਨ ਕਰਦਿਆਂ ਗਾਂਧੀ ਨੇ ਐੱਸਆਈਆਰ ’ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਦੇ ਭਾਜਪਾ ਦੇ ਸੰਕਲਪ ’ਤੇ ਤਨਜ਼ ਕੱਸਦਿਆਂ ਕਿਹਾ, "ਉਹ ਕਹਿੰਦੇ ਹਨ ਕਿ ਸੰਸਦ ਵਿੱਚ ਚਰਚਾ ਕਰੋ, ਪਰ ਤੁਸੀਂ ਮੇਰਾ ਮਾਈਕ ਬੰਦ ਕਰ ਦਿੰਦੇ ਹੋ; ਤੁਸੀਂ ਮੈਨੂੰ ਬੋਲਣ ਨਹੀਂ ਦਿੰਦੇ..."

ਮੰਗਲਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਸੀ ਕਿ ਸਰਕਾਰ ਐੱਸਆਈਆਰ ਪ੍ਰਕਿਰਿਆ ’ਤੇ ਚਰਚਾ ਕਰਨ ਲਈ ਸੰਸਦ ਦਾ ਵਿਸ਼ੇਸ਼ ਇਜਲਾਸ ਬੁਲਾਉਣ ਲਈ ਤਿਆਰ ਹੈ ਅਤੇ ਉਨ੍ਹਾਂ ਵਿਰੋਧੀ ਧਿਰ ਨੂੰ ਬਹਿਸ ਵਿੱਚ ਸ਼ਾਮਲ ਹੋਣ ਦੀ ਚੁਣੌਤੀ ਦਿੱਤੀ ਸੀ। ਮੋਦੀ ’ਤੇ ਅਰਬਪਤੀਆਂ ਲਈ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕਾਂਗਰਸੀ ਆਗੂ ਨੇ ਕਿਹਾ, "ਉਹ ਅਡਾਨੀ ਲਈ ਕੰਮ ਕਰਦੇ ਹਨ। ਉਹ ਪੂਰੇ ਦੇਸ਼ ਦੀ ਜ਼ਮੀਨ, ਬੁਨਿਆਦੀ ਢਾਂਚਾ ਅਤੇ ਹਵਾਈ ਅੱਡੇ ਉਨ੍ਹਾਂ ਦੇ ਹਵਾਲੇ ਕਰ ਦਿੰਦੇ ਹਨ। ਉਹ ਕਿਸਾਨਾਂ ਲਈ ਕੰਮ ਨਹੀਂ ਕਰਨਗੇ। ਉਹ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਲਈ ਕੰਮ ਨਹੀਂ ਕਰਨਗੇ; ਕਾਂਗਰਸ ਕਰੇਗੀ।"