ਚੰਡੀਗੜ੍ਹ, 25 ਸਤੰਬਰ:- ਹਰਿਆਣਾ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਦੱਸਿਆ ਕਿ ਬਾਗਬਾਨੀ ਕਿਸਾਨਾਂ ਦੇ ਹਿੱਤ ਵਿੱਚ ਰਾਜ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਦੱਸਿਆ ਕਿ ਸੂਬਾ ਸਰਕਾਰ ਕਿਸਾਨਾਂ ਦੀ ਆਮਦਨ ਵਧਾਉਣ, ਉਨ੍ਹਾਂ ਦੀ ਉਪਜ ਦੀ ਗੁਣਵੱਤਾ ਸੁਧਾਰਨ ਅਤੇ ਆਮ ਜਨਤਾ ਦੀ ਖੁਰਾਕ ਸੁਰੱਖਿਆ ਯਕੀਨੀ ਬਣਾਉਣ ਲਈ ਨਿਰੰਤਰ ਕੰਮ ਕਰ ਰਹੀ ਹੈ।
ਸ਼੍ਰੀ ਰਾਣਾ ਨੇ ਦੱਸਿਆ ਕਿ ਹਰਿਆਣਾ ਦੇ ਮੁੱਖ ਮੰਤਰੀ ਸ਼੍ਰੀ ਨਾਇਬ ਸਿੰਘ ਸੈਣੀ ਨੇ ਐਲਾਨ ਕੀਤਾ ਸੀ ਕਿ ਸੂਬੇ ਦੇ ਬਾਗਬਾਨੀ ਕਿਸਾਨਾਂ ਨੂੰ ਫਲ ਅਤੇ ਸਬਜ਼ੀਆਂ ਵਿੱਚ ਕੀਟਨਾਸ਼ਕ ਅਵਸ਼ੇਸ਼ਾਂ ਦੇ ਵਿਸ਼ਲੇਸ਼ਣ ਦੀ ਮੁਫ਼ਤ ਜਾਂਚ ਸਹੂਲਤ ਉਪਲਬਧ ਕਰਵਾਈ ਜਾਵੇਗੀ। ਹੁਣ ਇਹ ਕਦਮ ਉਸੇ ਐਲਾਨ ਦੀ ਪਾਲਣਾ ਵਿੱਚ ਚੁੱਕਿਆ ਗਿਆ ਹੈ।
ਖੇਤੀਬਾੜੀ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਹ ਸਹੂਲਤ ਬਾਗਬਾਨੀ ਵਿਭਾਗ ਹਰਿਆਣਾ ਦੀ ਗੁਣਵੱਤਾ ਜਾਂਚ ਪ੍ਰਯੋਗਸ਼ਾਲਾ ਸਿਰਸਾ ਅਤੇ ਘਰੌਂਡਾ (ਕਰਨਾਲ) ਵਿੱਚ ਪ੍ਰਦਾਨ ਕੀਤੀ ਜਾ ਰਹੀ ਹੈ। ਐਨ.ਏ.ਬੀ.ਐਲ. (NABL) ਦੁਆਰਾ ਮਾਨਤਾ ਪ੍ਰਾਪਤ ਇਹਨਾਂ ਪ੍ਰਯੋਗਸ਼ਾਲਾਵਾਂ ਵਿੱਚ ਕਿਸਾਨ ਆਪਣੀ ਬਾਗਬਾਨੀ ਉਪਜ, ਮਿੱਟੀ ਅਤੇ ਪਾਣੀ ਦੇ ਨਮੂਨਿਆਂ ਦੀ ਮੁਫ਼ਤ ਜਾਂਚ ਕਰਵਾ ਸਕਦੇ ਹਨ। ਇਸ ਪ੍ਰਯੋਗਸ਼ਾਲਾ ਵਿੱਚ ਕੁੱਲ 10 ਮੁੱਖ ਕੀਟਨਾਸ਼ਕਾਂ (Metribuzin, Metalaxyl, Chlorpyrifos, Dicofol, Pendimethalin, Penconazole, Profenofos, Lambda-Cyhalothrin, Permethrin ਅਤੇ Deltamethrin) ਦੇ ਅਵਸ਼ੇਸ਼ਾਂ ਦਾ ਅਤਿ-ਆਧੁਨਿਕ ਤਕਨੀਕਾਂ ਨਾਲ ਸਹੀ ਵਿਸ਼ਲੇਸ਼ਣ ਕੀਤਾ ਜਾਂਦਾ ਹੈ।
ਸ਼੍ਰੀ ਸ਼ਿਆਮ ਸਿੰਘ ਰਾਣਾ ਨੇ ਸੂਬੇ ਦੇ ਕਿਸਾਨਾਂ ਨੂੰ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਾਂਚ ਲਈ ਅਰਜ਼ੀ ਦੇਣ ਵਾਸਤੇ ਕਿਸਾਨਾਂ ਨੂੰ 'ਮੇਰੀ ਫਸਲ-ਮੇਰਾ ਬਿਓਰਾ' ਰਜਿਸਟ੍ਰੇਸ਼ਨ ਦਾ ਵੇਰਵਾ, ਪਛਾਣ ਪੱਤਰ ਦੇ ਰੂਪ ਵਿੱਚ ਆਧਾਰ ਕਾਰਡ, ਪੈਨ ਕਾਰਡ ਜਾਂ ਵੋਟਰ ਆਈ.ਡੀ., ਅਤੇ ਆਪਣਾ ਮੋਬਾਈਲ ਨੰਬਰ ਵਾ ਈਮੇਲ ਆਈ.ਡੀ. ਪ੍ਰਯੋਗਸ਼ਾਲਾ ਵਿੱਚ ਜਮ੍ਹਾਂ ਕਰਵਾਉਣਾ ਹੋਵੇਗਾ। ਨਮੂਨੇ ਲੈਣ ਅਤੇ ਦਸਤਾਵੇਜ਼ਾਂ ਦੀ ਪ੍ਰਕਿਰਿਆ ਲਈ ਕਿਸਾਨ ਆਪਣੇ ਸਬੰਧਤ ਜ਼ਿਲ੍ਹਾ ਬਾਗਬਾਨੀ ਅਧਿਕਾਰੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਇਸ ਯੋਜਨਾ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਬਾਗਬਾਨੀ ਕਿਸਾਨ ਆਪਣੀ ਉਪਜ ਵਿੱਚ ਕੀਟਨਾਸ਼ਕਾਂ ਦੀ ਸਹੀ ਵਰਤੋਂ ਨੂੰ ਸਮਝ ਕੇ ਗੁਣਵੱਤਾ ਅਤੇ ਖੁਰਾਕ ਸੁਰੱਖਿਆ ਵਿੱਚ ਸੁਧਾਰ ਲਿਆ ਸਕਣ।
