ਪਟਿਆਲਾ, 5 ਅਕਤੂਬਰ (ਮਨਪ੍ਰੀਤ ਸਿੰਘ):- ਗੈਸ ਏਜੰਸੀ ਵਰਕਰ ਯੂਨੀਅਨ ਇਫਟੂ ਜ਼ਿਲ੍ਹਾ ਪਟਿਆਲਾ ਵੱਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਦੀ ਪ੍ਰਾਪਤੀ ਤੱਕ ਸੁਰਿੰਦਰਾ ਗੈਸ ਸਰਵਿਸ ਦੇ ਖਿਲਾਫ਼ ਸੰਘਰਸ਼ ਜਾਰੀ ਰੱਖਿਆ ਜਾਵੇਗਾ। ਅੱਜ 5 ਅਕਤੂਬਰ 2026 ਨੂੰ ਪ੍ਰੈਸ ਦੇ ਨਾਮ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਬਲਜਿੰਦਰ ਸਿੰਘ ਲੱਖੋਮਾਜਰਾ ਨੇ ਕਿਹਾ ਕਿ ਸੁਰਿੰਦਰਾ ਗੈਸ ਸਰਵਿਸ ਦੇ ਮਾਲਕ ਵੱਲੋਂ ਏਜੰਸੀ ਵਿੱਚ ਪਿਛਲੇ 20 ਸਾਲਾਂ ਤੋਂ ਕੰਮ ਕਰ ਰਹੇ ਵਰਕਰਾਂ ਨੂੰ ਪਿਛਲੇ 10 ਮਹੀਨਿਆਂ ਤੋਂ ਤਨਖਾਹ ਨਹੀਂ ਦਿੱਤੀ ਜਾ ਰਹੀ।
ਉਨ੍ਹਾਂ ਕਿਹਾ ਕਿ ਜਦੋਂ ਸੁਰਿੰਦਰਾ ਗੈਸ ਸਰਵਿਸ ਦੇ ਵਰਕਰ ਇਕੱਠੇ ਹੋ ਕੇ ਤਨਖਾਹ ਦੀ ਮੰਗ ਕਰਨ ਲੱਗੇ ਤਾਂ ਮਾਲਕ ਵੱਲੋਂ ਵਰਕਰਾਂ ਨੂੰ ਧੱਕੇ ਨਾਲ ਬਿਨਾਂ ਕੋਈ ਨੋਟਿਸ ਦਿੱਤੇ ਕੰਮ ਤੋਂ ਕੱਢ ਦਿੱਤਾ ਗਿਆ। ਜਿਸ ਦੇ ਮੱਦੇਨਜ਼ਰ ਜਥੇਬੰਦੀ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਿਆ।
ਉਨ੍ਹਾਂ ਕਿਹਾ ਕਿ 29 ਸਤੰਬਰ 2026 ਤੋਂ ਲਗਾਤਾਰ ਜਥੇਬੰਦੀ ਦੇ ਝੰਡੇ ਹੇਠ ਵੱਖ-ਵੱਖ ਗੈਸ ਏਜੰਸੀਆਂ ਤੋਂ ਵਰਕਰ ਇਕੱਠੇ ਹੋ ਕੇ ਰੋਸ ਰੈਲੀਆਂ ਕਰਨ ਲਈ ਮਜਬੂਰ ਹਨ।
ਜਨਰਲ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਕਿ ਜੇਕਰ ਕੱਢੇ ਗਏ ਵਰਕਰਾਂ ਦੀ ਤਨਖਾਹ ਨਾ ਦਿੱਤੀ ਗਈ ਅਤੇ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਨੌਕਰੀ ’ਤੇ ਬਹਾਲ ਨਾ ਕੀਤਾ ਗਿਆ ਤਾਂ ਜਥੇਬੰਦੀ ਹੋਰ ਜਨਤਕ ਜਥੇਬੰਦੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਨਾਲ ਮਿਲ ਕੇ ਤਿੱਖਾ ਸੰਘਰਸ਼ ਕਰਨ ਲਈ ਮਜਬੂਰ ਹੋਵੇਗੀ। ਇਸ ਦੀ ਸਾਰੀ ਜ਼ਿੰਮੇਵਾਰੀ ਸੁਰਿੰਦਰਾ ਗੈਸ ਸਰਵਿਸ ਦੇ ਮਾਲਕ ਦੀ ਹੋਵੇਗੀ।
ਅੱਜ ਦੀ ਰੋਸ ਰੈਲੀ ਵਿੱਚ ਜ਼ਿਲ੍ਹੇ ਦੇ ਸੀਨੀਅਰ ਮੀਤ ਪ੍ਰਧਾਨ ਸਤਪਾਲ ਸਿੰਘ ਸੁਨਿਆਰਹੇੜੀ ਅਤੇ ਵਿੱਤ ਸਕੱਤਰ ਅਵਤਾਰ ਸਿੰਘ ਦੇ ਨਾਲ-ਨਾਲ ਵੱਖ-ਵੱਖ ਏਜੰਸੀਆਂ ਦੇ ਪ੍ਰਧਾਨ ਸਤਿਗੁਰ ਸਿੰਘ ਨਾਭਾ, ਰਘਬੀਰ ਸਿੰਘ ਨਾਭਾ, ਜਰਨੈਲ ਸਿੰਘ, ਕੇਸਰ ਸਿੰਘ, ਜਸਵਿੰਦਰ ਸਿੰਘ ਜੱਸੀ, ਜਸਬੀਰ ਸਿੰਘ, ਧੀਰਜ ਕੁਮਾਰ ਅਤੇ ਮਨਜੀਤ ਸਿੰਘ ਸਮੇਤ ਹੋਰ ਸਾਥੀ ਹਾਜ਼ਰ ਸਨ।
