ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਪਿੰਡ ਬਜਵਾੜਾ ਕਲਾਂ ਵਿਖੇ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ, ਛਾਉਣੀ ਨਿਹੰਗ ਸਿੰਘਾਂ ਦੇ ਅਸਥਾਨ ਵਿਖੇ ਸਮੂਹ ਨਗਰ ਨਿਵਾਸੀਆਂ, ਐੱਨ.ਆਰ.ਆਈ. ਵੀਰਾਂ ਅਤੇ ਇਲਾਕੇ ਦੀ ਸੰਗਤ ਦੇ ਸਹਿਯੋਗ ਨਾਲ ਮਹਾਨ ਗੁਰਮਤਿ ਸਮਾਗਮ ਸ਼ਰਧਾ ਭਾਵਨਾ ਨਾਲ ਕਰਵਾਇਆ ਗਿਆ। ਇਹ ਸਮਾਗਮ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗੱਦੀ ਦਿਵਸ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਦਿਵਸ ਅਤੇ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੀ। ਇਹ ਸਮਾਗਮ ਜਥੇਬੰਦੀ ਦੇ ਮੁੱਖ ਸੇਵਾਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ, ਮੁਖੀ ਸਾਹਿਬਜ਼ਾਦਾ ਬਾਬਾ ਫਤਹਿ ਸਿੰਘ ਜੀ ਛਾਉਣੀ ਨਿਹੰਗ ਸਿੰਘਾਂ ਤਰਨਾ ਦਲ, ਬਜਵਾੜਾ ਕਲਾਂ ਦੀ ਅਗਵਾਈ ਹੇਠ ਕਰਵਾਇਆ ਗਿਆ।
ਇਸ ਮੌਕੇ ਸੇਵਾਦਾਰ ਰਾਜਵੀਰ ਸਿੰਘ ਹੁਸ਼ਿਆਰਪੁਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਮਾਗਮ ਦੌਰਾਨ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਦੀਵਾਨ ਸਜਾਏ ਗਏ, ਜਿਸ ਦੌਰਾਨ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ, ਤਰਨਾ ਦਲ ਬਜਵਾੜਾ ਕਲਾਂ, ਭਾਈ ਨਰੇਸ਼ ਸਿੰਘ ਮੁੱਖ ਗ੍ਰੰਥੀ ਬਜਵਾੜਾ ਕਲਾਂ, ਭਾਈ ਅਵਤਾਰ ਸਿੰਘ ਕੀਰਤਨੀ ਜਥਾ, ਭਾਈ ਸਿਮਰਨਜੀਤ ਸਿੰਘ ਅਤੇ ਭਾਈ ਬਲਜੋਤ ਸਿੰਘ ਕਵੀਸ਼ਰ ਜਥਾ ਚੱਬੇਵਾਲ ਆਦਿ ਨੇ ਗੁਰਬਾਣੀ, ਗੁਰ-ਇਤਿਹਾਸ, ਕਥਾ, ਕੀਰਤਨ ਅਤੇ ਢਾਡੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਇਸ ਮੌਕੇ ਸਿੰਘ ਸਾਹਿਬ ਜਥੇਦਾਰ ਬਾਬਾ ਗੁਰਦੇਵ ਸਿੰਘ ਜੀ, ਤਰਨਾ ਦਲ ਬਜਵਾੜਾ ਕਲਾਂ ਵੱਲੋਂ ਆਏ ਹੋਏ ਰਾਗੀ ਜਥਿਆਂ, ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸਹਿਯੋਗੀਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਮਾਨ ਸਿੰਘ ਬੱਬੀ, ਰਾਜਵੀਰ ਸਿੰਘ ਹੁਸ਼ਿਆਰਪੁਰ, ਰਾਜੂ ਸਿੰਘ, ਗੁਰਪਾਲ ਸਿੰਘ, ਪ੍ਰਭਜੋਤ ਸਿੰਘ, ਸੁਰਜੀਤ ਸਿੰਘ ਢੱਕੋਵਾਲ, ਬਲਦੇਵ ਸਿੰਘ ਅਜੜਾਮ, ਜੋਗਾ ਸਿੰਘ, ਜਗਦੀਪ ਸਿੰਘ ਅਤੇ ਗੁਰਪਾਲ ਸਿੰਘ ਆਦਿ ਹਾਜ਼ਰ ਸਨ।
ਸਮਾਗਮ ਦੌਰਾਨ ਗੁਰੂ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
