ਸੰਗਰੂਰ, 5 ਨਵੰਬਰ:- ਭਾਰਤੀ ਖੇਤੀ ਖੋਜ ਪ੍ਰੀਸ਼ਦ–ਖੇਤੀਬਾੜੀ ਤਕਨਾਲੋਜੀ ਅਨੁਪ੍ਰਯੋਗ ਖੋਜ ਸੰਸਥਾਨ, ਜ਼ੋਨ 1, ਲੁਧਿਆਣਾ ਅਤੇ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਸਾਂਝੇ ਯਤਨਾਂ ਸਦਕਾ ਲਗਭਗ 300 ਏਕੜ ਕਣਕ ਦੀ ਫ਼ਸਲ ਵਿੱਚ ਗ੍ਰੀਨ ਅਮੋਨੀਆ ਦੀ ਵਰਤੋਂ ਦਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ ਹੈ। ਇਸ ਪ੍ਰੋਜੈਕਟ ਤਹਿਤ ਸੰਗਰੂਰ ਜ਼ਿਲ੍ਹੇ ਵਿੱਚ 4 ਨਵੰਬਰ, 2026 ਤੱਕ 94 ਏਕੜ ਵਿੱਚ ਗ੍ਰੀਨ ਅਮੋਨੀਆ ਦੀ ਵਰਤੋਂ ਕੀਤੀ ਜਾ ਚੁੱਕੀ ਹੈ। ਇਸ ਪਹਿਲ ਦਾ ਮੁੱਖ ਉਦੇਸ਼ ਕਿਸਾਨਾਂ ਨੂੰ ਨਾਈਟ੍ਰੋਜਨ ਖਾਦਾਂ ਦੀ ਸੰਤੁਲਿਤ ਅਤੇ ਸੁਚੱਜੀ ਵਰਤੋਂ ਬਾਰੇ ਜਾਣਕਾਰੀ ਦੇਣਾ, ਮਿੱਟੀ ਦੀ ਸਿਹਤ ਦੀ ਸੰਭਾਲ ਕਰਨਾ ਅਤੇ ਖਾਦਾਂ ਦੀ ਸੰਤੁਲਿਤ ਵਰਤੋਂ ਨੂੰ ਉਤਸ਼ਾਹਿਤ ਕਰਨਾ ਹੈ।
ਇਸ ਪ੍ਰੋਜੈਕਟ ਤਹਿਤ ਸੰਗਰੂਰ ਜ਼ਿਲ੍ਹੇ ਵਿੱਚ ਲਗਭਗ 300 ਏਕੜ ਰਕਬੇ ਵਿੱਚ ਗ੍ਰੀਨ ਅਮੋਨੀਆ ਦੀ ਵਰਤੋਂ ਦਾ ਵਿਗਿਆਨਕ ਮੁਲਾਂਕਣ ਅਤੇ ਪ੍ਰਦਰਸ਼ਨ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀ ਸ਼ੁਰੂਆਤ 24 ਅਕਤੂਬਰ 2026 ਨੂੰ ਖੇਤੀਬਾੜੀ ਤਕਨਾਲੋਜੀ ਅਨੁਪ੍ਰਯੋਗ ਖੋਜ ਸੰਸਥਾਨ, ਜ਼ੋਨ 1, ਲੁਧਿਆਣਾ ਅਤੇ ਪੀ.ਏ.ਯੂ.-ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਸਾਂਝੇ ਤੌਰ 'ਤੇ ਪਿੰਡ ਬਿਜਲਪੁਰ ਤੋਂ ਕੀਤੀ ਗਈ ਸੀ। ਇਸ ਤਕਨੀਕ ਅਧੀਨ ਵਿਸ਼ੇਸ਼ ਮਸ਼ੀਨ ਰਾਹੀਂ ਗ੍ਰੀਨ ਅਮੋਨੀਆ ਨੂੰ ਜ਼ਮੀਨ ਦੀ ਸਤ੍ਹਾ ਤੋਂ ਲਗਭਗ 15 ਸੈਂਟੀਮੀਟਰ ਹੇਠਾਂ ਮਿੱਟੀ ਵਿੱਚ ਪਹੁੰਚਾਇਆ ਜਾਂਦਾ ਹੈ, ਤਾਂ ਜੋ ਨਾਈਟ੍ਰੋਜਨ ਦੀ ਪ੍ਰਭਾਵਸ਼ਾਲੀ ਵਰਤੋਂ ਯਕੀਨੀ ਬਣਾਈ ਜਾ ਸਕੇ। ਇਸ ਤਕਨੀਕ ਦੀ ਉਪਯੋਗਤਾ, ਨਾਈਟ੍ਰੋਜਨ ਉਪਲੱਬਧ ਕਰਵਾਉਣ ਦੀ ਸਮਰੱਥਾ ਅਤੇ ਫ਼ਸਲ ਦੇ ਵਾਧੇ ਤੇ ਝਾੜ ਉੱਤੇ ਇਸ ਦੇ ਪ੍ਰਭਾਵ ਦਾ ਵਿਗਿਆਨਕ ਮੁਲਾਂਕਣ ਕੀਤਾ ਜਾ ਰਿਹਾ ਹੈ।
ਇਸ ਪ੍ਰਦਰਸ਼ਨ ਮੌਕੇ ਖੇਤੀਬਾੜੀ ਤਕਨਾਲੋਜੀ ਅਨੁਪ੍ਰਯੋਗ ਖੋਜ ਸੰਸਥਾਨ, ਜ਼ੋਨ 1, ਲੁਧਿਆਣਾ ਦੇ ਨਿਰਦੇਸ਼ਕ, ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਵਿਗਿਆਨੀ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
ਖੇਤੀਬਾੜੀ ਤਕਨਾਲੋਜੀ ਅਨੁਪ੍ਰਯੋਗ ਖੋਜ ਸੰਸਥਾਨ, ਜ਼ੋਨ 1, ਲੁਧਿਆਣਾ ਦੇ ਨਿਰਦੇਸ਼ਕ ਡਾ. ਪਰਵਿੰਦਰ ਸ਼ਿਓਰਾਨ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਖੇਤੀਬਾੜੀ ਖੇਤਰ ਵਿੱਚ ਨਾਈਟ੍ਰੋਜਨ ਦੀ ਵਧਦੀ ਲੋੜ ਨੂੰ ਦੇਖਦੇ ਹੋਏ ਵਿਕਲਪਿਕ ਅਤੇ ਨਵੀਨਤਮ ਤਕਨੀਕਾਂ ਆਧਾਰਿਤ ਖਾਦ ਪ੍ਰਬੰਧਨ ਤਰੀਕਿਆਂ ਦਾ ਵਿਕਾਸ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਦੱਸਿਆ ਕਿ ਸੰਸਥਾ ਵੱਲੋਂ ਗ੍ਰੀਨ ਅਮੋਨੀਆ ਰਾਹੀਂ ਫ਼ਸਲਾਂ ਨੂੰ ਨਾਈਟ੍ਰੋਜਨ ਉਪਲੱਬਧ ਕਰਵਾਉਣ ਦੀਆਂ ਸੰਭਾਵਨਾਵਾਂ ਸਬੰਧੀ ਖੋਜ ਅਤੇ ਤਕਨੀਕੀ ਪ੍ਰਦਰਸ਼ਨ ਕੀਤੇ ਜਾ ਰਹੇ ਹਨ। ਵਿਗਿਆਨਕ ਪ੍ਰਯੋਗਾਂ ਦੇ ਸਕਾਰਾਤਮਕ ਨਤੀਜੇ ਮਿਲਣ 'ਤੇ ਇਹ ਤਕਨੀਕ ਭਵਿੱਖ ਵਿੱਚ ਯੂਰੀਆ ਉੱਤੇ ਨਿਰਭਰਤਾ ਘਟਾਉਣ ਅਤੇ ਨਾਈਟ੍ਰੋਜਨ ਪ੍ਰਬੰਧਨ ਦਾ ਪ੍ਰਭਾਵਸ਼ਾਲੀ ਵਿਕਲਪ ਮੁਹੱਈਆ ਕਰਵਾਉਣ ਵਿੱਚ ਸਹਾਇਕ ਹੋ ਸਕਦੀ ਹੈ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਦੇ ਇੰਚਾਰਜ ਡਾ. ਮਨਦੀਪ ਸਿੰਘ ਨੇ ਕਿਸਾਨਾਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਟਿਕਾਊ ਖੇਤੀ ਲਈ ਫ਼ਸਲ ਉਤਪਾਦਨ ਵਧਾਉਣ ਦੇ ਨਾਲ-ਨਾਲ ਮਿੱਟੀ ਦੀ ਸਿਹਤ ਅਤੇ ਕੁਦਰਤੀ ਸਰੋਤਾਂ ਦੀ ਸੰਭਾਲ ਵੀ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਗ੍ਰੀਨ ਅਮੋਨੀਆ ਵਰਗੀਆਂ ਨਵੀਆਂ ਤਕਨੀਕਾਂ ਦਾ ਵਿਗਿਆਨਕ ਮੁਲਾਂਕਣ ਕਿਸਾਨਾਂ ਨੂੰ ਭਵਿੱਖ ਵਿੱਚ ਨਾਈਟ੍ਰੋਜਨ ਪ੍ਰਬੰਧਨ ਦੇ ਨਵੇਂ ਵਿਕਲਪ ਉਪਲਬਧ ਕਰਵਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੈ।
ਇਸ ਮੌਕੇ ਹਾਜ਼ਰ ਵਿਗਿਆਨੀ ਡਾ. ਰੁਕਿੰਦਰਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫ਼ਸਲ ਵਿਗਿਆਨ) ਅਤੇ ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀ ਇੰਜੀਨੀਅਰਿੰਗ) ਨੇ ਕਿਸਾਨਾਂ ਨੂੰ 'ਖੇਤ ਬਚਾਓ ਮੁਹਿੰਮ' ਦੇ ਉਦੇਸ਼ਾਂ ਅਤੇ ਮਹੱਤਵ ਬਾਰੇ ਜਾਣੂ ਕਰਵਾਇਆ। ਉਨ੍ਹਾਂ ਨੇ ਮਿੱਟੀ ਦੀ ਸਿਹਤ ਦੀ ਸੰਭਾਲ, ਮਿੱਟੀ ਦੀ ਉਪਜਾਊ ਸ਼ਕਤੀ ਬਰਕਰਾਰ ਰੱਖਣ ਅਤੇ ਖਾਦਾਂ ਦੀ ਸੰਤੁਲਿਤ ਤੇ ਸੁਚੱਜੀ ਵਰਤੋਂ 'ਤੇ ਵਿਸ਼ੇਸ਼ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਗ੍ਰੀਨ ਅਮੋਨੀਆ ਦੀ ਵਿਗਿਆਨਕ ਵਿਧੀ ਨਾਲ ਵਰਤੋਂ ਨਾਈਟ੍ਰੋਜਨ ਪ੍ਰਬੰਧਨ ਦੇ ਇੱਕ ਸੰਭਾਵੀ ਵਿਕਲਪ ਵਜੋਂ ਵਿਕਸਿਤ ਹੋ ਸਕਦੀ ਹੈ ਅਤੇ ਖਾਦਾਂ ਦੀ ਪ੍ਰਭਾਵਸ਼ਾਲੀ ਵਰਤੋਂ ਰਾਹੀਂ 'ਖੇਤ ਬਚਾਓ ਮੁਹਿੰਮ' ਦੇ ਉਦੇਸ਼ਾਂ ਨੂੰ ਪ੍ਰਾਪਤ ਕਰਨ ਵਿੱਚ ਵੀ ਸਹਾਇਕ ਸਿੱਧ ਹੋ ਸਕਦੀ ਹੈ।
ਇਹ ਪਹਿਲਕਦਮੀ ਖੇਤੀਬਾੜੀ ਵਿੱਚ ਗ੍ਰੀਨ ਅਮੋਨੀਆ ਦੀ ਯੂਰੀਆ ਦੇ ਸੰਭਾਵੀ ਬਦਲ ਵਜੋਂ ਵਰਤੋਂ, ਨਾਈਟ੍ਰੋਜਨ ਖਾਦਾਂ ਦੀ ਸੁਚੱਜੀ ਵਰਤੋਂ ਅਤੇ ਮਿੱਟੀ ਦੀ ਸਿਹਤ ਨੂੰ ਬਰਕਰਾਰ ਰੱਖਣ ਵੱਲ ਇੱਕ ਮਹੱਤਵਪੂਰਨ ਕਦਮ ਸਾਬਤ ਹੋ ਸਕਦੀ ਹੈ।
