ਚੰਡੀਗੜ੍ਹ, 19 ਨਵੰਬਰ:- ਹਰਿਆਣਾ ਵਿੱਚ ਫ਼ਸਲ ਖਰੀਦ ਪ੍ਰਬੰਧਾਂ ਦੀ ਅਗਾਊਂ ਅਤੇ ਪੁਖ਼ਤਾ ਤਿਆਰੀ ਯਕੀਨੀ ਬਣਾਉਣ ਲਈ ਜ਼ਿਲ੍ਹਾ-ਵਾਰ ਖਰੀਦ ਯੋਜਨਾ ਤਿਆਰ ਕੀਤੀ ਜਾਵੇਗੀ, ਤਾਂ ਜੋ ਫ਼ਸਲਾਂ ਦੀ ਖਰੀਦ ਸੁਚਾਰੂ ਅਤੇ ਨਿਰਵਿਘਨ ਢੰਗ ਨਾਲ ਕੀਤੀ ਜਾ ਸਕੇ। ਇਸ ਲਈ ਬਾਕਾਇਦਾ ਜ਼ਿਲ੍ਹਾ-ਵਾਰ ਮਿਆਰੀ ਸੰਚਾਲਨ ਪ੍ਰਕਿਰਿਆ (ਐਸਓਪੀ) ਤਿਆਰ ਕਰਕੇ ਲੋੜ ਅਨੁਸਾਰ ਵਾਧੂ ਖਰੀਦ ਕੇਂਦਰਾਂ ਅਤੇ ਭੰਡਾਰਨ ਲਈ ਥਾਵਾਂ ਦੀ ਪਛਾਣ ਕੀਤੀ ਜਾਵੇਗੀ। ਇਸ ਦੇ ਨਾਲ ਹੀ ਸੂਬੇ ਵਿੱਚ ਐਗਰੀਸਟੈਕ ਪੋਰਟਲ ਦੇ ਲਾਗੂਕਰਨ ਦੀ ਨਿਗਰਾਨੀ ਲਈ ਇੱਕ ਕਮੇਟੀ ਦਾ ਵੀ ਗਠਨ ਕੀਤਾ ਗਿਆ ਹੈ।
ਇਹ ਨਿਰਦੇਸ਼ ਹਰਿਆਣਾ ਦੇ ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਅੱਜ ਇੱਥੇ ਆਯੋਜਿਤ ਇੱਕ ਉੱਚ ਪੱਧਰੀ ਮੀਟਿੰਗ ਵਿੱਚ ਦਿੱਤੇ। ਉਨ੍ਹਾਂ ਕਿਹਾ ਕਿ ਇਸ ਦਾ ਉਦੇਸ਼ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਘਟਾਉਣਾ ਅਤੇ ਖੇਤੀ ਉਪਜ ਦੀ ਸਮੇਂ ਸਿਰ ਖਰੀਦ, ਚੁਕਾਈ ਅਤੇ ਭੰਡਾਰਨ ਯਕੀਨੀ ਬਣਾਉਣਾ ਹੈ।
ਮੁੱਖ ਸਕੱਤਰ ਸ੍ਰੀ ਅਨੁਰਾਗ ਰਸਤੋਗੀ ਨੇ ਕਿਹਾ ਕਿ ਫ਼ਸਲ ਉਤਪਾਦਨ, ਮੰਡੀਆਂ ਵਿੱਚ ਸੰਭਾਵਿਤ ਆਮਦ, ਮੌਜੂਦਾ ਖਰੀਦ ਢਾਂਚੇ ਅਤੇ ਭੰਡਾਰਨ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜ਼ਿਲ੍ਹਾ-ਵਾਰ ਖਰੀਦ ਯੋਜਨਾਵਾਂ ਅਤੇ ਵੱਖ-ਵੱਖ ਐਸਓਪੀ ਤਿਆਰ ਕੀਤੀਆਂ ਜਾਣ। ਮੰਡੀਆਂ ਵਿੱਚ ਭੀੜ-ਭੜੱਕੇ ਅਤੇ ਕਿਸਾਨਾਂ ਦੇ ਇੰਤਜ਼ਾਰ ਨੂੰ ਘਟਾਉਣ ਅਤੇ ਖਰੀਦ ਕਾਰਜ ਨਿਰਵਿਘਨ ਢੰਗ ਨਾਲ ਜਾਰੀ ਰੱਖਣ ਲਈ ਲੋੜ ਅਨੁਸਾਰ ਵਾਧੂ ਖਰੀਦ ਕੇਂਦਰਾਂ ਅਤੇ ਭੰਡਾਰਨ ਸਥਾਨਾਂ ਦੀ ਪਹਿਲਾਂ ਹੀ ਪਛਾਣ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਫ਼ਸਲਾਂ ਦੀ ਆਮਦ ਸ਼ੁਰੂ ਹੋਣ ਤੋਂ ਕਾਫ਼ੀ ਪਹਿਲਾਂ ਖਰੀਦ ਦੀ ਯੋਜਨਾ ਤਿਆਰ ਕਰਕੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣੇ ਚਾਹੀਦੇ ਹਨ।
ਸ੍ਰੀ ਰਸਤੋਗੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸੂਬਿਆਂ ਨੂੰ ਐਗਰੀਸਟੈਕ ਪੋਰਟਲ ਦਾ ਸੌ ਫ਼ੀਸਦੀ ਲਾਗੂਕਰਨ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ। ਆਉਣ ਵਾਲੇ ਖਰੀਦ ਸੀਜ਼ਨ ਤੋਂ ਐਗਰੀਸਟੈਕ ਡੇਟਾ ਦੇ ਆਧਾਰ 'ਤੇ ਹੀ ਫ਼ਸਲ ਦੀ ਖਰੀਦ ਕੀਤੀ ਜਾਵੇਗੀ। ਇਸ ਲਈ ਕਿਸਾਨਾਂ ਨੂੰ ਐਗਰੀਸਟੈਕ ਪੋਰਟਲ 'ਤੇ ਆਪਣੀ ਫ਼ਸਲ ਦੀ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ, ਤਾਂ ਜੋ ਉਨ੍ਹਾਂ ਨੂੰ ਆਪਣੀ ਫ਼ਸਲ ਵੇਚਣ ਵਿੱਚ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾਂ ਨੇ ਐਗਰੀਸਟੈਕ ਪੋਰਟਲ 'ਤੇ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਨਿਗਰਾਨੀ ਕਰਨ ਅਤੇ ਇਸ ਵਿੱਚ ਤੇਜ਼ੀ ਲਿਆਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ, ਖੇਤੀਬਾੜੀ, ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਅਤੇ ਬਾਗਬਾਨੀ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਦੀ ਇੱਕ ਕਮੇਟੀ ਗਠਿਤ ਕਰਨ ਦੇ ਨਿਰਦੇਸ਼ ਦਿੱਤੇ। ਇਹ ਕਮੇਟੀ ਰਜਿਸਟ੍ਰੇਸ਼ਨ ਦੀ ਪ੍ਰਗਤੀ 'ਤੇ ਨਜ਼ਰ ਰੱਖੇਗੀ, ਵਿਭਾਗਾਂ ਦਰਮਿਆਨ ਤਾਲਮੇਲ ਮਜ਼ਬੂਤ ਕਰੇਗੀ ਅਤੇ ਪ੍ਰਸ਼ਾਸਨਿਕ ਅੜਚਨਾਂ ਨੂੰ ਦੂਰ ਕਰੇਗੀ। ਮੁੱਖ ਸਕੱਤਰ ਨੇ ਕਿਹਾ ਕਿ ਉਹ ਤਿੰਨ ਹਫ਼ਤਿਆਂ ਬਾਅਦ ਐਗਰੀਸਟੈਕ ਰਜਿਸਟ੍ਰੇਸ਼ਨ ਮੁਹਿੰਮ ਦੀ ਪ੍ਰਗਤੀ ਦੀ ਖੁਦ ਸਮੀਖਿਆ ਕਰਨਗੇ।
ਮੀਟਿੰਗ ਵਿੱਚ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਦੀ ਪ੍ਰਧਾਨ ਸਕੱਤਰ ਸ੍ਰੀਮਤੀ ਪੀ. ਅਮਿਤ ਕੁਮਾਰ ਨੇ ਖਰੀਦ ਪ੍ਰਬੰਧਾਂ ਵਿੱਚ ਸੁਧਾਰ, ਅਨਾਜ ਮੰਡੀਆਂ ਦੇ ਆਧੁਨਿਕੀਕਰਨ, ਡਿਜੀਟਲ ਰਜਿਸਟ੍ਰੇਸ਼ਨ ਨੂੰ ਮਜ਼ਬੂਤ ਕਰਨ ਅਤੇ ਵਿਗਿਆਨਕ ਭੰਡਾਰਨ ਸਹੂਲਤਾਂ ਦੇ ਵਿਸਥਾਰ ਲਈ ਵਿਸਥਾਰ ਰੋਡਮੈਪ ਪੇਸ਼ ਕੀਤਾ।
ਉਨ੍ਹਾਂ ਦੱਸਿਆ ਕਿ ਹਾੜ੍ਹੀ ਮਾਰਕਟਿੰਗ ਸੀਜ਼ਨ 2026-27 ਦੌਰਾਨ ਹਰਿਆਣਾ ਵਿੱਚ 81.17 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਗਈ, ਜਿਸ ਦੇ ਨਤੀਜੇ ਵਜੋਂ 5,98,174 ਕਿਸਾਨਾਂ ਨੂੰ 20,856 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। ਇਸੇ ਤਰ੍ਹਾਂ ਸਾਉਣੀ ਮਾਰਕਟਿੰਗ ਸੀਜ਼ਨ 2026-27 ਵਿੱਚ 50.50 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਅਤੇ 3,19,591 ਕਿਸਾਨਾਂ ਨੂੰ 11,272 ਕਰੋੜ ਰੁਪਏ ਦੀ ਅਦਾਇਗੀ ਕੀਤੀ ਗਈ। ਝੋਨੇ ਦੀ ਖਰੀਦ ਦੀ ਅਦਾਇਗੀ ਅਜੇ ਜਾਰੀ ਹੈ। ਦੋਵਾਂ ਸੀਜ਼ਨਾਂ ਵਿੱਚ ਕਿਸਾਨਾਂ ਨੂੰ ਕੀਤੀ ਗਈ ਅਦਾਇਗੀ ਦੀ ਕੁੱਲ ਰਕਮ 32,000 ਕਰੋੜ ਰੁਪਏ ਤੋਂ ਵੱਧ ਰਹੀ।
ਸ੍ਰੀਮਤੀ ਅਮਨੀਤ ਪੀ. ਕੁਮਾਰ ਨੇ ਈ-ਖਰੀਦ ਪ੍ਰਣਾਲੀ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਵਧਾਉਣ ਲਈ ਲਾਗੂ ਕੀਤੇ ਗਏ ਡਿਜੀਟਲ ਸੁਰੱਖਿਆ ਉਪਾਵਾਂ ਬਾਰੇ ਵੀ ਜਾਣਕਾਰੀ ਦਿੱਤੀ। ਇਨ੍ਹਾਂ ਵਿੱਚ ਕਿਸਾਨਾਂ ਦੀ ਬਾਇਓਮੀਟ੍ਰਿਕ ਤਸਦੀਕ, ਖਰੀਦ ਲੈਣ-ਦੇਣ ਦੀ ਜੀਓ-ਫੈਂਸਿੰਗ, ਵਾਹਨਾਂ ਦੇ ਰਜਿਸਟ੍ਰੇਸ਼ਨ ਵੇਰਵਿਆਂ ਅਤੇ ਤਸਵੀਰਾਂ ਦੀ ਤਸਦੀਕ, ਤਿੰਨ ਪੱਧਰੀ ਐਗਜ਼ਿਟ ਜਾਂਚ ਅਤੇ ਖਰੀਦੀ ਗਈ ਫ਼ਸਲ ਦੀ ਢੋਆ-ਢੁਆਈ ਕਰਨ ਵਾਲੇ ਵਾਹਨਾਂ ਦੀ ਜੀਪੀਐਸ ਆਧਾਰਿਤ ਨਿਗਰਾਨੀ ਸ਼ਾਮਲ ਹੈ।
ਵਿਭਾਗ ਵੱਲੋਂ ਚੌਲ ਮਿੱਲ ਮਾਲਕਾਂ ਲਈ ਡਿਜੀਟਲ ਰਜਿਸਟ੍ਰੇਸ਼ਨ ਪੋਰਟਲ, ਜੀਓ-ਫੈਂਸਿੰਗ ਰਾਹੀਂ ਚੌਲ ਮਿੱਲਾਂ ਦੀ ਭੌਤਿਕ ਤਸਦੀਕ ਅਤੇ ਆਨਲਾਈਨ ਬਿੱਲ ਜਨਰੇਸ਼ਨ ਪ੍ਰਣਾਲੀ ਵੀ ਸ਼ੁਰੂ ਕੀਤੀ ਗਈ ਹੈ।
ਸ੍ਰੀਮਤੀ ਅਮਨੀਤ ਪੀ. ਕੁਮਾਰ ਨੇ ਅਨਾਜ ਮੰਡੀਆਂ ਵਿੱਚ ਬੁਨਿਆਦੀ ਸਹੂਲਤਾਂ ਨੂੰ ਮਜ਼ਬੂਤ ਕਰਨ ਅਤੇ ਫ਼ਸਲ ਦੀ ਸੰਭਾਲ, ਸਫ਼ਾਈ, ਚੁਕਾਈ ਅਤੇ ਭੰਡਾਰਨ ਨਾਲ ਜੁੜੀਆਂ ਚੁਣੌਤੀਆਂ ਦੇ ਹੱਲ ਲਈ ਕੀਤੇ ਜਾ ਰਹੇ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਮੀਟਿੰਗ ਵਿੱਚ ਦੱਸਿਆ ਗਿਆ ਕਿ ਸੂਬੇ ਦੇ 58 ਮਾਰਕੀਟ ਯਾਰਡਾਂ ਵਿੱਚ 161 ਧਰਮਕੰਡੇ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਫ਼ਸਲ ਦੀ ਸੰਭਾਲ ਅਤੇ ਢੋਆ-ਢੁਆਈ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਵੱਖ-ਵੱਖ ਮੰਡੀਆਂ ਵਿੱਚ ਕਨਵੇਅਰ ਬੈਲਟਾਂ ਨਾਲ ਲੈਸ 26 ਲੋਡਰ ਬੈਗ ਸਟੈਕਰ ਲਗਾਏ ਗਏ ਹਨ। ਕਰਨਾਲ ਅਤੇ ਸ਼ਾਹਾਬਾਦ ਵਿੱਚ ਝੋਨਾ ਸੁਕਾਉਣ ਵਾਲੀਆਂ ਮਸ਼ੀਨਾਂ ਸਥਾਪਿਤ ਕੀਤੀਆਂ ਗਈਆਂ ਹਨ, ਜਦਕਿ ਸ਼ਹਿਜ਼ਾਦਪੁਰ, ਬਾਬੈਨ ਅਤੇ ਲਾਡਵਾ ਵਿੱਚ ਮੱਕੀ ਸੁਕਾਉਣ ਵਾਲੀਆਂ ਅੱਠ ਮਸ਼ੀਨਾਂ ਲਗਾਈਆਂ ਗਈਆਂ ਹਨ।
ਅੰਬਾਲਾ, ਫਤਿਹਾਬਾਦ, ਮਹਿੰਦਰਗੜ੍ਹ, ਗੁਰੂਗ੍ਰਾਮ, ਜੀਂਦ, ਰੋਹਤਕ, ਹਾਂਸੀ, ਪਲਵਲ, ਕਰਨਾਲ, ਸਿਰਸਾ ਅਤੇ ਯਮੁਨਾਨਗਰ ਦੀਆਂ ਕਈ ਮੰਡੀਆਂ ਵਿੱਚ ਵਾਧੂ ਥਾਂ ਵਿਕਸਿਤ ਕਰਨ ਜਾਂ ਨਵੀਆਂ ਮੰਡੀ ਸਹੂਲਤਾਂ ਤਿਆਰ ਕਰਨ ਲਈ ਸਥਾਨਾਂ ਦੀ ਪਛਾਣ ਕੀਤੀ ਗਈ ਹੈ। ਸਿਰਸਾ ਜ਼ਿਲ੍ਹੇ ਦੀਆਂ ਡੱਬਵਾਲੀ ਅਤੇ ਐਲਨਾਬਾਦ ਮੰਡੀਆਂ ਵਿੱਚ ਵਾਧੂ ਥਾਂ ਵਿਕਸਿਤ ਕਰਨ ਦਾ ਕੰਮ ਜਾਰੀ ਹੈ। ਫਤਿਹਾਬਾਦ ਦੇ ਮੇਹੂਵਾਲਾ ਵਿੱਚ 53,130 ਮੀਟ੍ਰਿਕ ਟਨ ਸਮਰੱਥਾ ਵਾਲੇ ਗੋਦਾਮ ਦੀ ਉਸਾਰੀ ਦਾ ਕੰਮ ਲਗਭਗ ਮੁਕੰਮਲ ਹੋਣ ਵਾਲਾ ਹੈ।
ਮੀਟਿੰਗ ਵਿੱਚ ਵਧੀਕ ਮੁੱਖ ਸਕੱਤਰ ਸ੍ਰੀ ਵਿਨੀਤ ਗਰਗ, ਵਧੀਕ ਮੁੱਖ ਸਕੱਤਰ ਸ੍ਰੀ ਅਪੂਰਵ ਕੁਮਾਰ ਸਿੰਘ, ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਪ੍ਰਧਾਨ ਸਕੱਤਰ ਸ੍ਰੀਮਤੀ ਆਸ਼ਿਮਾ ਬਰਾੜ, ਕਮਿਸ਼ਨਰ ਅਤੇ ਸਕੱਤਰ ਸ੍ਰੀ ਸੀ.ਜੀ. ਰਜਨੀਕਾਂਤਨ, ਕਮਿਸ਼ਨਰ ਅਤੇ ਸਕੱਤਰ ਡਾ. ਸਾਕੇਤ ਕੁਮਾਰ, ਵਿਸ਼ੇਸ਼ ਸਕੱਤਰ ਡਾ. ਯਸ਼ਪਾਲ ਸਮੇਤ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ, ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਭਾਰਤੀ ਖੁਰਾਕ ਨਿਗਮ ਅਤੇ ਰਾਜ ਵੇਅਰਹਾਊਸਿੰਗ ਕਾਰਪੋਰੇਸ਼ਨ ਦੇ ਸੀਨੀਅਰ ਅਧਿਕਾਰੀ ਮੌਜੂਦ ਰਹੇ। ਵੱਖ-ਵੱਖ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਵਿੱਚ ਸ਼ਾਮਲ ਹੋਏ।
