ਪਟਿਆਲਾ:- ਸਾਂਝਾ ਸਾਹਿਤਕ ਮੰਚ, ਪਟਿਆਲਾ ਵੱਲੋਂ ਅਮਰਜੀਤ ਲਾਇਬ੍ਰੇਰੀ, ਭਾਦਸੋਂ ਰੋਡ, ਪਟਿਆਲਾ ਵਿਖੇ ਇੱਕ ਸਾਹਿਤਕ ਮਿਲਣੀ ਕਰਵਾਈ ਗਈ। ਸੁਖਵਿੰਦਰ ਚਹਿਲ, ਨਵਦੀਪ ਸਿੰਘ ਮੁੰਡੀ, ਅਮਰਜੀਤ ਖਰੌੜ, ਸਤਨਾਮ ਚੌਹਾਨ, ਹਰਦੀਪ ਸੱਭਰਵਾਲ ਅਤੇ ਪਾਲ ਖਰੌੜ ਵੱਲੋਂ ਕਰਵਾਏ ਜਾ ਰਹੇ ਇਸ ਵਿਸ਼ੇਸ਼ ਉਪਰਾਲੇ ਤਹਿਤ ਇਸ ਵਾਰ ਕਹਾਣੀਕਾਰ ਮੁਹੰਮਦ ਇਮਤਿਆਜ਼ ਦੇ ਕਹਾਣੀ ਸੰਗ੍ਰਹਿ ‘ਹਸ਼ਮਤ ਚਾਚਾ ਤੇ ਹੋਰ ਕਹਾਣੀਆਂ’ ’ਤੇ ਵਿਚਾਰ-ਚਰਚਾ ਕਰਵਾਈ ਗਈ।
ਇਸ ਵਿਸ਼ੇਸ਼ ਮੌਕੇ ’ਤੇ ਡਾ. ਮੋਹਨ ਤਿਆਗੀ, ਡਾ. ਰਵਿੰਦਰ ਘੁੰਮਣ, ਅੰਮ੍ਰਿਤਪਾਲ ਸਿੰਘ ਸ਼ੈਦਾ, ਬਚਨ ਸਿੰਘ ਗੁਰਮ, ਤੇਜਿੰਦਰ ਸਿੰਘ ਫਰਵਾਹੀ, ਜੋਗਾ ਸਿੰਘ ਧਨੌਲਾ, ਗੁਰਚਰਨ ਸਿੰਘ ਚੰਨ ਪਟਿਆਲਵੀ, ਕੁਲਵੰਤ ਸਿੰਘ ਸੈਦੋਕੇ, ਦਰਸ਼ਨ ਸਿੰਘ ਪਸਿਆਣਾ, ਜਗਤਾਰ ਸ਼ੇਰਗਿੱਲ, ਕ੍ਰਿਪਾਲ ਸਿੰਘ ਮੂਣਕ, ਦਵਿੰਦਰ ਪਟਿਆਲਵੀ, ਡਾ. ਤ੍ਰਿਲੋਕ ਸਿੰਘ ਢਿੱਲੋਂ, ਰਾਜ ਸਿੰਘ ਬਧੌਛੀ, ਗੁਰਮੁਖ ਸਿੰਘ ਜਾਗੀ, ਨਵਨੀਤ ਸਿੰਘ ਸਿੱਧੂ, ਹਰਦੀਪ ਸੱਭਰਵਾਲ, ਪਾਲ ਖਰੌੜ, ਅਮਰਜੀਤ ਖਰੌੜ, ਨਵਦੀਪ ਸਿੰਘ ਮੁੰਡੀ, ਦਿਲਪ੍ਰੀਤ ਸਿੰਘ ਅਤੇ ਸਮਰਬੀਰ ਸਿੰਘ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਮੁੱਖ ਪਰਚੇ ਪੜ੍ਹਦਿਆਂ ਡਾ. ਮੋਹਨ ਤਿਆਗੀ ਨੇ ਕਿਹਾ ਕਿ ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਆਮ ਆਦਮੀ ਦੇ ਅੰਦਰਲੀ ਬੇਚੈਨੀ ਨੂੰ ਸਾਹਮਣੇ ਲਿਆਉਂਦੀਆਂ ਹਨ। ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ. ਰਵਿੰਦਰ ਘੁੰਮਣ ਨੇ ਕਿਹਾ ਕਿ ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਪੰਜਾਬ ਦੇ ਮੁਸਲਿਮ ਭਾਈਚਾਰੇ ਦੇ ਜੀਵਨ ਦੀ ਝਲਕ ਪੇਸ਼ ਕਰਨ ਦੇ ਨਾਲ-ਨਾਲ ਮੱਧ ਵਰਗ ਦੇ ਸੰਘਰਸ਼ ਨੂੰ ਵੀ ਬਿਆਨ ਕਰਦੀਆਂ ਹਨ। ਗੱਲਬਾਤ ਨੂੰ ਅੱਗੇ ਤੋਰਦਿਆਂ ਹਰਦੀਪ ਸੱਭਰਵਾਲ ਨੇ ਕਿਹਾ ਕਿ ਮੁਹੰਮਦ ਇਮਤਿਆਜ਼ ਦੀਆਂ ਕਹਾਣੀਆਂ ਅਜੋਕੇ ਆਧੁਨਿਕ ਅਤੇ ਸਵਾਰਥੀ ਸਮਾਜ ਵਿੱਚ ਆਪਣੇ ਆਪ ਨੂੰ ਬੇਮੇਲ ਮਹਿਸੂਸ ਕਰਨ ਵਾਲੇ ਮਨੁੱਖ ਦੀਆਂ ਕਹਾਣੀਆਂ ਹਨ। ਅੰਮ੍ਰਿਤਪਾਲ ਸਿੰਘ ਸ਼ੈਦਾ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਇਹ ਕਹਾਣੀਆਂ ਪਾਠਕ ਨੂੰ ਆਪਣੇ ਨਾਲ ਜੋੜ ਕੇ ਰੱਖਦੀਆਂ ਹਨ ਅਤੇ ਅੰਤ ਤੱਕ ਪੜ੍ਹਨ ਲਈ ਮਜਬੂਰ ਕਰ ਦਿੰਦੀਆਂ ਹਨ।
ਇਸ ਉਪਰੰਤ ਮੁਹੰਮਦ ਇਮਤਿਆਜ਼ ਨੇ ਹਾਜ਼ਰੀਨ ਨਾਲ ਆਪਣੇ ਸਾਹਿਤਕ ਸਫ਼ਰ ਬਾਰੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਹੱਥ ਅਜ਼ਮਾਉਣ ਦੀ ਬਜਾਏ ਕਹਾਣੀ ਵਿਧਾ ਵਿੱਚ ਮੁਹਾਰਤ ਹਾਸਲ ਕਰਨਾ ਹੀ ਉਨ੍ਹਾਂ ਦਾ ਟੀਚਾ ਹੈ।
ਇਸ ਵਿਸ਼ੇਸ਼ ਮੌਕੇ ’ਤੇ ਮਿੰਨੀ ਕਹਾਣੀ ਦੇ ਰਸਾਲੇ ‘ਛਿਣ’ ਅਤੇ ਪੰਜਾਬੀ ਸਾਹਿਤ ਦੇ ਰਸਾਲੇ ‘ਊੜਾ’ ਦਾ ਲੋਕ ਅਰਪਣ ਵੀ ਕੀਤਾ ਗਿਆ। ਵਿਚਾਰ-ਚਰਚਾ ਦੇ ਅੰਤ ਵਿੱਚ ਨਵਦੀਪ ਸਿੰਘ ਮੁੰਡੀ ਨੇ ਪਹੁੰਚੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਉਪਰੰਤ ਸਾਂਝਾ ਸਾਹਿਤਕ ਮੰਚ ਵੱਲੋਂ ਮੁਹੰਮਦ ਇਮਤਿਆਜ਼, ਡਾ. ਮੋਹਨ ਤਿਆਗੀ ਅਤੇ ਡਾ. ਰਵਿੰਦਰ ਘੁੰਮਣ ਨੂੰ ਸਨਮਾਨਿਤ ਕੀਤਾ ਗਿਆ।
