ਸਾਹਿਬਜ਼ਾਦਾ ਅਜੀਤ ਸਿੰਘ ਨਗਰ, 18 ਨਵੰਬਰ:- ਡਿਪਟੀ ਕਮਿਸ਼ਨਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਅਦਿੱਤਿਆ ਡਾਚਲਵਾਲ ਨੇ ਅੱਜ ਪਿੰਡ ਪੱਲਣਪੁਰ, ਨਿਊ ਚੰਡੀਗੜ੍ਹ, ਬਲਾਕ ਮਾਜਰੀ, ਤਹਿਸੀਲ ਖਰੜ ਵਿਖੇ ਦ ਰੈਂਚ ਕਲੱਬ ਵਿਖੇ 27 ਤੋਂ 29 ਨਵੰਬਰ, 2026 ਤੱਕ ਕਰਵਾਏ ਜਾਣ ਵਾਲੇ ਤੀਜੇ ਪੰਜਾਬ ਘੋੜਸਵਾਰੀ ਉਤਸਵ (ਇਕਵੇਸਟ੍ਰੀਅਨ ਫੈਸਟੀਵਲ) 3.0 ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ।

ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਤਿੰਨ ਰੋਜ਼ਾ ਮੇਲੇ ਨੂੰ ‘ਪੰਜਾਬ ਦੇ ਸਭ ਤੋਂ ਵੱਡੇ ਚੈਂਪੀਅਨਾਂ ਦੇ ਮਹਾਂਉਤਸਵ’ ਵਜੋਂ ਉਲੀਕਿਆ ਗਿਆ ਹੈ। ਇਸ ਦੌਰਾਨ ਘੋੜਿਆਂ ਦੇ ਵੱਖ-ਵੱਖ ਮੁਕਾਬਲੇ, ਸ਼ਾਨਦਾਰ ਘੋੜਾ ਪਰੇਡ, ਲੋਕ ਸੰਗੀਤ, ਸੱਭਿਆਚਾਰਕ ਪੇਸ਼ਕਾਰੀਆਂ, ਪੰਜਾਬ ਦੀ ਰਵਾਇਤੀ ਕਲਾ, ਜੀਵਨ ਸ਼ੈਲੀ ਨਾਲ ਸਬੰਧਤ ਸਟਾਲ ਅਤੇ ਪਰਿਵਾਰਾਂ ਲਈ ਮਨੋਰੰਜਨ ਗਤੀਵਿਧੀਆਂ ਖਿੱਚ ਦਾ ਕੇਂਦਰ ਹੋਣਗੀਆਂ।

ਇਸ ਸਬੰਧੀ ਅੱਜ ਸਮਾਗਮ ਵਾਲੇ ਸਥਾਨ ਤੇ ਸੱਦੀ ਗਈ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਸਬੰਧਤ ਵਿਭਾਗਾਂ ਅਤੇ ਗਠਿਤ ਕੀਤੀਆਂ ਨੌਂ ਨੋਡਲ ਕਮੇਟੀਆਂ ਨੂੰ ਆਪਸੀ ਤਾਲਮੇਲ ਨਾਲ ਸਾਰੀਆਂ ਤਿਆਰੀਆਂ ਨਿਰਧਾਰਤ ਸਮੇਂ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਮੇਲੇ ਨੂੰ ਸੁਚਾਰੂ ਅਤੇ ਸਫ਼ਲ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ।

ਉਨ੍ਹਾਂ ਪੁਲਿਸ ਵਿਭਾਗ ਨੂੰ ਸਮਾਗਮ ਦੌਰਾਨ ਅਮਨ-ਕਾਨੂੰਨ ਦੀ ਵਿਵਸਥਾ ਅਤੇ ਆਵਾਜਾਈ ਦੇ ਸੁਚਾਰੂ ਪ੍ਰਬੰਧ ਲਈ ਲੋੜੀਂਦੀ ਪੁਲਿਸ ਫੋਰਸ ਤਾਇਨਾਤ ਕਰਨ, ਸਮਰਪਿਤ ਪੁਲਿਸ ਕੰਟਰੋਲ ਰੂਮ ਸਥਾਪਤ ਕਰਨ ਅਤੇ ਅਹਿਮ ਥਾਵਾਂ ’ਤੇ ਜਨਤਕ ਐਲਾਨ ਪ੍ਰਣਾਲੀ ਨਾਲ ਲੈਸ ਸਹਾਇਤਾ ਕੇਂਦਰ ਬਣਾਉਣ ਦੇ ਨਿਰਦੇਸ਼ ਦਿੱਤੇ।

ਸਮਾਗਮ ਵਾਲੀ ਥਾਂ ’ਤੇ ਬੁਨਿਆਦੀ ਸਹੂਲਤਾਂ ਸਬੰਧੀ ਉਨ੍ਹਾਂ ਸਾਈਟ ਮੈਪ, ਸਟਾਲਾਂ, ਸਟੇਜ, ਪਾਰਕਿੰਗ, ਆਰਜ਼ੀ ਪਖਾਨਿਆਂ, ਪੀਣ ਵਾਲੇ ਪਾਣੀ, ਅੱਗ ਬੁਝਾਊ ਪ੍ਰਬੰਧਾਂ ਅਤੇ ਸਫ਼ਾਈ ਦੇ ਪ੍ਰਬੰਧ ਸਮੇਂ ਸਿਰ ਮੁਕੰਮਲ ਕਰਨ ਲਈ ਕਿਹਾ। ਉਨ੍ਹਾਂ ਮੇਲੇ ਵਾਲੀ ਥਾਂ ਅਤੇ ਉੱਥੇ ਪਹੁੰਚਣ ਵਾਲੀਆਂ ਸੜਕਾਂ ’ਤੇ ਨਿਯਮਤ ਪਾਣੀ ਦਾ ਛਿੜਕਾਅ ਅਤੇ ਸਫ਼ਾਈ ਯਕੀਨੀ ਬਣਾਉਣ ਦੀ ਹਦਾਇਤ ਵੀ ਕੀਤੀ।

ਪਸ਼ੂਆਂ ਦੀ ਦੇਖਭਾਲ ਅਤੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਅਹਿਮੀਅਤ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਪਸ਼ੂ ਪਾਲਣ ਵਿਭਾਗ ਨੂੰ ਭਾਗ ਲੈਣ ਵਾਲੇ ਘੋੜਿਆਂ ਅਤੇ ਹੋਰ ਪਸ਼ੂਆਂ ਲਈ ਪਸ਼ੂ ਡਾਕਟਰੀ ਸਹੂਲਤਾਂ, ਚਾਰੇ ਅਤੇ ਪੀਣ ਵਾਲੇ ਪਾਣੀ ਦੇ ਢੁੱਕਵੇਂ ਪ੍ਰਬੰਧ ਕਰਨ ਲਈ ਕਿਹਾ। ਸਿਹਤ ਵਿਭਾਗ ਨੂੰ ਐਮਰਜੈਂਸੀ ਮੈਡੀਕਲ ਟੀਮਾਂ, ਮੁੱਢਲੀ ਸਹਾਇਤਾ ਅਤੇ ਐਂਬੂਲੈਂਸਾਂ ਤਾਇਨਾਤ ਕਰਨ ਦੇ ਨਿਰਦੇਸ਼ ਦਿੱਤੇ।

ਮੀਟਿੰਗ ਦੌਰਾਨ ਪਤਵੰਤੇ ਮਹਿਮਾਨਾਂ ਦੇ ਸਵਾਗਤ, ਜੱਜਾਂ ਦੀ ਚੋਣ ਅਤੇ ਰਿਹਾਇਸ਼, ਮੁਕਾਬਲਿਆਂ ਦੇ ਨਤੀਜਿਆਂ ਦੀ ਡਿਜੀਟਲ ਤੌਰ ’ਤੇ ਤਿਆਰੀ, ਇਨਾਮ ਵੰਡ ਅਤੇ ਪ੍ਰਚਾਰ ਪ੍ਰਬੰਧਾਂ ਦਾ ਵੀ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਨੇ ਪਿੰਡਾਂ, ਸ਼ਹਿਰਾਂ, ਵਿਦਿਅਕ ਸੰਸਥਾਵਾਂ ਅਤੇ ਵੱਖ-ਵੱਖ ਮੀਡੀਆ ਮੰਚਾਂ ਰਾਹੀਂ ਵਿਆਪਕ ਪ੍ਰਚਾਰ ਕਰਕੇ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।

ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ), ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਸੋਨਮ ਚੌਧਰੀ, ਜੋ ਇਸ ਮੇਲੇ ਲਈ ਨੋਡਲ ਅਫ਼ਸਰ (ਕਨਵੀਨਰ) ਵੀ ਹਨ; ਐੱਸ.ਪੀ. (ਦਿਹਾਤੀ) ਜਸਪਿੰਦਰ ਸਿੰਘ ਗਿੱਲ; ਡੀ.ਐੱਸ.ਪੀ. ਮੁੱਲਾਂਪੁਰ ਹਰਕੀਰਤ ਸਿੰਘ; ਜ਼ਿਲ੍ਹਾ ਖੇਡ ਅਫ਼ਸਰ ਉਮੇਸ਼ਵਰੀ ਸ਼ਰਮਾ; ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ ਪਰਮਬੀਰ ਕੌਰ; ਤਹਿਸੀਲਦਾਰ ਖਰੜ ਹਰਮਿੰਦਰ ਸਿੰਘ ਘੋਲੀਆ; ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਭੁਪਿੰਦਰ ਸਿੰਘ ਅਤੇ ਦ ਰੈਂਚ ਕਲੱਬ ਦੇ ਨੁਮਾਇੰਦੇ ਦੀਪਇੰਦਰ ਸਿੰਘ ਬਰਾੜ ਹਾਜ਼ਰ ਸਨ।