ਚੰਡੀਗੜ੍ਹ, 12 ਅਕਤੂਬਰ:- ਹਰਿਆਣਾ ਨੇ ਮਰਦਮਸ਼ੁਮਾਰੀ-2027 ਦਾ ਪਹਿਲਾ ਪੜਾਅ ਪੂਰੀ ਤਰ੍ਹਾਂ ਡਿਜੀਟਲ ਮਾਧਿਅਮ ਰਾਹੀਂ ਸਫਲਤਾਪੂਰਵਕ ਪੂਰਾ ਕਰ ਲਿਆ ਹੈ। ਇਸ ਦੌਰਾਨ 23 ਜ਼ਿਲ੍ਹਿਆਂ ਅਤੇ 11 ਨਗਰ ਨਿਗਮਾਂ ਵਿੱਚ 51,907 ਮਕਾਨ ਸੂਚੀਕਰਨ ਬਲਾਕਾਂ ਨੂੰ ਸਫਲਤਾਪੂਰਵਕ ਕਵਰ ਕਰਨ ਤੋਂ ਬਾਅਦ ਹਰਿਆਣਾ ਹੁਣ ਜਨਸੰਖਿਆ ਗਣਨਾ ਦੇ ਦੂਜੇ ਪੜਾਅ ਦੀਆਂ ਤਿਆਰੀਆਂ ਵਿੱਚ ਜੁੱਟ ਗਿਆ ਹੈ। ਦੂਜੇ ਪੜਾਅ ਵਿੱਚ 23 ਜ਼ਿਲ੍ਹਿਆਂ ਅਧੀਨ ਆਉਂਦੇ 6,522 ਪਿੰਡਾਂ ਅਤੇ 88 ਕਸਬਿਆਂ ਵਿੱਚ ਲਗਭਗ 70,000 ਗਣਨਾ ਬਲਾਕਾਂ ਨੂੰ ਕਵਰ ਕੀਤਾ ਜਾਵੇਗਾ। ਇਸ ਕਾਰਜ ਲਈ ਰਾਖਵੇਂ ਕਰਮਚਾਰੀਆਂ ਸਮੇਤ ਲਗਭਗ 74,800 ਗਣਨਾਕਾਰਾਂ ਅਤੇ 12,650 ਸੁਪਰਵਾਈਜ਼ਰਾਂ ਦੀ ਤਾਇਨਾਤੀ ਪ੍ਰਸਤਾਵਿਤ ਹੈ। ਪੂਰੀ ਪ੍ਰਕਿਰਿਆ 34 ਪ੍ਰਧਾਨ ਮਰਦਮਸ਼ੁਮਾਰੀ ਅਧਿਕਾਰੀਆਂ ਦੀ ਨਿਗਰਾਨੀ ਹੇਠ 203 ਮਰਦਮਸ਼ੁਮਾਰੀ ਚਾਰਜਾਂ ਰਾਹੀਂ ਚਲਾਈ ਜਾਵੇਗੀ।
ਮਾਲ ਅਤੇ ਆਫ਼ਤ ਪ੍ਰਬੰਧਨ ਵਿਭਾਗ ਦੀ ਵਿੱਤ ਕਮਿਸ਼ਨਰ ਅਤੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ, ਜੋ ਮਰਦਮਸ਼ੁਮਾਰੀ-2027 ਦੀ ਰਾਜ ਨੋਡਲ ਅਧਿਕਾਰੀ ਵੀ ਹਨ, ਨੇ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ 100 ਫ਼ੀਸਦੀ ਜਨਸੰਖਿਆ ਕਵਰੇਜ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਨਾ ਤਾਂ ਕੋਈ ਵਿਅਕਤੀ ਛੁੱਟਣ ਪਾਵੇ ਅਤੇ ਨਾ ਹੀ ਦੋਹਰੀ ਗਣਨਾ ਦੀ ਕੋਈ ਸੰਭਾਵਨਾ ਰਹੇ। ਇਸ ਲਈ ਸਖ਼ਤ ਜਵਾਬਦੇਹੀ ਤੈਅ ਕੀਤੀ ਜਾਵੇ ਅਤੇ ਸਾਰੀਆਂ ਲੋੜੀਂਦੀਆਂ ਤਿਆਰੀਆਂ ਨਿਰਧਾਰਤ ਸਮਾਂ-ਸੀਮਾ ਅੰਦਰ ਪੂਰੀਆਂ ਕੀਤੀਆਂ ਜਾਣ।
ਡਾ. ਸੁਮਿਤਾ ਮਿਸ਼ਰਾ ਨੇ ਇਹ ਨਿਰਦੇਸ਼ ਅੱਜ ਇੱਥੇ ਪ੍ਰਧਾਨ ਮਰਦਮਸ਼ੁਮਾਰੀ ਅਧਿਕਾਰੀਆਂ ਦੇ ਇੱਕ ਰੋਜ਼ਾ ਸੰਮੇਲਨ ਵਿੱਚ ਦਿੱਤੇ। ਸੰਮੇਲਨ ਦੌਰਾਨ ਜਨਸੰਖਿਆ ਗਣਨਾ ਤੋਂ ਪਹਿਲਾਂ ਕਾਰਜ-ਪ੍ਰਬੰਧਾਂ ਦੀਆਂ ਤਿਆਰੀਆਂ, ਡਿਜੀਟਲ ਮਾਧਿਅਮ ਰਾਹੀਂ ਅੰਕੜੇ ਇਕੱਠੇ ਕਰਨ, ਕਰਮਚਾਰੀਆਂ ਦੀ ਤਾਇਨਾਤੀ, ਖੇਤਰੀ ਨਿਗਰਾਨੀ ਅਤੇ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਬਾਰੇ ਚਰਚਾ ਕੀਤੀ ਗਈ।
ਵਿੱਤ ਕਮਿਸ਼ਨਰ ਅਤੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਮਰਦਮਸ਼ੁਮਾਰੀ-2027 ਰਾਸ਼ਟਰ ਨਿਰਮਾਣ, ਵਿਕਾਸ ਯੋਜਨਾਵਾਂ ਤਿਆਰ ਕਰਨ ਅਤੇ ਪ੍ਰਭਾਵਸ਼ਾਲੀ ਸ਼ਾਸਨ ਪ੍ਰਬੰਧ ਨਾਲ ਜੁੜੀ ਇੱਕ ਮਹੱਤਵਪੂਰਨ ਕੌਮੀ ਜ਼ਿੰਮੇਵਾਰੀ ਹੈ। ਉਨ੍ਹਾਂ ਡਿਪਟੀ ਕਮਿਸ਼ਨਰਾਂ ਨੂੰ ਨਿਰਦੇਸ਼ ਦਿੱਤੇ ਕਿ ਉਹ ਤਿਆਰੀਆਂ ਦੀ ਨਿੱਜੀ ਤੌਰ ’ਤੇ ਨਿਗਰਾਨੀ ਕਰਨ, ਚਾਰਜ ਅਧਿਕਾਰੀਆਂ ਨਾਲ ਨਿਯਮਿਤ ਸਮੀਖਿਆ ਮੀਟਿੰਗਾਂ ਕਰਨ ਅਤੇ ਜਨਸੰਖਿਆ ਗਣਨਾ ਸ਼ੁਰੂ ਹੋਣ ਤੋਂ ਪਹਿਲਾਂ ਸੰਭਾਵੀ ਕਾਰਜਕਾਰੀ ਮੁਸ਼ਕਲਾਂ ਦੀ ਪਛਾਣ ਕਰਕੇ ਉਨ੍ਹਾਂ ਦਾ ਹੱਲ ਯਕੀਨੀ ਬਣਾਉਣ।
ਸੰਮੇਲਨ ਨੂੰ ਸੰਬੋਧਨ ਕਰਦਿਆਂ ਵਿੱਤ ਕਮਿਸ਼ਨਰ, ਮਾਲ ਵਿਭਾਗ ਅਤੇ ਵਧੀਕ ਮੁੱਖ ਸਕੱਤਰ ਡਾ. ਸੁਮਿਤਾ ਮਿਸ਼ਰਾ ਨੇ ਕਿਹਾ ਕਿ ਪਹਿਲੇ ਪੜਾਅ ਦੀ ਸਫਲਤਾ ਹਰਿਆਣਾ ਦੇ ਅਧਿਕਾਰੀਆਂ ਦੇ ਸਮਰਪਣ ਅਤੇ ਤਾਲਮੇਲ ਵਾਲੇ ਯਤਨਾਂ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਦੇ ਅੰਕੜਿਆਂ ਦੀ ਗੁਣਵੱਤਾ ਕਾਫ਼ੀ ਹੱਦ ਤੱਕ ਜ਼ਿਲ੍ਹਾ ਪੱਧਰ ’ਤੇ ਅਧਿਕਾਰੀਆਂ ਦੀ ਗੰਭੀਰਤਾ, ਅਗਵਾਈ ਅਤੇ ਖੇਤਰੀ ਨਿਗਰਾਨੀ ’ਤੇ ਨਿਰਭਰ ਕਰਦੀ ਹੈ। ਇਸ ਪ੍ਰਕਿਰਿਆ ਦੀ ਸਟੀਕਤਾ ਅਤੇ ਭਰੋਸੇਯੋਗਤਾ ਯਕੀਨੀ ਬਣਾਉਣ ਵਿੱਚ ਡਿਪਟੀ ਕਮਿਸ਼ਨਰਾਂ ਦੀ ਭੂਮਿਕਾ ਫ਼ੈਸਲਾਕੁਨ ਹੋਵੇਗੀ।
ਡਾ. ਮਿਸ਼ਰਾ ਨੇ ਕਿਹਾ ਕਿ ਅਧਿਕਾਰੀ ਮਰਦਮਸ਼ੁਮਾਰੀ ਦੇ ਕੰਮ ਨੂੰ ਵਾਧੂ ਵਿਭਾਗੀ ਜ਼ਿੰਮੇਵਾਰੀ ਦੀ ਬਜਾਏ ਤਰਜੀਹ ਵਾਲਾ ਕੰਮ ਮੰਨਣ ਅਤੇ ਤਿਆਰੀਆਂ ਦੀ ਨਿੱਜੀ ਜ਼ਿੰਮੇਵਾਰੀ ਲੈਣ। ਉਨ੍ਹਾਂ ਕਿਹਾ ਕਿ ਦੁਰਗਮ ਇਲਾਕਿਆਂ, ਤੇਜ਼ੀ ਨਾਲ ਵਿਕਸਤ ਹੋ ਰਹੀਆਂ ਰਿਹਾਇਸ਼ੀ ਬਸਤੀਆਂ, ਸ਼ਹਿਰੀ ਅਤੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ ਅਤੇ ਪ੍ਰਵਾਸੀ ਆਬਾਦੀ ਵਾਲੇ ਖੇਤਰਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ। ਕਿਸੇ ਵੀ ਵਿਅਕਤੀ ਜਾਂ ਪਰਿਵਾਰ ਦੇ ਛੁੱਟਣ ਦੀ ਸੰਭਾਵਨਾ ਖ਼ਤਮ ਕਰਨ ਲਈ ਪਹਿਲਾਂ ਹੀ ਵਿਆਪਕ ਕਾਰਜ-ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਮਰਦਮਸ਼ੁਮਾਰੀ ਦੌਰਾਨ ਕਵਰੇਜ, ਸਟੀਕਤਾ ਅਤੇ ਗੁਪਤਤਾ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਵੇਗਾ। ਉਨ੍ਹਾਂ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੰਭਾਵੀ ਕਮੀਆਂ ਦੀ ਪਛਾਣ ਕਰਨ, ਦੋਹਰੀ ਗਣਨਾ ਰੋਕਣ ਅਤੇ ਖੇਤਰੀ ਨਿਗਰਾਨੀ ਮਜ਼ਬੂਤ ਕਰਨ ਲਈ ਤਕਨਾਲੋਜੀ ਅਤੇ ਉਪਲਬਧ ਪ੍ਰਸ਼ਾਸਨਿਕ ਜਾਣਕਾਰੀ ਦੀ ਪ੍ਰਭਾਵਸ਼ਾਲੀ ਵਰਤੋਂ ਕੀਤੀ ਜਾਵੇ।
ਵਿੱਤ ਕਮਿਸ਼ਨਰ ਨੇ ਮਰਦਮਸ਼ੁਮਾਰੀ ਦੀ ਡਿਊਟੀ ਤੋਂ ਛੋਟ ਮੰਗਣ ਵਾਲੀਆਂ ਅਰਜ਼ੀਆਂ ਦੀ ਸਖ਼ਤੀ ਨਾਲ ਜਾਂਚ ਕਰਨ ’ਤੇ ਵੀ ਜ਼ੋਰ ਦਿੱਤਾ। ਇਨ੍ਹਾਂ ਵਿੱਚ ਉਨ੍ਹਾਂ ਕਰਮਚਾਰੀਆਂ ਦੀਆਂ ਬੇਨਤੀਆਂ ਵੀ ਸ਼ਾਮਲ ਹੋਣਗੀਆਂ, ਜਿਨ੍ਹਾਂ ਨੇ ਪਹਿਲੇ ਪੜਾਅ ਦੌਰਾਨ ਆਪਣੀ ਡਿਊਟੀ ਪੂਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਮਰਦਮਸ਼ੁਮਾਰੀ ਦੀ ਸਫਲਤਾ ਲਈ ਯੋਗ ਕਰਮਚਾਰੀਆਂ ਦੀ ਚੋਣ ਕਰਨੀ ਅਤੇ ਉਨ੍ਹਾਂ ਨੂੰ ਸਮੇਂ ਸਿਰ ਸਿਖਲਾਈ ਦੇਣੀ ਜ਼ਰੂਰੀ ਹੈ।
ਡਾ. ਮਿਸ਼ਰਾ ਨੇ ਦੱਸਿਆ ਕਿ ਦੂਜੇ ਪੜਾਅ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਅਤੇ ਪ੍ਰਧਾਨ ਮਰਦਮਸ਼ੁਮਾਰੀ ਅਧਿਕਾਰੀਆਂ ਦੇ ਸੰਮੇਲਨ ਵਿੱਚ ਸਿਖਲਾਈ ਦੀ ਪ੍ਰਕਿਰਿਆ ਵੀ ਆਰੰਭ ਹੋ ਗਈ ਹੈ। ਅੱਗੇ ਚਾਰਜ ਅਧਿਕਾਰੀਆਂ, ਮਾਸਟਰ ਟ੍ਰੇਨਰਾਂ, ਫੀਲਡ ਟ੍ਰੇਨਰਾਂ, ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਸਿਖਲਾਈ ਦਿੱਤੀ ਜਾਵੇਗੀ, ਤਾਂ ਜੋ ਸਾਰੇ ਕਰਮਚਾਰੀ ਆਪਣੀਆਂ ਜ਼ਿੰਮੇਵਾਰੀਆਂ, ਨਿਰਧਾਰਤ ਪ੍ਰਕਿਰਿਆਵਾਂ ਅਤੇ ਸਮਾਂ-ਸੀਮਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਣ।
ਉਨ੍ਹਾਂ ਚਾਰਜ ਅਧਿਕਾਰੀਆਂ ਨੂੰ ਖੇਤਰੀ ਕਰਮਚਾਰੀਆਂ ਨਾਲ ਨਿਯਮਿਤ ਸੰਪਰਕ ਬਣਾਈ ਰੱਖਣ ਅਤੇ ਸਮੱਸਿਆਵਾਂ ਦੀ ਪਛਾਣ ਤੇ ਸਮੇਂ ਸਿਰ ਹੱਲ ਲਈ ਸੁਪਰਵਾਈਜ਼ਰਾਂ ਨਾਲ ਹਫ਼ਤਾਵਾਰੀ ਮੀਟਿੰਗਾਂ ਕਰਨ ਦੇ ਨਿਰਦੇਸ਼ ਦਿੱਤੇ। ਜਨ-ਭਾਗੀਦਾਰੀ ਨੂੰ ਮਰਦਮਸ਼ੁਮਾਰੀ ਦੀ ਸਫਲਤਾ ਦਾ ਮਹੱਤਵਪੂਰਨ ਆਧਾਰ ਦੱਸਦਿਆਂ ਡਾ. ਮਿਸ਼ਰਾ ਨੇ ਡਿਪਟੀ ਕਮਿਸ਼ਨਰਾਂ ਨੂੰ ਵਿਆਪਕ ਜਨ-ਜਾਗਰੂਕਤਾ ਮੁਹਿੰਮ ਚਲਾਉਣ ਅਤੇ ਅਫ਼ਵਾਹਾਂ ਤੇ ਭੁਲੇਖਾਪਾਊ ਜਾਣਕਾਰੀ ਦਾ ਤੱਥਾਂ ’ਤੇ ਆਧਾਰਿਤ ਜਾਣਕਾਰੀ ਰਾਹੀਂ ਸਮੇਂ ਸਿਰ ਖੰਡਨ ਕਰਨ ਦੇ ਨਿਰਦੇਸ਼ ਦਿੱਤੇ।
ਉਨ੍ਹਾਂ ਦੱਸਿਆ ਕਿ ਰਾਜ ਸਰਕਾਰ ਸੋਸ਼ਲ ਮੀਡੀਆ, ਸਿੱਖਿਆ ਸੰਸਥਾਵਾਂ, ਗ੍ਰਾਮ ਪੰਚਾਇਤਾਂ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨਾਂ, ਕੰਧ ਲੇਖਣ ਅਤੇ ਰਵਾਇਤੀ ਜਨਤਕ ਐਲਾਨਾਂ ਦੇ ਮਾਧਿਅਮਾਂ ਰਾਹੀਂ ਸ਼ਹਿਰੀ ਅਤੇ ਪੇਂਡੂ ਖੇਤਰਾਂ ਦੇ ਪਰਿਵਾਰਾਂ ਤੱਕ ਪਹੁੰਚ ਬਣਾਉਣ ਦੀ ਯੋਜਨਾ ’ਤੇ ਕੰਮ ਕਰ ਰਹੀ ਹੈ। ਗੀਤਾ ਜਯੰਤੀ ਅਤੇ ਸੂਰਜਕੁੰਡ ਮੇਲੇ ਵਰਗੇ ਵੱਡੇ ਜਨਤਕ ਸਮਾਗਮਾਂ ਦੀ ਵਰਤੋਂ ਵੀ ਮਰਦਮਸ਼ੁਮਾਰੀ-2027 ਬਾਰੇ ਜਾਗਰੂਕਤਾ ਵਧਾਉਣ ਅਤੇ ਨਾਗਰਿਕਾਂ ਨੂੰ ਸਵੈ-ਗਣਨਾ ਲਈ ਉਤਸ਼ਾਹਿਤ ਕਰਨ ਵਾਸਤੇ ਕੀਤੀ ਜਾਵੇਗੀ।
ਵਿੱਤ ਕਮਿਸ਼ਨਰ ਨੇ ਮਰਦਮਸ਼ੁਮਾਰੀ ਕਰਮਚਾਰੀਆਂ ਦੀਆਂ ਸਹੂਲਤਾਂ ਅਤੇ ਕੰਮ ਸਬੰਧੀ ਤਿਆਰੀਆਂ ’ਤੇ ਵੀ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਢੁਕਵੀਆਂ ਸਿਖਲਾਈ ਸਹੂਲਤਾਂ, ਸੁਰੱਖਿਆ ਪ੍ਰਬੰਧ, ਲੋੜੀਂਦੇ ਸਰੋਤ ਅਤੇ ਪ੍ਰਸ਼ਾਸਨਿਕ ਸਹਾਇਤਾ ਉਪਲਬਧ ਕਰਵਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਬਕਾਇਆ ਮਾਣਭੱਤੇ ਦਾ ਜਲਦੀ ਭੁਗਤਾਨ ਯਕੀਨੀ ਬਣਾਉਣ ਲਈ ਕਿਹਾ, ਤਾਂ ਜੋ ਮਰਦਮਸ਼ੁਮਾਰੀ ਦੇ ਕੰਮ ਵਿੱਚ ਲੱਗੇ ਕਰਮਚਾਰੀਆਂ ਨੂੰ ਬੇਲੋੜੀਆਂ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਨੂੰ ਦੋਵਾਂ ਪੜਾਵਾਂ ਲਈ ਕੁੱਲ 25,000 ਰੁਪਏ ਮਾਣਭੱਤਾ ਦੇਣ ਦੀ ਵਿਵਸਥਾ ਹੈ। ਇਸ ਵਿੱਚ ਮਕਾਨ ਸੂਚੀਕਰਨ ਦੇ ਕੰਮ ਲਈ 9,000 ਰੁਪਏ ਅਤੇ ਜਨਸੰਖਿਆ ਗਣਨਾ ਲਈ 16,000 ਰੁਪਏ ਸ਼ਾਮਲ ਹਨ।
ਡਾ. ਮਿਸ਼ਰਾ ਨੇ ਕਿਹਾ ਕਿ ਮਰਦਮਸ਼ੁਮਾਰੀ ਦੌਰਾਨ ਇਕੱਠੀ ਕੀਤੀ ਨਿੱਜੀ ਜਾਣਕਾਰੀ ਦੀ ਗੁਪਤਤਾ ਮਰਦਮਸ਼ੁਮਾਰੀ ਐਕਟ, 1948 ਅਤੇ ਨਿਰਧਾਰਤ ਪ੍ਰਕਿਰਿਆਵਾਂ ਅਨੁਸਾਰ ਸਖ਼ਤੀ ਨਾਲ ਸੁਰੱਖਿਅਤ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਮਾਲ, ਸਿੱਖਿਆ, ਪੁਲਿਸ, ਸਿਹਤ, ਮਹਿਲਾ ਤੇ ਬਾਲ ਵਿਕਾਸ, ਸ਼ਹਿਰੀ ਸਥਾਨਕ ਸੰਸਥਾਵਾਂ, ਪੰਚਾਇਤੀ ਰਾਜ ਸੰਸਥਾਵਾਂ, ਸੂਚਨਾ ਤਕਨਾਲੋਜੀ ਅਤੇ ਲੋਕ ਸੰਪਰਕ ਵਿਭਾਗਾਂ ਵਿਚਕਾਰ ਪ੍ਰਭਾਵਸ਼ਾਲੀ ਤਾਲਮੇਲ ਯਕੀਨੀ ਬਣਾਉਣ ’ਤੇ ਵੀ ਜ਼ੋਰ ਦਿੱਤਾ, ਤਾਂ ਜੋ ਪ੍ਰਸ਼ਾਸਨਿਕ ਰੁਕਾਵਟਾਂ ਦੂਰ ਕਰਕੇ ਖੇਤਰੀ ਕੰਮ ਬਿਨਾਂ ਕਿਸੇ ਰੁਕਾਵਟ ਦੇ ਪੂਰਾ ਕੀਤਾ ਜਾ ਸਕੇ।
ਹਰਿਆਣਾ ਦੇ ਮਰਦਮਸ਼ੁਮਾਰੀ ਸੰਚਾਲਨ ਨਿਰਦੇਸ਼ਕ ਡਾ. ਲਲਿਤ ਜੈਨ ਨੇ ਅਧਿਕਾਰੀਆਂ ਨੂੰ ਤਕਨੀਕੀ ਅਤੇ ਕਾਰਜਕਾਰੀ ਤਿਆਰੀਆਂ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰਦਮਸ਼ੁਮਾਰੀ-2027 ਭਾਰਤ ਦੀ ਪਹਿਲੀ ਪੂਰੀ ਤਰ੍ਹਾਂ ਡਿਜੀਟਲ ਮਰਦਮਸ਼ੁਮਾਰੀ ਹੋਵੇਗੀ। ਗਣਨਾਕਾਰ ਸਮਾਰਟਫੋਨ ’ਤੇ ਵਿਸ਼ੇਸ਼ ਮੋਬਾਈਲ ਐਪਲੀਕੇਸ਼ਨ ਰਾਹੀਂ ਜਨਸੰਖਿਆ ਸਬੰਧੀ ਜਾਣਕਾਰੀ ਇਕੱਠੀ ਕਰਨਗੇ, ਜਦੋਂ ਕਿ ਮਰਦਮਸ਼ੁਮਾਰੀ ਪ੍ਰਬੰਧਨ ਅਤੇ ਨਿਗਰਾਨੀ ਪ੍ਰਣਾਲੀ (ਸੀ.ਐੱਮ.ਐੱਮ.ਐੱਸ.) ਰਾਹੀਂ ਖੇਤਰੀ ਕੰਮਾਂ, ਪ੍ਰਸ਼ਾਸਨਿਕ ਪ੍ਰਗਤੀ ਅਤੇ ਮਰਦਮਸ਼ੁਮਾਰੀ ਨਾਲ ਜੁੜੇ ਕਰਮਚਾਰੀਆਂ ਵਿਚਕਾਰ ਤਾਲਮੇਲ ਦੀ ਨਿਗਰਾਨੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਨਾਗਰਿਕ 10 ਜਨਵਰੀ ਤੋਂ 24 ਜਨਵਰੀ, 2027 ਤੱਕ ਸਵੈ-ਗਣਨਾ ਪੋਰਟਲ ਰਾਹੀਂ ਆਨਲਾਈਨ ਆਪਣੀ ਜਾਣਕਾਰੀ ਦਰਜ ਕਰ ਸਕਣਗੇ। ਘਰ-ਘਰ ਜਾ ਕੇ ਜਨਸੰਖਿਆ ਗਣਨਾ 25 ਜਨਵਰੀ ਤੋਂ 28 ਫ਼ਰਵਰੀ, 2027 ਤੱਕ ਕੀਤੀ ਜਾਵੇਗੀ। ਇਸ ਤੋਂ ਬਾਅਦ 1 ਮਾਰਚ ਤੋਂ 5 ਮਾਰਚ ਤੱਕ ਪੰਜ ਦਿਨਾਂ ਦੀ ਪੁਨਰੀਖਣ ਮੁਹਿੰਮ ਪ੍ਰਸਤਾਵਿਤ ਹੈ, ਜਿਸ ਦੌਰਾਨ ਛੁੱਟੇ ਹੋਏ ਵਿਅਕਤੀਆਂ ਦੀ ਪਛਾਣ, ਗ਼ਲਤੀਆਂ ਦਾ ਸੁਧਾਰ ਅਤੇ ਵਿਆਪਕ ਕਵਰੇਜ ਯਕੀਨੀ ਬਣਾਈ ਜਾਵੇਗੀ। ਮਰਦਮਸ਼ੁਮਾਰੀ ਦੀ ਸੰਦਰਭ ਮਿਤੀ ਅਤੇ ਸਮਾਂ 1 ਮਾਰਚ, 2027 ਨੂੰ ਰਾਤ 12 ਵਜੇ ਨਿਰਧਾਰਤ ਕੀਤਾ ਗਿਆ ਹੈ। ਆਨਲਾਈਨ ਸਵੈ-ਗਣਨਾ ਕਰਨ ਵਾਲੇ ਪਰਿਵਾਰਾਂ ਦੀ ਜਾਣਕਾਰੀ ਦੀ ਵੀ ਗਣਨਾਕਾਰ ਘਰ ਜਾ ਕੇ ਤਸਦੀਕ ਕਰਨਗੇ, ਤਾਂ ਜੋ ਡਿਜੀਟਲ ਮਾਧਿਅਮ ਰਾਹੀਂ ਦਰਜ ਵੇਰਵਿਆਂ ਦੀ ਖੇਤਰੀ ਪੱਧਰ ’ਤੇ ਪੁਸ਼ਟੀ ਹੋ ਸਕੇ। ਸੁਪਰਵਾਈਜ਼ਰ 20 ਫ਼ੀਸਦੀ ਰਿਕਾਰਡਾਂ ਦੀ ਤਸਦੀਕ ਕਰਨਗੇ, ਜਦੋਂ ਕਿ ਚਾਰਜ ਅਧਿਕਾਰੀਆਂ ਨੂੰ ਅਜਿਹੇ ਰਿਕਾਰਡਾਂ ਦੀ ਨਿਸ਼ਾਨਦੇਹੀ ਕਰਨ ਦਾ ਅਧਿਕਾਰ ਹੋਵੇਗਾ, ਜਿਨ੍ਹਾਂ ਦੀ ਵਾਧੂ ਖੇਤਰੀ ਜਾਂਚ ਲੋੜੀਂਦੀ ਹੋਵੇ।
ਸੰਮੇਲਨ ਵਿੱਚ ਜਨਸੰਖਿਆ ਗਣਨਾ ਦੀ ਪ੍ਰਕਿਰਿਆ, ਪ੍ਰਸ਼ਨਾਵਲੀ, ਡਿਜੀਟਲ ਐਪਲੀਕੇਸ਼ਨ, ਸਵੈ-ਗਣਨਾ ਪੋਰਟਲ, ਕਾਨੂੰਨੀ ਪ੍ਰਬੰਧਾਂ ਅਤੇ ਵਿਸ਼ੇਸ਼ ਖੇਤਰਾਂ ਵਿੱਚ ਗਣਨਾ ਦੀ ਵਿਵਸਥਾ ਬਾਰੇ ਤਕਨੀਕੀ ਸੈਸ਼ਨ ਵੀ ਕਰਵਾਏ ਗਏ।
ਸੰਮੇਲਨ ਵਿੱਚ ਸੇਵਾ ਵਿਭਾਗ ਦੀ ਵਧੀਕ ਮੁੱਖ ਸਕੱਤਰ ਡਾ. ਜੀ. ਅਨੁਪਮਾ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜਯੇਂਦਰ ਕੁਮਾਰ, ਮਹਿਲਾ ਅਤੇ ਬਾਲ ਵਿਕਾਸ ਵਿਭਾਗ ਦੀ ਨਿਰਦੇਸ਼ਕ ਡਾ. ਪ੍ਰਿਅੰਕਾ ਸੋਨੀ, ਮੰਡਲ ਕਮਿਸ਼ਨਰ ਅਤੇ ਵੱਖ-ਵੱਖ ਜ਼ਿਲ੍ਹਿਆਂ ਦੇ ਕਮਿਸ਼ਨਰ ਮੌਜੂਦ ਰਹੇ।
