ਗੜ੍ਹਸ਼ੰਕਰ, 5 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਹਲਕਾ ਗੜ੍ਹਸ਼ੰਕਰ ਦੇ ਵਿਧਾਇਕ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਦੱਸਿਆ ਕਿ ਗੜ੍ਹਸ਼ੰਕਰ ਵਿਖੇ ਪਲੇਸਮੈਂਟ ਕੈਂਪ ਅਤੇ ਸਵੈ-ਰੋਜ਼ਗਾਰ ਕੈਂਪ ਸਫ਼ਲਤਾਪੂਰਵਕ ਲਗਾਇਆ ਗਿਆ। ਇਸ ਕੈਂਪ ਦਾ ਉਦੇਸ਼ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਨਾਲ-ਨਾਲ ਉਨ੍ਹਾਂ ਨੂੰ ਸਵੈ-ਰੋਜ਼ਗਾਰ ਲਈ ਲੋੜੀਂਦੀ ਜਾਣਕਾਰੀ ਅਤੇ ਸਹੂਲਤ ਮੁਹੱਈਆ ਕਰਵਾਉਣਾ ਸੀ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ-ਕਮ-ਮਾਡਲ ਕਰੀਅਰ ਸੈਂਟਰ, ਹੁਸ਼ਿਆਰਪੁਰ ਦੇ ਸਹਿਯੋਗ ਨਾਲ ਲਗਾਏ ਗਏ ਪਲੇਸਮੈਂਟ ਕੈਂਪ ਵਿੱਚ ਜ਼ਿਲ੍ਹੇ ਦੀਆਂ 9 ਨਾਮਵਰ ਕੰਪਨੀਆਂ ਵੱਲੋਂ ਭਾਗ ਲਿਆ ਗਿਆ। ਇਨ੍ਹਾਂ ਵਿੱਚ ਕੁਆਂਟਮ ਪੇਪਰ ਮਿੱਲ, ਸੈਲਾ; ਜੀ.ਐਨ.ਏ. ਫੈਕਟਰੀ, ਮਹਿਤੀਆਣਾ; ਡੀ-ਮਾਰਟ; ਡਬਲ ਬੈਰਲ ਜੀਨਜ਼; ਅਜਾਈਲ ਹਰਬਲ; ਚੈੱਕਮੇਟ ਸਕਿਉਰਿਟੀ; ਰਿਲਾਇੰਸ ਜੀਓ; ਐਨ.ਆਈ.ਆਈ.ਟੀ. ਲਿਮਟਿਡ (ਆਈ.ਸੀ.ਆਈ.ਸੀ.ਆਈ. ਬੈਂਕ) ਅਤੇ ਐਸ.ਬੀ.ਆਈ. ਲਾਈਫ ਇੰਸ਼ੋਰੈਂਸ ਸ਼ਾਮਲ ਸਨ।

ਇਨ੍ਹਾਂ ਕੰਪਨੀਆਂ ਵੱਲੋਂ ਹੈਲਪਰ, ਟੇਲਰ, ਮਸ਼ੀਨ ਆਪਰੇਟਰ, ਸੇਲਜ਼, ਟੈਕਨੀਸ਼ੀਅਨ, ਰਿਲੇਸ਼ਨਸ਼ਿਪ ਮੈਨੇਜਰ, ਵੈਲਨੈੱਸ ਐਡਵਾਈਜ਼ਰ, ਪੈਕਰ, ਕੈਸ਼ੀਅਰ, ਸੇਲਜ਼ ਐਸੋਸੀਏਟ ਅਤੇ ਸਕਿਉਰਿਟੀ ਗਾਰਡ ਆਦਿ ਅਹੁਦਿਆਂ ਲਈ ਉਮੀਦਵਾਰਾਂ ਦੀ ਇੰਟਰਵਿਊ ਲਈ ਗਈ। ਕੈਂਪ ਵਿੱਚ ਕੁੱਲ 216 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਵਿੱਚੋਂ ਵੱਖ-ਵੱਖ ਕੰਪਨੀਆਂ ਵੱਲੋਂ 118 ਯੋਗ ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ।

ਇਸ ਤੋਂ ਇਲਾਵਾ ਕੈਂਪ ਦੌਰਾਨ ਸਵੈ-ਰੋਜ਼ਗਾਰ ਸਬੰਧੀ ਵੀ ਵਿਸ਼ੇਸ਼ ਸਹੂਲਤ ਮੁਹੱਈਆ ਕਰਵਾਈ ਗਈ। ਇਸ ਵਿੱਚ ਜ਼ਿਲ੍ਹਾ ਲੀਡ ਬੈਂਕ, ਜ਼ਿਲ੍ਹਾ ਉਦਯੋਗ ਕੇਂਦਰ ਅਤੇ ਐਮ.ਐਸ.ਐਮ.ਈ. ਵਿਭਾਗ ਵੱਲੋਂ ਭਾਗ ਲਿਆ ਗਿਆ। ਇਨ੍ਹਾਂ ਵਿਭਾਗਾਂ ਦੇ ਨੁਮਾਇੰਦਿਆਂ ਵੱਲੋਂ ਕੈਂਪ ਵਿੱਚ ਪਹੁੰਚੇ ਚਾਹਵਾਨ ਨੌਜਵਾਨਾਂ ਨੂੰ ਸਵੈ-ਰੋਜ਼ਗਾਰ ਸ਼ੁਰੂ ਕਰਨ ਲਈ ਵੱਖ-ਵੱਖ ਕਰਜ਼ਾ ਸਕੀਮਾਂ ਅਤੇ ਸਰਕਾਰੀ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਯੋਗ ਉਮੀਦਵਾਰਾਂ ਦੀ ਮੌਕੇ ’ਤੇ ਰਜਿਸਟ੍ਰੇਸ਼ਨ ਵੀ ਕੀਤੀ ਗਈ।

ਡਿਪਟੀ ਸਪੀਕਰ ਸ. ਜੈ ਕ੍ਰਿਸ਼ਨ ਸਿੰਘ ਰੌੜੀ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪ੍ਰਦਾਨ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਉਨ੍ਹਾਂ ਜ਼ਿਲ੍ਹੇ ਦੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿੱਚ ਲਗਾਏ ਜਾਣ ਵਾਲੇ ਪਲੇਸਮੈਂਟ ਕੈਂਪਾਂ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਅਤੇ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਰੋਜ਼ਗਾਰ ਤੇ ਸਵੈ-ਰੋਜ਼ਗਾਰ ਸਹੂਲਤਾਂ ਦਾ ਲਾਭ ਉਠਾਉਣ।

ਇਸ ਮੌਕੇ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀਮਤੀ ਰਮਨਦੀਪ ਕੌਰ, ਪਲੇਸਮੈਂਟ ਅਫ਼ਸਰ ਸ੍ਰੀ ਰਾਕੇਸ਼ ਕੁਮਾਰ, ਯੰਗ ਪ੍ਰੋਫੈਸ਼ਨਲ ਸ੍ਰੀ ਵਿਕਰਮ ਸਿੰਘ ਸਮੇਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਹੁਸ਼ਿਆਰਪੁਰ ਦਾ ਸਮੂਹ ਸਟਾਫ਼ ਹਾਜ਼ਰ ਸੀ।