ਅੰਬਾਲਾ, 11 ਅਕਤੂਬਰ (ਆਰ. ਸਿੰਘ):- ਅੱਜ ਸਵੇਰੇ ਅਚਾਨਕ ਅਸਮਾਨ ਵਿੱਚ ਸੰਘਣੇ ਕਾਲੇ ਬੱਦਲ ਛਾ ਗਏ ਅਤੇ ਦਿਨੇ ਹੀ ਹਨੇਰਾ ਪੈ ਗਿਆ। ਬਾਜ਼ਾਰਾਂ ਵਿੱਚ ਦੁਕਾਨਦਾਰਾਂ ਨੇ ਬੱਤੀਆਂ ਜਗਾ ਲਈਆਂ। ਭਾਰੀ ਮੀਂਹ ਕਾਰਨ ਲੋਕਾਂ ਲਈ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ। ਸ਼ਾਮ ਤੱਕ ਬੱਦਲ ਗੱਜਦੇ ਅਤੇ ਵਰ੍ਹਦੇ ਰਹੇ, ਜਿਸ ਨਾਲ ਤਾਪਮਾਨ ਵਿੱਚ ਵੀ ਕਾਫ਼ੀ ਗਿਰਾਵਟ ਆਈ ਅਤੇ ਠੰਢ ਵਧ ਗਈ।
ਇਸ ਭਾਰੀ ਮੀਂਹ ਨੇ ਅੰਬਾਲਾ ਛਾਉਣੀ ਦੀ ਮੌਹੜਾ ਅਨਾਜ ਮੰਡੀ ਵਿੱਚ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ। ਮੰਡੀ ਪ੍ਰਸ਼ਾਸਨ ਵੱਲੋਂ ਪੱਕੇ ਪ੍ਰਬੰਧਾਂ ਦੇ ਕੀਤੇ ਜਾ ਰਹੇ ਦਾਅਵਿਆਂ ਦੀ ਪੋਲ ਉਸ ਸਮੇਂ ਖੁੱਲ੍ਹ ਗਈ, ਜਦੋਂ ਖੁੱਲ੍ਹੇ ਅਸਮਾਨ ਹੇਠ ਪਿਆ ਕਿਸਾਨਾਂ ਦਾ ਝੋਨਾ ਮੀਂਹ ਦੇ ਪਾਣੀ ਵਿੱਚ ਭਿੱਜ ਗਿਆ। ਕਿਸਾਨਾਂ ਨੇ ਅਚਾਨਕ ਆਈ ਬਾਰਿਸ਼ ਤੋਂ ਆਪਣੀ ਉਪਜ ਨੂੰ ਬਚਾਉਣ ਲਈ ਜੱਦੋ-ਜਹਿਦ ਕੀਤੀ। ਕਈਆਂ ਨੇ ਝੋਨੇ ਨੂੰ ਤਰਪਾਲਾਂ ਨਾਲ ਢੱਕਣ ਦੀ ਕੋਸ਼ਿਸ਼ ਕੀਤੀ, ਜਦੋਂਕਿ ਕੁਝ ਕਿਸਾਨ ਸ਼ੈੱਡਾਂ ਹੇਠਲੀ ਸੀਮਤ ਥਾਂ ਵਿੱਚ ਆਪਣੀਆਂ ਬੋਰੀਆਂ ਨੂੰ ਸੁਰੱਖਿਅਤ ਕਰਨ ਲਈ ਜੱਦੋ-ਜਹਿਦ ਕਰਨ ਲੱਗੇ। ਇਸ ਦੇ ਬਾਵਜੂਦ ਜ਼ਿਆਦਾਤਰ ਕਿਸਾਨਾਂ ਦਾ ਝੋਨਾ ਖੁੱਲ੍ਹੇ ਵਿੱਚ ਪਿਆ ਰਿਹਾ ਅਤੇ ਢੇਰ ਪੂਰੀ ਤਰ੍ਹਾਂ ਭਿੱਜ ਗਏ।
ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸੁੱਕੀ ਫ਼ਸਲ ਹੁਣ ਮੀਂਹ ਦੇ ਪਾਣੀ ਨਾਲ ਭਿੱਜ ਗਈ ਹੈ। ਮੌਸਮ ਸਾਫ਼ ਹੋਣ ਤੋਂ ਬਾਅਦ ਉਨ੍ਹਾਂ ਨੂੰ ਇੱਕ ਵਾਰ ਫਿਰ ਝੋਨਾ ਸੁਕਾਉਣ ਲਈ ਸੰਘਰਸ਼ ਕਰਨਾ ਪਵੇਗਾ। ਮੀਂਹ ਕਾਰਨ ਝੋਨੇ ਵਿੱਚ ਨਮੀ ਦੀ ਮਾਤਰਾ ਵੀ ਵਧੇਗੀ, ਜਿਸ ਨਾਲ ਸਰਕਾਰੀ ਖ਼ਰੀਦ ਦੌਰਾਨ ਨੁਕਸਾਨ ਅਤੇ ਮੁਸ਼ਕਲਾਂ ਦਾ ਖ਼ਤਰਾ ਪੈਦਾ ਹੋ ਸਕਦਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਮੰਡੀ ਪ੍ਰਸ਼ਾਸਨ ਉਨ੍ਹਾਂ ਦੀ ਉਪਜ ਦੀ ਸੁਰੱਖਿਆ ਲਈ ਢੁਕਵੇਂ ਪ੍ਰਬੰਧ ਕਰੇ।
