ਚੰਡੀਗੜ੍ਹ, 3 ਜੂਨ:- ਮਿਸ਼ਨ ਓਲੰਪਿਕ-2036 ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਸਰਕਾਰ ਨੇ ਸੂਬੇ ਵਿੱਚ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਤਿਆਰ ਕਰਨ ਲਈ ਵਿਆਪਕ ਯੋਜਨਾ ਉੱਤੇ ਕੰਮ ਸ਼ੁਰੂ ਕਰ ਦਿੱਤਾ ਹੈ। ਸਰਕਾਰ ਦੀ ਮਹੱਤਵਾਕਾਂਕਸ਼ੀ ਪਹਿਲ **‘ਮਿਸ਼ਨ ਓਲੰਪਿਕ-2036-ਵਿਜਈ ਭਵ:’** ਤਹਿਤ 8 ਤੋਂ 10 ਸਾਲ ਦੀ ਉਮਰ ਦੇ ਪ੍ਰਤਿਭਾਸ਼ਾਲੀ ਬੱਚਿਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਵਿਵਸਥਿਤ ਸਿਖਲਾਈ ਅਤੇ ਲੋੜੀਂਦਾ ਸਹਿਯੋਗ ਪ੍ਰਦਾਨ ਕੀਤਾ ਜਾਵੇਗਾ। ਇਹ ਪ੍ਰੋਗਰਾਮ ਹਰਿਆਣਾ ਖੇਡ ਯੂਨੀਵਰਸਿਟੀ ਰਾਹੀਂ ਚਲਾਇਆ ਜਾਵੇਗਾ ਅਤੇ ਇਸ ਲਈ ਵਿੱਤ ਵਿਭਾਗ ਵੱਲੋਂ ਮੁੱਢਲੀ ਮਨਜ਼ੂਰੀ ਵੀ ਮਿਲ ਚੁੱਕੀ ਹੈ।
ਸੂਬੇ ਵਿੱਚ ਖੇਡ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਨ ਲਈ ਹਰਿਆਣਾ ਖੇਡ ਯੂਨੀਵਰਸਿਟੀ ਵੱਲੋਂ ਈ-ਸਪੋਰਟਸ, ਖੇਡ ਪੱਤਰਕਾਰੀ, ਖੇਡ ਸੰਚਾਰ ਅਤੇ ਖੇਡ ਪ੍ਰਬੰਧਨ ਵਰਗੇ ਵਿਸ਼ਿਆਂ ਵਿੱਚ ਵਿਸ਼ੇਸ਼ ਕੋਰਸ ਵੀ ਸ਼ੁਰੂ ਕੀਤੇ ਜਾ ਰਹੇ ਹਨ। ਇਸ ਨਾਲ ਨੌਜਵਾਨਾਂ ਲਈ ਖੇਡਾਂ ਦੇ ਖੇਤਰ ਵਿੱਚ ਰੁਜ਼ਗਾਰ ਅਤੇ ਕਰੀਅਰ ਦੇ ਨਵੇਂ ਮੌਕੇ ਪੈਦਾ ਹੋਣਗੇ।
ਇਹ ਜਾਣਕਾਰੀ ਅੱਜ ਇੱਥੇ ਹੋਈ ਇੱਕ ਉੱਚ ਪੱਧਰੀ ਸਮੀਖਿਆ ਮੀਟਿੰਗ ਦੌਰਾਨ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੂੰ ਦਿੱਤੀ ਗਈ। ਮੀਟਿੰਗ ਵਿੱਚ ਦਸੰਬਰ 2025 ਵਿੱਚ ਪ੍ਰਧਾਨ ਮੰਤਰੀ ਦੀ ਅਗਵਾਈ ਹੇਠ ਹੋਈ ਮੁੱਖ ਸਕੱਤਰਾਂ ਦੀ ਪੰਜਵੀਂ ਰਾਸ਼ਟਰੀ ਕਾਨਫਰੰਸ ਦੌਰਾਨ ਲਏ ਗਏ ਫੈਸਲਿਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ।
ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਖੇਡਾਂ ਅਤੇ ਨੌਜਵਾਨ ਵਿਕਾਸ ਨਾਲ ਸਬੰਧਤ ਪ੍ਰਵਾਨਿਤ ਕਾਰਜਾਂ ਨੂੰ ਸਮੇਂ ਸਿਰ ਲਾਗੂ ਕੀਤਾ ਜਾਵੇ ਅਤੇ ਰਾਸ਼ਟਰੀ ਰੋਡਮੈਪ ਅਨੁਸਾਰ ਤਾਲਮੇਲ ਨਾਲ ਕੰਮ ਕੀਤਾ ਜਾਵੇ।
ਖੇਡ ਵਿਭਾਗ ਦੇ ਨਿਰਦੇਸ਼ਕ ਪਾਰਥ ਗੁਪਤਾ ਨੇ ਦੱਸਿਆ ਕਿ ਸਾਲ 2015 ਤੋਂ ਬਾਅਦ ਪਹਿਲੀ ਵਾਰ ਹਰਿਆਣਾ ਦੀ ਖੇਡ ਨੀਤੀ ਵਿੱਚ ਵਿਆਪਕ ਸੋਧ ਕੀਤੀ ਜਾ ਰਹੀ ਹੈ। ਇਸ ਲਈ ਇੱਕ ਵਿਸ਼ੇਸ਼ ਕਾਰਜ ਸਮੂਹ ਦਾ ਗਠਨ ਕੀਤਾ ਗਿਆ ਹੈ ਜੋ ਖਿਡਾਰੀਆਂ ਦੀ ਭਲਾਈ, ਪ੍ਰਤਿਭਾ ਵਿਕਾਸ, ਖੇਡ ਬੁਨਿਆਦੀ ਢਾਂਚੇ ਅਤੇ ਸੰਸਥਾਗਤ ਸਹਾਇਤਾ ਪ੍ਰਣਾਲੀ ਨੂੰ ਹੋਰ ਮਜ਼ਬੂਤ ਬਣਾਉਣ ਲਈ ਸੁਝਾਅ ਦੇਵੇਗਾ।
ਉਨ੍ਹਾਂ ‘ਖੇਲੋ ਹਰਿਆਣਾ ਐਪ’ ਬਾਰੇ ਵੀ ਜਾਣਕਾਰੀ ਦਿੱਤੀ, ਜਿਸ ਨੂੰ ਖਿਡਾਰੀਆਂ ਲਈ ਇੱਕ ਵਨ-ਸਟਾਪ ਡਿਜੀਟਲ ਪਲੇਟਫਾਰਮ ਵਜੋਂ ਵਿਕਸਤ ਕੀਤਾ ਜਾ ਰਿਹਾ ਹੈ। ਇਸ ਐਪ ਰਾਹੀਂ ਵਜ਼ੀਫ਼ੇ, ਨਕਦ ਇਨਾਮ, ਨੌਕਰੀ ਸਬੰਧੀ ਲਾਭ, ਖੇਡ ਗ੍ਰੇਡੇਸ਼ਨ ਸਰਟੀਫਿਕੇਟ, ਪੈਨਸ਼ਨ ਅਤੇ ਬੀਮਾ ਵਰਗੀਆਂ ਸਹੂਲਤਾਂ ਇੱਕੋ ਥਾਂ ਉਪਲਬਧ ਕਰਵਾਈਆਂ ਜਾਣਗੀਆਂ।
ਮੀਟਿੰਗ ਵਿੱਚ ਦੱਸਿਆ ਗਿਆ ਕਿ ਸੂਬੇ ਵਿੱਚ ਖੇਡ ਨਰਸਰੀਆਂ, ਰਿਹਾਇਸ਼ੀ ਅਕਾਦਮੀਆਂ ਅਤੇ ਉੱਤਮਤਾ ਕੇਂਦਰਾਂ ਦਾ ਮਜ਼ਬੂਤ ਨੈੱਟਵਰਕ ਪਹਿਲਾਂ ਹੀ ਕੰਮ ਕਰ ਰਿਹਾ ਹੈ, ਜੋ ਨੌਜਵਾਨ ਖਿਡਾਰੀਆਂ ਨੂੰ ਜ਼ਮੀਨੀ ਪੱਧਰ ਤੋਂ ਲੈ ਕੇ ਉੱਚ ਪੱਧਰੀ ਮੁਕਾਬਲਿਆਂ ਤੱਕ ਪਹੁੰਚਾਉਣ ਵਿੱਚ ਮਦਦਗਾਰ ਸਾਬਤ ਹੋ ਰਿਹਾ ਹੈ।
ਇਸ ਤੋਂ ਇਲਾਵਾ ‘ਮਾਈ ਭਾਰਤ’ ਪਲੇਟਫਾਰਮ ’ਤੇ ਸੂਬੇ ਵਿੱਚ 6.61 ਲੱਖ ਤੋਂ ਵੱਧ ਰਜਿਸਟ੍ਰੇਸ਼ਨਾਂ ਹੋ ਚੁੱਕੀਆਂ ਹਨ, ਜੋ ਨੌਜਵਾਨਾਂ ਦੀ ਵਿਕਾਸਾਤਮਕ ਅਤੇ ਸਮਾਜਿਕ ਗਤੀਵਿਧੀਆਂ ਵਿੱਚ ਵਧਦੀ ਭਾਗੀਦਾਰੀ ਨੂੰ ਦਰਸਾਉਂਦੀਆਂ ਹਨ।
ਮੀਟਿੰਗ ਦੌਰਾਨ ਸਿੱਖਿਆ, ਸਿਹਤ, ਆਯੂਸ਼ ਅਤੇ ਵਿਕਾਸ ਤੇ ਪੰਚਾਇਤ ਵਿਭਾਗਾਂ ਵੱਲੋਂ ਨੌਜਵਾਨਾਂ ਵਿੱਚ ਸਰੀਰਕ ਸਾਖਰਤਾ, ਫਿਟਨੈੱਸ ਅਤੇ ਵੈਲਨੈੱਸ ਨੂੰ ਉਤਸ਼ਾਹਿਤ ਕਰਨ ਲਈ ਚਲਾਈਆਂ ਜਾ ਰਹੀਆਂ ਪਹਿਲਕਦਮੀਆਂ ਬਾਰੇ ਵੀ ਜਾਣਕਾਰੀ ਦਿੱਤੀ ਗਈ। ਯੋਗਾ, ਫਿਟਨੈੱਸ ਗਤੀਵਿਧੀਆਂ ਅਤੇ ਸਰੀਰਕ ਸਾਖਰਤਾ ਮੁਲਾਂਕਣ ਵਰਗੇ ਪ੍ਰੋਗਰਾਮਾਂ ਰਾਹੀਂ ਸਿਹਤਮੰਦ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਮੀਟਿੰਗ ਵਿੱਚ ਉਦਯੋਗ ਅਤੇ ਵਣਜ ਵਿਭਾਗ ਦੇ ਡਾਇਰੈਕਟਰ ਜਨਰਲ ਯਸ਼ ਗਰਗ, ਖੇਡ ਵਿਭਾਗ ਦੇ ਵਧੀਕ ਡਾਇਰੈਕਟਰ ਅਸ਼ਵਨੀ ਮਲਿਕ ਸਮੇਤ ਵੱਖ-ਵੱਖ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।