ਐਸ ਏ ਐਸ ਨਗਰ, 13 ਅਕਤੂਬਰ - ਦਸ਼ਹਿਰਾ ਕਮੇਟੀ ਮੁਹਾਲੀ (ਰਜਿ) ਵਲੋਂ ਇਸ ਸਾਲ 24 ਅਕਤੂਬਰ ਨੂੰ ਸੈਕਟਰ 78 ਵਿੱਚ ਦਸ਼ਹਿਰੇ ਦਾ ਤਿਉਹਾਰ ਮਨਾਇਆ ਜਾਵੇਗਾ।
ਦਸ਼ਹਿਰਾ ਕਮੇਟੀ ਮੁਹਾਲੀ ਦੇ ਪ੍ਰਧਾਨ ਮਧੂ ਭੂਸ਼ਣ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਮੌਕੇ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ। ਉਹਨਾਂ ਦੱਸਿਆ ਕਿ ਕਮੇਟੀ ਵਲੋਂ ਇਸ ਸਾਲ 46ਵੀਂ ਵਾਰ ਦਸ਼ਹਿਰਾ ਮਨਾਇਆ ਜਾ ਰਿਹਾ ਹੈ।
ਉਹਨਾਂ ਦੱਸਿਆ ਕਿ ਵਾਈ ਪੀ ਐਸ ਚੌਂਕ ਦੇ ਨਾਲ ਲੱਗਦੇ ਦਸ਼ਹਿਰਾ ਮੈਦਾਨ ਵਿੱਚ ਕੌਮੀ ਇਨਸਾਫ ਮੋਰਚਾ ਵਲੋਂ ਚਲ ਰਹੇ ਅੰਦੋਲਨ ਕਾਰਨ ਇਸ ਵਾਰ ਕਮੇਟੀ ਨੂੰ ਥਾਂ ਬਦਲਣ ਵਾਸਤੇ ਮਜਬੂਰ ਹੋਣਾ ਪਿਆ ਹੈ ਅਤੇ ਇਸ ਵਾਰ ਇਹ ਆਯੋਜਨ ਸੈਕਟਰ 78 ਵਿੱਚ ਕਰਵਾਇਆ ਜਾਵੇਗਾ।
ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਨਰੇਸ਼ ਕੌਸ਼ਲ ਨੇ ਕਿ ਇਸ ਪ੍ਰੋਗਰਾਮ ਦੇ ਆਯੋਜਨ ਲਈ ਕਮੇਟੀ ਦੀ ਪੂਰੀ ਟੀਮ ਵਲੋਂ ਪਿਛਲੇ ਦੋ ਮਹੀਨਿਆਂ ਤੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।