ਗੜ੍ਹਸ਼ੰਕਰ- ਜੀ.ਐੱਨ.ਏ. ਯੂਨੀਵਰਸਿਟੀ ਫਗਵਾੜਾ ਵਿਖੇ ਹੋਏ ਨੌਰਥ ਜੋਨ ਇੰਟਰ ’ਵਰਸਿਟੀ ਫੁੱਟਬਾਲ ਮੁਕਾਬਲਿਆਂ ’ਚ 4 ਯੂਨੀਵਰਸਿਟੀ ਟੀਮਾਂ ਨੂੰ ਹਰਾਕੇ ਚੈਂਪੀਅਨ ਬਣੀ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਟੀਮ ਵਿਚ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਦੇ 4 ਖਿਡਾਰੀਆਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਟੀਮ ਦੇ ਚੈਂਪੀਅਨ ਬਣਨ ਵਿਚ ਯੋਗਦਾਨ ਪਾਇਆ ਹੈ।
ਇਨ੍ਹਾਂ ਫੁੱਟਬਾਲ ਮੁਕਾਬਲਿਆਂ ਵਿਚ ਕਾਲਜ ਦੇ ਫੁੱਟਬਾਲ ਕੋਚ ਹਰਦੀਪ ਸਿੰਘ ਗਿੱਲ ਵਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਟੀਮ ਮੈਨੇਜਰ ਵਜੋਂ ਜ਼ਿੰਮੇਵਾਰੀ ਨਿਭਾਈ ਗਈ। ਕੋਚ ਹਰਦੀਪ ਸਿੰਘ ਗਿੱਲ ਨੇ ਦੱਸਿਆ ਕਿ ਕਾਲਜ ਦੇ 4 ਫੁੱਟਬਾਲ ਖਿਡਾਰੀਆਂ ਰਵਿੰਦਰ ਸਿੰਘ, ਹਰਪ੍ਰੀਤ ਸਿੰਘ, ਕਮਲਦੀਪ ਅਤੇ ਹਰ ਕਮਲ ਸਿੰਘ ਬਡਿਆਲ ਨੇ ਫੁੱਟਬਾਲ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟੀਮ ਨੂੰ ਜਿੱਤ ਦਿਵਾਈ ਹੈ।
ਉਨ੍ਹਾਂ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੀ ਫੁੱਟਬਾਲ ਟੀਮ ਨੇ ਇਨ੍ਹਾਂ ਮੁਕਾਬਲਿਆਂ ’ਚ ਨਾਕ ਆਊਟ ਮੈਚ ਵਿਚ ਸ਼ਿਮਲਾ ਯੂਨੀਵਰਸਿਟੀ ਦੀ ਟੀਮ ਨੂੰ ਹਰਾਉਣ ਤੋਂ ਬਾਅਦ ਪੰਜਾਬੀ ਯੂਨੀਵਰਸਿਟੀ ਪਟਿਆਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਜੀ.ਐੱਨ.ਏ. ਯੂਨੀਵਰਸਿਟੀ ਫਗਵਾੜਾ ਦੀਆਂ ਟੀਮਾਂ ਨੂੰ ਹਰਾਕੇ ਚੈਂਪੀਅਨ ਬਣਨ ਦਾ ਮਾਣ ਹਾਸਿਲ ਕੀਤਾ ਹੈ।
ਕਾਲਜ ਪਿ੍ਰੰਸੀਪਲ ਡਾ. ਅਮਨਦੀਪ ਹੀਰਾ ਨੇ ਇਸ ਸ਼ਾਨਦਾਰ ਪ੍ਰਾਪਤੀ ਲਈ ਸਮੁੱਚੀ ਟੀਮ, ਯੂਨੀਵਰਸਿਟੀ ਦੇ ਫੁੱਟਬਾਲ ਕੋਚ ਭੁਪਿੰਦਰ ਸਿੰਘ, ਕਾਲਜ ਦੇ ਫੁੱਟਬਾਲ ਕੋਚ ਤੇ ਟੀਮ ਮੈਨੇਜਰ ਹਰਦੀਪ ਸਿੰਘ ਗਿੱਲ ਅਤੇ ਖਿਡਾਰੀਆਂ ਨੂੰ ਵਧਾਈ ਦਿੱਤੀ ਤੇ ਭਵਿੱਖ ਵਿਚ ਹੋਰ ਮੱਲਾਂ ਮਾਰਨ ਲਈ ਪ੍ਰੇਰਿਤ ਕੀਤਾ।
ਇੰਟਰ ’ਵਰਸਿਟੀ ਫੁੱਟਬਾਲ ਮੁਕਾਬਲਿਆਂ ’ਚ ਚੈਂਪੀਅਨ ਬਣੀ ਪੰਜਾਬ ਯੂਨੀਵਰਸਿਟੀ ਦੀ ਟੀਮ ’ਚ ਖਾਲਸਾ ਕਾਲਜ ਦੇ 4 ਫੁੱਟਬਾਲ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ
