ਜੰਮੂ (ਜੰਮੂ-ਕਸ਼ਮੀਰ):- ਜੰਮੂ ਰੇਲਵੇ ਸਟੇਸ਼ਨ ਨੇੜੇ ਸਥਿਤ ਸ਼ਿਵ ਮਾਰਕੀਟ, ਜੋ ਕਦੇ ਕਾਰੋਬਾਰੀ ਰੌਣਕ ਨਾਲ ਭਰੀ ਰਹਿੰਦੀ ਸੀ, ਸੋਮਵਾਰ ਸਵੇਰੇ ਤਬਾਹੀ ਦਾ ਮੰਜ਼ਰ ਪੇਸ਼ ਕਰ ਰਹੀ ਸੀ। ਲਗਭਗ ਚਾਰ ਦਹਾਕੇ ਪੁਰਾਣੇ ਇਸ ਬਾਜ਼ਾਰ ਦਾ ਵੱਡਾ ਹਿੱਸਾ ਸੜ ਕੇ ਸੁਆਹ ਹੋ ਚੁੱਕਾ ਸੀ। ਬਾਜ਼ਾਰ ਦੀਆਂ ਕਰੀਬ 40 ਦੁਕਾਨਾਂ ਅੱਗ ਦੀ ਲਪੇਟ ਵਿੱਚ ਆ ਕੇ ਸੜ ਗਈਆਂ। ਜਿੱਥੇ ਇੱਕ ਦਿਨ ਪਹਿਲਾਂ ਤੱਕ ਕਾਰੋਬਾਰ ਦੀ ਰੌਣਕ ਸੀ, ਉੱਥੇ ਹੁਣ ਸੜੇ ਹੋਏ ਢਾਂਚੇ ਅਤੇ ਮਲਬੇ ਦੇ ਢੇਰ ਨਜ਼ਰ ਆ ਰਹੇ ਸਨ।
ਹਵਾ ਵਿੱਚ ਸੜੇ ਹੋਏ ਸਾਮਾਨ ਦੀ ਤੇਜ਼ ਬਦਬੂ ਫੈਲੀ ਹੋਈ ਸੀ। ਦੁਕਾਨਦਾਰ ਮਲਬੇ ਵਿੱਚ ਆਪਣਾ ਸਾਮਾਨ ਲੱਭ ਰਹੇ ਸਨ ਅਤੇ ਨੁਕਸਾਨ ਦਾ ਅੰਦਾਜ਼ਾ ਲਗਾਉਣ ਦੇ ਨਾਲ-ਨਾਲ ਜੋ ਕੁਝ ਬਚਿਆ ਸੀ, ਉਸ ਨੂੰ ਕੱਢਣ ਦੀ ਕੋਸ਼ਿਸ਼ ਕਰ ਰਹੇ ਸਨ। ਕਈ ਕਾਰੋਬਾਰੀਆਂ ਲਈ ਤਬਾਹੀ ਦੇ ਇਸ ਮੰਜ਼ਰ ’ਤੇ ਯਕੀਨ ਕਰਨਾ ਮੁਸ਼ਕਲ ਸੀ। ਸੁੱਕੇ ਮੇਵੇ, ਕੰਬਲ, ਸ਼ਾਲਾਂ, ਕੱਪੜੇ ਅਤੇ ਰੈਡੀਮੇਡ ਕੱਪੜੇ ਵੇਚਣ ਵਾਲੀਆਂ ਕਰੀਬ 40 ਦੁਕਾਨਾਂ ਅੱਗ ਵਿੱਚ ਸੜ ਕੇ ਸੁਆਹ ਹੋ ਗਈਆਂ। ਉੱਥੇ ਰਾਖ ਅਤੇ ਨੁਕਸਾਨੇ ਢਾਂਚਿਆਂ ਤੋਂ ਇਲਾਵਾ ਕੁਝ ਖਾਸ ਨਹੀਂ ਬਚਿਆ ਸੀ।
ਐਤਵਾਰ ਦੇਰ ਰਾਤ ਲੱਗੀ ਅੱਗ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਤੇਜ਼ੀ ਨਾਲ ਫੈਲ ਗਈ। ਹਵਾ ਚੱਲਣ ਕਾਰਨ ਅੱਗ ਨੇ ਹੋਰ ਭਿਆਨਕ ਰੂਪ ਧਾਰਨ ਕਰ ਲਿਆ। ਅੰਦਾਜ਼ਾ ਹੈ ਕਿ ਇਸ ਅਗਨੀਕਾਂਡ ਕਾਰਨ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਇੱਕ ਦੁਕਾਨਦਾਰ ਅਸ਼ੋਕ ਕੁਮਾਰ ਨੇ ਪੀਟੀਆਈ ਨੂੰ ਦੱਸਿਆ, “ਅਸੀਂ ਸਾਲਾਂ ਦੀ ਮਿਹਨਤ ਨਾਲ ਆਪਣਾ ਕਾਰੋਬਾਰ ਖੜ੍ਹਾ ਕੀਤਾ ਸੀ, ਪਰ ਇੱਕ ਹੀ ਰਾਤ ਵਿੱਚ ਸਭ ਕੁਝ ਸੁਆਹ ਹੋ ਗਿਆ। ਸਾਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਕਿੱਥੋਂ ਸ਼ੁਰੂਆਤ ਕਰੀਏ ਅਤੇ ਇਸ ਨੁਕਸਾਨ ਦੀ ਭਰਪਾਈ ਕਿਵੇਂ ਕਰਾਂਗੇ।” ਬਾਜ਼ਾਰ ਵਿੱਚ ਕਰੀਬ ਦੋ ਦਹਾਕਿਆਂ ਤੋਂ ਕੰਮ ਕਰ ਰਹੇ ਅਸ਼ੋਕ ਕੁਮਾਰ ਨੇ ਕਿਹਾ ਕਿ ਇਸ ਤਬਾਹੀ ਨਾਲ ਸੈਂਕੜੇ ਲੋਕਾਂ ਦੀ ਰੋਜ਼ੀ-ਰੋਟੀ ’ਤੇ ਸੰਕਟ ਖੜ੍ਹਾ ਹੋ ਗਿਆ ਹੈ। ਇੱਥੋਂ ਦੇ ਕਾਰੋਬਾਰ ਨਾਲ ਕਰੀਬ 300 ਕਰਮਚਾਰੀ ਜੁੜੇ ਹੋਏ ਹਨ ਅਤੇ ਇਸ ਅੱਗ ਦਾ ਖਮਿਆਜ਼ਾ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਭੁਗਤਣਾ ਪਵੇਗਾ।
ਇੱਕ ਹੋਰ ਕਾਰੋਬਾਰੀ ਮੋਹਨ ਨੇ ਕਿਹਾ, “ਅੱਗ ਇੰਨੀ ਤੇਜ਼ੀ ਨਾਲ ਫੈਲ ਰਹੀ ਸੀ ਕਿ ਅਸੀਂ ਜ਼ਿਆਦਾ ਸਾਮਾਨ ਨਹੀਂ ਬਚਾ ਸਕੇ। ਕਰਮਚਾਰੀ ਰਾਤ ਨੂੰ ਇੱਥੇ ਆਏ ਅਤੇ ਸਾਮਾਨ ਕੱਢਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਅੱਗ ਇੰਨੀ ਭਿਆਨਕ ਸੀ ਕਿ ਕੁਝ ਖਾਸ ਨਹੀਂ ਬਚਾਇਆ ਜਾ ਸਕਿਆ।” ਉਨ੍ਹਾਂ ਦੱਸਿਆ ਕਿ ਅੱਗ ਵਿੱਚ ਉਨ੍ਹਾਂ ਦੀਆਂ ਚਾਰ ਦੁਕਾਨਾਂ ਸੜ ਗਈਆਂ। ਕਾਰੋਬਾਰੀਆਂ ਨੇ ਬਾਜ਼ਾਰ ਦੀਆਂ ਤੰਗ ਗਲੀਆਂ ਵੱਲ ਵੀ ਧਿਆਨ ਦਿਵਾਇਆ, ਜਿਨ੍ਹਾਂ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਅੱਗ ਬੁਝਾਉਣ ਵਿੱਚ ਮੁਸ਼ਕਲ ਆਈ।
ਕਾਰੋਬਾਰੀਆਂ ਦਾ ਇਹ ਨੁਕਸਾਨ ਅਜਿਹੇ ਸਮੇਂ ਹੋਇਆ ਹੈ, ਜਦੋਂ ਤਿਉਹਾਰਾਂ ਦਾ ਸੀਜ਼ਨ ਨੇੜੇ ਹੈ। ਦੁਕਾਨਦਾਰ ਰਾਜ ਕੁਮਾਰ ਨੇ ਕਿਹਾ ਕਿ ਉਨ੍ਹਾਂ ਨੂੰ ਤਿਉਹਾਰਾਂ ਦੌਰਾਨ ਚੰਗੀ ਵਿਕਰੀ ਦੀ ਉਮੀਦ ਸੀ, ਕਿਉਂਕਿ ਰੇਲਵੇ ਸਟੇਸ਼ਨ ਨੇੜੇ ਹੋਣ ਅਤੇ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਕਾਰਨ ਬਾਜ਼ਾਰ ਵਿੱਚ ਕਾਫ਼ੀ ਗਾਹਕ ਆਉਂਦੇ ਹਨ। ਇੱਕ ਹੋਰ ਦੁਕਾਨਦਾਰ ਬਿੱਟੂ ਸ਼ਰਮਾ ਨੇ ਕਿਹਾ ਕਿ ਜੇਕਰ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਡੇਢ ਘੰਟਾ ਦੇਰ ਨਾਲ ਨਾ ਪਹੁੰਚਦੀਆਂ, ਤਾਂ ਕਾਫ਼ੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਸੀ।
ਰਾਤ ਨੂੰ ਘਟਨਾ ਸਥਾਨ ਦਾ ਦੌਰਾ ਕਰਨ ਵਾਲੇ ਭਾਜਪਾ ਵਿਧਾਇਕ ਵਿਕਰਮ ਰੰਧਾਵਾ ਨੇ ਕਿਹਾ ਕਿ ਵੱਡੇ ਪੱਧਰ ’ਤੇ ਤਬਾਹੀ ਹੋਈ ਹੈ। ਵਪਾਰੀ ਮੰਡਲ ਦੇ ਪ੍ਰਧਾਨ ਵਿਸ਼ਵ ਮਿੱਤਰ ਨੇ ਕਿਹਾ ਕਿ ਮੁੱਢਲੇ ਅੰਦਾਜ਼ਿਆਂ ਮੁਤਾਬਕ ਅੱਗ ਵਿੱਚ ਕਰੋੜਾਂ ਰੁਪਏ ਦੀ ਜਾਇਦਾਦ ਸੜ ਕੇ ਸੁਆਹ ਹੋ ਗਈ ਹੈ। ਪਰੇਸ਼ਾਨ ਦੁਕਾਨਦਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਨੁਕਸਾਨ ਦਾ ਪਹਿਲ ਦੇ ਆਧਾਰ ’ਤੇ ਅੰਦਾਜ਼ਾ ਲਗਾ ਕੇ ਢੁੱਕਵਾਂ ਮੁਆਵਜ਼ਾ ਅਤੇ ਰਾਹਤ ਪੈਕੇਜ ਦਿੱਤਾ ਜਾਵੇ, ਤਾਂ ਜੋ ਉਹ ਆਪਣਾ ਕਾਰੋਬਾਰ ਅਤੇ ਜ਼ਿੰਦਗੀ ਮੁੜ ਲੀਹ ’ਤੇ ਲਿਆ ਸਕਣ।
