ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਪੰਜਾਬ ਭਾਜਪਾ ਚੋਣ ਮਨੋਰਥ ਪੱਤਰ ਕਮੇਟੀ ਦੇ ਚੇਅਰਮੈਨ, ਸਾਬਕਾ ਸੰਸਦ ਮੈਂਬਰ ਅਤੇ ਸਾਬਕਾ ਭਾਜਪਾ ਸੂਬਾ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਾ ਬਣ ਸਕਣ ਦੀ ਨਿਰਾਸ਼ਾ ਵਿੱਚ ਰਾਹੁਲ ਗਾਂਧੀ ਬੇਤੁਕੇ ਬਿਆਨ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਲੋਕਤੰਤਰ ਦੀਆਂ ਜੜ੍ਹਾਂ ਇੰਨੀਆਂ ਡੂੰਘੀਆਂ ਅਤੇ ਮਜ਼ਬੂਤ ਹਨ ਕਿ ਕਿਸੇ ਦੇ ਸਿਆਸੀ ਬਿਆਨਾਂ ਨਾਲ ਨਾ ਤਾਂ ਲੋਕਤੰਤਰ ਕਮਜ਼ੋਰ ਹੋ ਸਕਦਾ ਹੈ ਅਤੇ ਨਾ ਹੀ ਸਰਕਾਰਾਂ ਬਦਲ ਸਕਦੀਆਂ ਹਨ।
ਖੰਨਾ ਨੇ ਕਿਹਾ ਕਿ ਰਾਹੁਲ ਗਾਂਧੀ ਲਗਾਤਾਰ ਭਾਰਤ ਵਿੱਚ ਲੋਕਤੰਤਰ ਖ਼ਤਮ ਹੋਣ ਦੀ ਗੱਲ ਕਰਦੇ ਹਨ, ਪਰ ਉਨ੍ਹਾਂ ਨੂੰ ਇਹ ਵੀ ਸਮਝਣਾ ਚਾਹੀਦਾ ਹੈ ਕਿ ਜੇਕਰ ਦੇਸ਼ ਵਿੱਚ ਲੋਕਤੰਤਰ ਖ਼ਤਮ ਹੋ ਗਿਆ ਹੁੰਦਾ ਤਾਂ ਕਾਂਗਰਸ ਅੱਜ ਵੱਖ-ਵੱਖ ਸੂਬਿਆਂ ਵਿੱਚ ਚੋਣਾਂ ਜਿੱਤ ਕੇ ਸਰਕਾਰਾਂ ਬਣਾਉਣ ਅਤੇ ਸੱਤਾ ਵਿੱਚ ਭਾਈਵਾਲ ਬਣਨ ਦੀ ਸਥਿਤੀ ਵਿੱਚ ਨਾ ਹੁੰਦੀ। ਤੇਲੰਗਾਨਾ, ਕਰਨਾਟਕ, ਕੇਰਲ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀਆਂ ਸਰਕਾਰਾਂ ਬਣਨਾ ਅਤੇ ਹੋਰ ਸੂਬਿਆਂ ਵਿੱਚ ਗੱਠਜੋੜ ਸਰਕਾਰਾਂ ਦਾ ਹਿੱਸਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਭਾਰਤੀ ਲੋਕਤੰਤਰ ਪੂਰੀ ਮਜ਼ਬੂਤੀ ਨਾਲ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰ ਭਾਰਤ ਦੇ ਜੀਵਨ, ਸੱਭਿਅਤਾ, ਸੰਸਕਾਰਾਂ, ਪਰੰਪਰਾਵਾਂ, ਸੋਚ-ਵਿਚਾਰ ਅਤੇ ਵਿਹਾਰ ਵਿੱਚ ਡੂੰਘਾਈ ਨਾਲ ਵੱਸਿਆ ਹੋਇਆ ਹੈ। ਭਾਰਤ ਵਿੱਚ ਲੋਕਤੰਤਰ ਸਦੀਆਂ ਤੋਂ ਜੀਵੰਤ ਹੈ ਅਤੇ ਸੰਵਿਧਾਨ ਦੀ ਮਜ਼ਬੂਤ ਵਿਵਸਥਾ ਦੇ ਆਧਾਰ ’ਤੇ ਅੱਗੇ ਵੀ ਕਾਇਮ ਰਹੇਗਾ।
ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਵੋਟ ਚੋਰੀ ਵਰਗੇ ਮੁੱਦਿਆਂ ਨੂੰ ਸਿਆਸੀ ਹਥਿਆਰ ਵਜੋਂ ਵਰਤਣਾ ਉਸ ਦੀ ਸਿਆਸੀ ਰਣਨੀਤੀ ਹੋ ਸਕਦੀ ਹੈ, ਪਰ ਇਸ ਨਾਲ ਦੇਸ਼ ਦੀ ਲੋਕਤੰਤਰੀ ਵਿਵਸਥਾ ਦੀ ਮਜ਼ਬੂਤੀ ’ਤੇ ਸਵਾਲ ਨਹੀਂ ਉਠਾਇਆ ਜਾ ਸਕਦਾ। ਖੰਨਾ ਨੇ ਕਿਹਾ ਕਿ ਭਾਰਤ ਦਾ ਲੋਕਤੰਤਰ ਅਤੇ ਸੰਵਿਧਾਨ ਹਰ ਨਾਗਰਿਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਦਿੰਦੇ ਹਨ, ਪਰ ਕਿਸੇ ਵਿਦੇਸ਼ੀ ਵਿਅਕਤੀ ਵੱਲੋਂ ਭਾਰਤ ਦੀ ਲੋਕਤੰਤਰੀ ਵਿਵਸਥਾ ਵਿਰੁੱਧ 'ਵੋਟ ਚੋਰ, ਗੱਦੀ ਛੱਡ' ਵਰਗੇ ਨਾਅਰੇ ਲਗਾਉਣਾ ਬੇਹੱਦ ਸ਼ਰਮਨਾਕ ਅਤੇ ਬੇਬੁਨਿਆਦ ਹੈ। ਉਸ ਵਿਦੇਸ਼ੀ ਆਗੂ ਦੀ ਸਿਆਸੀ ਪਛਾਣ ਅਤੇ ਕੱਦ ਭਾਵੇਂ ਜੋ ਵੀ ਹੋਵੇ, ਪਰ ਉਸ ਦਾ ਬਿਆਨ ਅਤੇ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੱਲੋਂ ਅਜਿਹੇ ਵਿਹਾਰ ਦਾ ਸਮਰਥਨ ਕਰਨਾ, ਦੋਵੇਂ ਹੀ ਗੰਭੀਰ ਚਿੰਤਾ ਦਾ ਵਿਸ਼ਾ ਹਨ।
ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਲੰਬੇ ਸਮੇਂ ਤੋਂ ਲੋਕ ਸਭਾ ਦੇ ਮੈਂਬਰ ਹਨ, ਇਸ ਲਈ ਉਨ੍ਹਾਂ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਨ੍ਹਾਂ ਦੇ ਵਿਹਾਰ ਅਤੇ ਬਿਆਨਾਂ ਵਿੱਚ ਵਧੇਰੇ ਗੰਭੀਰਤਾ, ਪਰਿਪੱਕਤਾ ਅਤੇ ਜ਼ਿੰਮੇਵਾਰੀ ਦਿਖਾਈ ਦੇਵੇ, ਜੋ ਉਨ੍ਹਾਂ ਦੇ ਬਿਆਨਾਂ ਵਿੱਚ ਨਜ਼ਰ ਨਹੀਂ ਆਉਂਦੀ। ਖੰਨਾ ਨੇ ਕਿਹਾ ਕਿ ਸਰਕਾਰਾਂ ਬਿਆਨਾਂ, ਦੋਸ਼ਾਂ ਅਤੇ ਨਾਅਰਿਆਂ ਨਾਲ ਨਹੀਂ, ਸਗੋਂ ਲੋਕਾਂ ਦੇ ਫਤਵੇ ਨਾਲ ਬਦਲਦੀਆਂ ਹਨ। ਲੋਕਤੰਤਰ ਵਿੱਚ ਜਿੱਤ-ਹਾਰ ਦਾ ਫੈਸਲਾ ਸਿਆਸੀ ਮੈਦਾਨ ਵਿੱਚ ਰੌਲਾ ਪਾਉਣ ਨਾਲ ਨਹੀਂ, ਬਲਕਿ ਲੋਕਾਂ ਦਾ ਭਰੋਸਾ ਜਿੱਤਣ ਨਾਲ ਹੁੰਦਾ ਹੈ।
