ਲਾਲੜੂ:- ਕਹਿੰਦੇ ਹਨ ਕਿ ਕਿਸਮਤ ਬਦਲਦਿਆਂ ਦੇਰ ਨਹੀਂ ਲੱਗਦੀ। ਇਸ ਦੀ ਮਿਸਾਲ ਲਾਲੜੂ ਨੇੜਲੇ ਪਿੰਡ ਹਮਾਯੂੰਪੁਰ ਦੇ ਕਿਸਾਨ ਬਲਜਿੰਦਰ ਸਿੰਘ ਦੇ ਰੂਪ ਵਿੱਚ ਸਾਹਮਣੇ ਆਈ ਹੈ, ਜਿਸ ਦੀ 12 ਕਰੋੜ ਰੁਪਏ ਦੀ ਪੰਜਾਬ ਦੀਵਾਲੀ ਬੰਪਰ ਲਾਟਰੀ ਨਿਕਲਣ ਨਾਲ ਪਰਿਵਾਰ ਦੀ ਖ਼ੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ। ਇਸ ਵੱਡੀ ਜਿੱਤ ਨਾਲ ਪੂਰੇ ਪਿੰਡ ਵਿੱਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਕਰੀਬ 45 ਸਾਲਾ ਬਲਜਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਖੇਤੀਬਾੜੀ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਹੈ। ਉਸ ਨੇ ਦੀਵਾਲੀ ਤੋਂ ਪਹਿਲਾਂ ਹੰਡੇਸਰਾ ਦੇ ਲਾਟਰੀ ਵਿਕਰੇਤਾ ਆਸ਼ੂ ਗਰਗ ਪਾਸੋਂ ਦੀਵਾਲੀ ਬੰਪਰ ਦੀ ਟਿਕਟ ਖ਼ਰੀਦੀ ਸੀ। ਬੀਤੀ ਰਾਤ ਕਰੀਬ 11 ਵਜੇ ਜਦੋਂ ਉਸ ਨੂੰ 12 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਣ ਦੀ ਸੂਚਨਾ ਮਿਲੀ ਤਾਂ ਉਸ ਦੀ ਖ਼ੁਸ਼ੀ ਦਾ ਕੋਈ ਅੰਤ ਨਾ ਰਿਹਾ।

ਬੱਚਿਆਂ ਦੇ ਪਿਤਾ ਬਲਜਿੰਦਰ ਸਿੰਘ ਦਾ ਪਰਿਵਾਰ ਹੁਣ ਤੱਕ ਸਾਧਾਰਨ ਜੀਵਨ ਬਤੀਤ ਕਰ ਰਿਹਾ ਸੀ। ਅਚਾਨਕ ਮਿਲੀ ਇਸ ਵੱਡੀ ਖ਼ੁਸ਼ਖ਼ਬਰੀ ਨੇ ਪਰਿਵਾਰ ਦੀਆਂ ਖ਼ੁਸ਼ੀਆਂ ਦੁੱਗਣੀਆਂ ਕਰ ਦਿੱਤੀਆਂ ਹਨ। ਪਰਿਵਾਰਕ ਸੂਤਰਾਂ ਅਨੁਸਾਰ ਇਨਾਮੀ ਰਾਸ਼ੀ ਦੀ ਵਰਤੋਂ ਬਾਰੇ ਅਜੇ ਕੋਈ ਯੋਜਨਾ ਨਹੀਂ ਬਣਾਈ ਗਈ। ਇਨਾਮ ਦੀ ਰਾਸ਼ੀ ਪ੍ਰਾਪਤ ਕਰਨ ਲਈ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾਉਣ ਵਾਸਤੇ ਬਲਜਿੰਦਰ ਸਿੰਘ ਆਪਣੇ ਸਾਥੀਆਂ ਸਮੇਤ ਜ਼ੀਰਕਪੁਰ ਸਥਿਤ ਰਤਨ ਲਾਟਰੀ ਦੇ ਦਫ਼ਤਰ ਪਹੁੰਚਣ ਲਈ ਰਵਾਨਾ ਹੋ ਗਿਆ। ਇਸ ਜਿੱਤ ਨੇ ਸਾਬਤ ਕਰ ਦਿੱਤਾ ਕਿ ਕਿਸਮਤ ਦਾ ਦਰਵਾਜ਼ਾ ਕਦੋਂ ਖੁੱਲ੍ਹ ਜਾਵੇ, ਕੋਈ ਨਹੀਂ ਜਾਣਦਾ।