ਹੁਸ਼ਿਆਰਪੁਰ:- 3 ਅਪ੍ਰੈਲ ਨੂੰ ਜਲੰਧਰ ਰੇਲਵੇ ਸਟੇਸ਼ਨ ਤੋਂ ਹਰਿਦੁਆਰ ਲਈ ਆਰੰਭ ਹੋਣ ਵਾਲੀ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਲਈ ਸੰਗਤਾਂ ਅੰਦਰ ਭਾਰੀ ਉਤਸ਼ਾਹ ਅਤੇ ਖੁਸ਼ੀ ਦਾ ਮਾਹੌਲ ਹੈ, ਸੰਗਤਾਂ ਭਾਰੀ ਗਿਣਤੀ ਵਿੱਚ ਆ ਕੇ ਆਪਣੀਆਂ ਰੇਲ ਸੀਟਾਂ ਬੁੱਕ ਕਰਵਾ ਰਹੀਆਂ ਹਨ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਪੰਜਾਬ ਦੇ ਕੈਸ਼ੀਅਰ ਸੰਤ ਪਰਮਜੀਤ ਦਾਸ ਨਗਰ, ਸੰਤ ਸਰਵਣ ਦਾਸ ਸਲੇਮਟਾਵਰੀ ਸੀਨੀ. ਮੀਤ ਪ੍ਰਧਾਨ, ਸੰਤ ਧਰਮਪਾਲ ਸਟੇਜ ਸਕੱਤਰ, ਸੰਤ ਰਮੇਸ਼ ਦਾਸ ਪ੍ਰਚਾਰ ਸਕੱਤਰ  ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਹਰਿਦੁਆਰ ਵਿਖੇ ਮਨਾਉਣ ਲਈ ਹਰ ਸਾਲ ਦੀ ਤਰਾਂ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਚੇਅਰਮੈਨ ਸੰਤ ਸਰਵਣ ਦਾਸ ਜੀ ਬੋਹਣ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇਜੌੜੇ, ਜਨਰਲ ਸਕੱਤਰ ਸੰਤ ਇੰਦਰ ਦਾਸ ਸੇਖੈ ਦੀ ਅਗਵਾਈ ਹੇਠ ਇਸ ਬਾਰ 3 ਅਪ੍ਰੈਲ ਨੂੰ ਰੇਲਵੇ ਸਟੇਸ਼ਨ ਜਲੰਧਰ ਤੋਂ ਦੁਪਹਿਰ 1 ਵਜੇ ਆਰੰਭ ਹੋਵੇਗੀ, 4 ਅਪ੍ਰੈਲ ਨੂੰ ਹਰਿਦੁਆਰ ਵਿਖੇ ਨਿਰਮਲਾ ਛਾਉਣੀ ਆਸ਼ਰਮ ਤੋਂ ਹਰਿ ਕੀ ਪਾਉੜੀ ਤੱਕ ਪੈਦਲ ਸ਼ੋਭਾ ਯਾਤਰਾ ਹੋਵੇਗੀ ਅਤੇ 5 ਅਪ੍ਰੈਲ ਨੂੰ ਸ੍ਰੀ ਆਖੰਡ ਸਾਹਿਬ ਜੀ ਦੇ ਭੋਗ ਤੋਂ ਉਪਰੰਤ ਕੀਰਤਨ ਦੇ ਦੀਵਾਨਾਂ ਤੋਂ ਉਪਰੰਤ ਸੰਗਤਾਂ ਪੰਜਾਬ ਲਈ ਵਾਪਸੀ ਕਰਨਗੀਆਂ। 
        ਸੰਤ ਮਹਾਂਪੁਰਸ਼ਾਂ ਨੇ ਕਿਹਾ ਕਿ ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਦੇ ਮਹਾਨ ਉਪਰਾਲਿਆਂ ਅਤੇ ਵੱਡੇ ਕਾਰਜਾਂ ਨਾਲ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਅਲੌਕਿਕ ਸ਼ੋਭਾ ਯਾਤਰਾ ਦਾ ਆਨੰਦ ਮਾਣਦੀਆਂ ਹਨ ਅਤੇ ਹਾਜ਼ਰੀ ਭਰਦੀਆਂ ਹਨ। 
           ਇਨਾਂ ਮਹਾਂਪੁਰਸ਼ਾਂ ਨੇ ਕਿਹਾ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਹੋਰ ਗੁਰੂ ਸਾਹਿਬਾਨਾਂ ਦੀ ਮਨੁੱਖਤਾ ਦੇ ਭਲੇ ਲਈ ਉਚਾਰਨ ਕੀਤੀ ਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਅਤੇ ਕੌਮ ਦੇ ਮਹਾਨ ਰਹਿਬਰਾਂ ਦੀ ਕ੍ਰਾਂਤੀਕਾਰੀ ਸੋਚ ਨੂੰ ਜਨ ਜਨ ਤੱਕ ਪਹੁੰਚਾਉਣ ਲਈ ਇਤਿਹਾਸਕ ਬੇਗਮਪੁਰਾ ਦਮੜੀ ਸ਼ੋਭਾ ਯਾਤਰਾ ਸਫਲਤਾ ਨਾਲ ਅੱਗੇ ਵਧ ਰਹੀ ਹੈ ਜਿਸ ਨਾਲ ਕੌਮ ਤੇ ਸਮਾਜ ਅੰਦਰ ਵੱਡੀ ਜਾਗ੍ਰਤੀ ਪੈਦਾ ਹੋ ਰਹੀ ਹੈ।