ਪਟਿਆਲਾ (ਮਨਪ੍ਰੀਤ ਸਿੰਘ):- ਸੁਧਾਰ ਸਭਾ ਅਤੇ ਸ਼ਰਧਾਲੂਆਂ ਦੇ ਸਹਿਯੋਗ ਨਾਲ ਪ੍ਰਾਚੀਨ ਸ੍ਰੀ ਕੇਦਾਰ ਨਾਥ ਜੀ ਮੰਦਰ ਦੇ ਸਾਹਮਣੇ ਚੌਥਾ ਵਿਸ਼ਾਲ ਦੁਸਹਿਰਾ ਮੇਲਾ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ ਗਿਆ।

ਸ਼ਾਮ 7:00 ਵਜੇ ਸੰਸਥਾਪਕ ਸਤਨਾਮ ਹਸੀਜਾ ਦੇ ਪਰਿਵਾਰ ਦੀ ਬੇਨਤੀ 'ਤੇ ਪੰਡਿਤ ਜੀ ਨੇ ਹਨੂੰਮਾਨ ਜੀ ਦੀ ਪੂਜਾ ਕਰਵਾਈ। ਬਦਾਣੇ ਅਤੇ ਕੁਲਚੇ-ਛੋਲਿਆਂ ਦਾ ਭੋਗ ਲਗਾਇਆ ਗਿਆ ਅਤੇ ਜੈ ਸ੍ਰੀ ਰਾਮ ਤੇ ਹਨੂੰਮਾਨ ਚਾਲੀਸਾ ਦਾ ਪਾਠ ਕੀਤਾ ਗਿਆ। ਸੰਗਤਾਂ ਦੀ ਭਾਰੀ ਇਕੱਤਰਤਾ ਦੌਰਾਨ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਪ੍ਰਸ਼ਾਦ ਵਰਤਾਇਆ ਗਿਆ। ਇਸ ਤੋਂ ਪਹਿਲਾਂ ਸ਼ਾਮ 6:00 ਵਜੇ ਐਲਈਡੀ ਸਕ੍ਰੀਨ ਰਾਹੀਂ ਰਮਾਇਣ ਦਾ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ।

ਇਸ ਮੌਕੇ 51 ਫੁੱਟ ਉੱਚਾ ਰਾਵਣ ਦਾ ਪੁਤਲਾ ਤਿਆਰ ਕੀਤਾ ਗਿਆ। ਸੁਧਾਰ ਸਭਾ ਵੱਲੋਂ ਜਿਸ ਕਾਰੀਗਰ ਨੂੰ ਰਾਵਣ ਦਾ ਪੁਤਲਾ ਬਣਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ, ਉਸ ਨੇ ਆਖ਼ਰੀ ਸਮੇਂ 'ਤੇ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਭੋਲੇ ਬਾਬਾ ਦੀ ਕਿਰਪਾ ਨਾਲ ਵਾਈਸ ਚੇਅਰਮੈਨ ਹਰੀ ਸਿੰਘ ਚੌਹਾਨ, ਜਨਰਲ ਸਕੱਤਰ ਸੁਰਿੰਦਰ ਪਾਠਕ, ਕੇਦਾਰ ਨਾਥ ਗੋਇਲ, ਇਕਬਾਲ ਸਿੰਘ ਸ਼ੰਟੀ, ਦਿਲੇਰ ਸੈਣੀ ਅਤੇ ਚਾਰ-ਪੰਜ ਹੋਰ ਸ਼ਿਵ ਭਗਤਾਂ ਨੇ ਮਿਲ ਕੇ ਇੱਕ ਹਫ਼ਤੇ ਵਿੱਚ ਰਾਵਣ ਦਾ ਪੁਤਲਾ ਤਿਆਰ ਕੀਤਾ। ਇਹ ਕੰਮ ਭੋਲੇ ਬਾਬਾ ਦੀ ਕਿਰਪਾ ਨਾਲ ਸੰਭਵ ਹੋਇਆ, ਕਿਉਂਕਿ ਇਨ੍ਹਾਂ ਵਿੱਚੋਂ ਕਿਸੇ ਵੀ ਭਗਤ ਨੇ ਪਹਿਲਾਂ ਕਦੇ ਰਾਵਣ ਜਾਂ ਇਸ ਤਰ੍ਹਾਂ ਦਾ ਕੋਈ ਪੁਤਲਾ ਨਹੀਂ ਬਣਾਇਆ ਸੀ।

ਇਸ ਮੌਕੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ, ਮੇਅਰ ਕੁੰਦਨ ਗੋਗੀਆ, ਯੋਜਨਾ ਬੋਰਡ ਦੇ ਚੇਅਰਮੈਨ ਤਜਿੰਦਰ ਮਹਿਤਾ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਹਰਪਾਲ ਵਿਰਕ, ਰਣਜੀਤ ਸਿੰਘ ਚੰਡੋਕ, ਅਮਨ ਬਾਂਸਲ ਅਤੇ ਟੀਮ ਦੇ ਹੋਰ ਮੈਂਬਰ ਪਹੁੰਚੇ। ਸੁਧਾਰ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਅਤੇ ਸਨਮਾਨਿਤ ਕੀਤਾ ਗਿਆ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਆਪਣੀ ਟੀਮ ਨਾਲ ਰਾਵਣ ਦਹਿਨ ਦੀ ਰਸਮ ਨਿਭਾਈ ਅਤੇ ਸਾਰਿਆਂ ਨੂੰ ਦੁਸਹਿਰੇ ਦੀ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਭਾਈ ਜੱਸਾ ਸਿੰਘ ਗੁਰਦੁਆਰੇ ਨੂੰ ਜਾਣ ਵਾਲੀ ਸੜਕ ਦਾ ਨਿਰਮਾਣ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਕਾਲੋਨੀ ਨਿਵਾਸੀਆਂ ਲਈ ਇੱਕ ਕਮਿਊਨਿਟੀ ਹਾਲ ਬਣਾਇਆ ਗਿਆ ਹੈ, ਜਿੱਥੇ ਲੋਕ ਸੁੱਖ-ਦੁੱਖ ਦੇ ਮੌਕਿਆਂ 'ਤੇ ਕਿਫ਼ਾਇਤੀ ਦਰਾਂ 'ਤੇ ਇਕੱਠੇ ਹੋ ਸਕਣਗੇ।

ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸੁਧਾਰ ਸਭਾ ਦੇ ਕੰਮਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਦੇ ਮੈਂਬਰ ਬਹੁਤ ਮਿਹਨਤੀ ਹਨ। ਇਸ ਮੰਦਰ ਵਿੱਚ ਹਰ ਸਮੇਂ ਪ੍ਰਸ਼ਾਦ ਅਤੇ ਲੰਗਰ ਦੀ ਸੇਵਾ ਚੱਲਦੀ ਰਹਿੰਦੀ ਹੈ। ਮੇਲੇ ਦੌਰਾਨ ਕਾਲੋਨੀ ਨਿਵਾਸੀਆਂ ਦੇ ਨਾਲ-ਨਾਲ ਸ਼ਹਿਰ ਦੇ ਲੋਕਾਂ ਦੀ ਵੀ ਭਾਰੀ ਇਕੱਤਰਤਾ ਦੇਖਣ ਨੂੰ ਮਿਲੀ।