ਪਟਿਆਲਾ (ਕਾਕਾ ਰਾਮ ਵਰਮਾ):- ਵੀਬਰਾਕਾਸਟਿਕ ਫੈਕਟਰੀ ਵਿਖੇ ਕਰਮਚਾਰੀਆਂ ਨੂੰ ਨਿੱਜੀ ਸੁਰੱਖਿਆ, ਫੈਕਟਰੀ ਦੀ ਸੁਰੱਖਿਆ, ਸਿਹਤ, ਫਸਟ ਏਡ ਅਤੇ ਅੱਗ ਤੋਂ ਬਚਾਅ ਸਬੰਧੀ ਵਿਸ਼ੇਸ਼ ਸਿਖਲਾਈ ਦਿੱਤੀ ਗਈ। ਇਸ ਦਾ ਮਕਸਦ ਕਰਮਚਾਰੀਆਂ, ਫੈਕਟਰੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸੁਰੱਖਿਆ ਯਕੀਨੀ ਬਣਾਉਣਾ, ਹਾਦਸੇ ਘਟਾਉਣਾ, ਐਮਰਜੈਂਸੀ ਦੌਰਾਨ ਪੀੜਤਾਂ ਨੂੰ ਫਸਟ ਏਡ ਅਤੇ ਸੀਪੀਆਰ ਦੇਣਾ, ਅੱਗ, ਗੈਸਾਂ, ਬਿਜਲੀ ਅਤੇ ਪੈਟਰੋਲੀਅਮ ਪਦਾਰਥਾਂ ਨਾਲ ਸਬੰਧਤ ਘਟਨਾਵਾਂ ਨੂੰ ਰੋਕਣਾ ਅਤੇ ਕੀਮਤੀ ਜਾਨਾਂ ਬਚਾਉਣਾ ਸੀ। ਇਹ ਸਿਖਲਾਈ ਡਾਇਰੈਕਟੋਰੇਟ ਆਫ਼ ਫੈਕਟਰੀਜ਼ ਅਤੇ ਪੰਜਾਬ ਇੰਡਸਟਰੀਅਲ ਸੇਫਟੀ ਕੌਂਸਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਿਪਟੀ ਡਾਇਰੈਕਟਰ ਆਫ਼ ਫੈਕਟਰੀਜ਼ ਸ੍ਰੀ ਨਰਿੰਦਰ ਪਾਲ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ।

ਸ੍ਰੀ ਨਰਿੰਦਰ ਪਾਲ ਸਿੰਘ ਨੇ ਦੱਸਿਆ ਕਿ 95 ਫ਼ੀਸਦੀ ਹਾਦਸੇ ਮਨੁੱਖੀ ਗਲਤੀਆਂ, ਲਾਪਰਵਾਹੀ, ਡਰ, ਨਾਸਮਝੀ ਅਤੇ ਸਿਖਲਾਈ ਤੇ ਅਭਿਆਸ ਦੀ ਘਾਟ ਕਾਰਨ ਵਾਪਰਦੇ ਹਨ। ਉਨ੍ਹਾਂ ਕਿਹਾ ਕਿ ਸਿਖਲਾਈ ਦੌਰਾਨ ਧਿਆਨ ਨਾਲ ਸਿੱਖੀਆਂ ਗੱਲਾਂ ਅਤੇ ਨਿਰੰਤਰ ਅਭਿਆਸ ਨਾਲ 90 ਫ਼ੀਸਦੀ ਹਾਦਸਿਆਂ, ਜਾਨੀ ਨੁਕਸਾਨ ਅਤੇ ਮਾਲੀ ਨੁਕਸਾਨ ਨੂੰ ਰੋਕਿਆ ਜਾ ਸਕਦਾ ਹੈ।

ਇਸ ਮੌਕੇ ਭਾਰਤ ਸਰਕਾਰ ਦੇ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ, ਫਸਟ ਏਡ ਅਤੇ ਫਾਇਰ ਸੇਫਟੀ ਨਾਲ ਸਬੰਧਤ ਸਿਖਲਾਈਕਾਰ ਸ੍ਰੀ ਕਾਕਾ ਰਾਮ ਵਰਮਾ ਨੇ ਕਰਮਚਾਰੀਆਂ ਤੋਂ ਵੱਖ-ਵੱਖ ਪ੍ਰੈਕਟੀਕਲ ਅਭਿਆਸ ਕਰਵਾਏ। ਉਨ੍ਹਾਂ ਦੱਸਿਆ ਕਿ ਅਚਾਨਕ ਵਾਪਰਨ ਵਾਲੀਆਂ ਘਟਨਾਵਾਂ, ਦਿਲ ਦੇ ਦੌਰੇ, ਕਾਰਡੀਅਕ ਅਰੈਸਟ, ਬੇਹੋਸ਼ੀ, ਸਦਮੇ, ਅੱਗ, ਗੈਸ ਲੀਕ ਹੋਣ ਅਤੇ ਬਿਜਲੀ ਦਾ ਕਰੰਟ ਲੱਗਣ ਕਾਰਨ ਪੀੜਤ ਲੋਕਾਂ ਨੂੰ ਸਮੇਂ ਸਿਰ ਸਹਾਇਤਾ ਦੇ ਕੇ ਤੁਰੰਤ ਮੌਤ ਜਾਂ ਸਥਾਈ ਅਪੰਗਤਾ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ।

ਉਨ੍ਹਾਂ ਨੇ ਕਰਮਚਾਰੀਆਂ ਦੀਆਂ ਸਹੂਲਤਾਂ ਅਤੇ ਸੁਰੱਖਿਆ ਲਈ ਅਧਿਕਾਰੀਆਂ ਵੱਲੋਂ ਕੀਤੇ ਪ੍ਰਬੰਧਾਂ, ਐਮਰਜੈਂਸੀ ਦੌਰਾਨ ਬਚਾਅ ਅਤੇ ਸਹਾਇਤਾ ਦੀਆਂ ਤਿਆਰੀਆਂ ਅਤੇ ਮੌਕ ਡਰਿੱਲਾਂ ਦੀ ਸ਼ਲਾਘਾ ਕੀਤੀ।

ਸੇਫਟੀ ਅਫ਼ਸਰ ਸ੍ਰੀ ਵਿਨੋਦ ਜੈਨ, ਸੁਰੱਖਿਆ ਕਰਮਚਾਰੀਆਂ ਅਤੇ ਪਲਾਂਟ ਇੰਚਾਰਜਾਂ ਨੇ ਧੰਨਵਾਦ ਕਰਦਿਆਂ ਕਿਹਾ ਕਿ ਕਰਮਚਾਰੀਆਂ ਨੂੰ ਸਿਖਲਾਈ ਅਤੇ ਅਮਲੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਨਾਲ ਕਰਮਚਾਰੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸਿਹਤ, ਤੰਦਰੁਸਤੀ, ਆਤਮ-ਵਿਸ਼ਵਾਸ ਅਤੇ ਹੌਸਲੇ ਵਿੱਚ ਵਾਧਾ ਹੋ ਰਿਹਾ ਹੈ।