ਚੰਡੀਗੜ੍ਹ, 25 ਸਤੰਬਰ- ਹਰਿਆਣਾ ਦੇ ਉੱਚ ਸਿੱਖਿਆ ਵਿਭਾਗ ਨੇ ਰਾਜ ਦੇ ਵਿਦਿਆਰਥੀਆਂ ਦੇ ਹਿੱਤ ਵਿੱਚ ਇੱਕ ਵੱਡਾ ਫੈਸਲਾ ਲੈਂਦੇ ਹੋਏ ਅਕਾਦਮਿਕ ਸੈਸ਼ਨ 2026-27 ਦੇ ਦਾਖਲਿਆਂ ਦੀ ਅੰਤਿਮ ਮਿਤੀ ਵਧਾ ਦਿੱਤੀ ਹੈ।

ਹਰਿਆਣਾ ਦੇ ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਸਾਰੇ ਸਰਕਾਰੀ, ਸਰਕਾਰੀ ਸਹਾਇਤਾ ਪ੍ਰਾਪਤ (ਏਡਿਡ) ਅਤੇ ਸਵੈ-ਵਿੱਤੀ (ਸੈਲਫ-ਫਾਈਨਾਂਸ) ਕਾਲਜਾਂ ਵਿੱਚ ਗ੍ਰੈਜੂਏਟ (ਯੂਜੀ) ਅਤੇ ਪੋਸਟ ਗ੍ਰੈਜੂਏਟ (ਪੀਜੀ) ਕੋਰਸਾਂ ਦੇ ਪਹਿਲੇ, ਦੂਜੇ, ਤੀਜੇ ਅਤੇ ਚੌਥੇ ਸਾਲ ਵਿੱਚ ਦਾਖਲੇ ਦੀ ਅੰਤਿਮ ਮਿਤੀ ਨੂੰ ਹੁਣ ਵਧਾ ਕੇ 6 ਅਕਤੂਬਰ 2026 ਕਰ ਦਿੱਤਾ ਗਿਆ ਹੈ।

ਸਿੱਖਿਆ ਮੰਤਰੀ ਸ਼੍ਰੀ ਮਹੀਪਾਲ ਢਾਂਡਾ ਨੇ ਦੱਸਿਆ ਕਿ ਦਾਖਲਾ ਪੋਰਟਲ ਨੂੰ ਮੁੜ ਖੋਲ੍ਹਣ ਅਤੇ ਦਾਖਲੇ ਦੀ ਤਾਰੀਖ਼ ਅੱਗੇ ਵਧਾਉਣ ਨੂੰ ਲੈ ਕੇ ਵਿਭਾਗ ਨੂੰ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲਾਂ ਅਤੇ ਵਿਦਿਆਰਥੀਆਂ ਤੋਂ ਲਗਾਤਾਰ ਬੇਨਤੀਆਂ ਪ੍ਰਾਪਤ ਹੋ ਰਹੀਆਂ ਸਨ। ਵਿਦਿਆਰਥੀਆਂ ਦੀ ਸਹੂਲਤ ਅਤੇ ਉਨ੍ਹਾਂ ਦੀ ਪੜ੍ਹਾਈ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਦਾਖਲਾ ਪੋਰਟਲ ਨੂੰ ਮੁੜ ਖੋਲ੍ਹਣ ਅਤੇ ਅੰਤਿਮ ਮਿਤੀ ਦਾ ਵਿਸਥਾਰ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਉਨ੍ਹਾਂ ਸਾਰੇ ਬਾਕੀ ਰਹਿੰਦੇ ਵਿਦਿਆਰਥੀਆਂ ਨੂੰ ਰਾਹਤ ਮਿਲੇਗੀ ਜੋ ਕਿਸੇ ਕਾਰਨ ਕਰਕੇ ਹੁਣ ਤੱਕ ਆਪਣੀ ਦਾਖਲਾ ਪ੍ਰਕਿਰਿਆ ਪੂਰੀ ਨਹੀਂ ਕਰ ਸਕੇ ਸਨ। ਸਿੱਖਿਆ ਮੰਤਰੀ ਨੇ ਸਾਰੇ ਸੰਬੰਧਿਤ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਯੋਗ ਵਿਦਿਆਰਥੀਆਂ ਦੀ ਦਾਖਲਾ ਪ੍ਰਕਿਰਿਆ ਸਮਾਂਬੱਧ ਅਤੇ ਸੁਚਾਰੂ ਢੰਗ ਨਾਲ ਪੂਰੀ ਕਰਵਾਉਣਾ ਯਕੀਨੀ ਬਣਾਉਣ।