ਗੜ੍ਹਸ਼ੰਕਰ, 28 ਅਕਤੂਬਰ (ਹਰੀ ਕ੍ਰਿਸ਼ਨ ਗੰਗੜ):- ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਮਾਹਿਲਪੁਰ ਦੇ ਪੋਸਟ ਗ੍ਰੈਜੂਏਟ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਉਦਯੋਗਿਕ ਕਾਰਜਾਂ ਅਤੇ ਕਾਰੋਬਾਰ ਦੀ ਵਿਹਾਰਕ ਜਾਣਕਾਰੀ ਦੇਣ ਲਈ ਸੈਲਾ ਖੁਰਦ ਸਥਿਤ ਕੁਆਂਟਮ ਪੇਪਰਜ਼ ਲਿਮਟਿਡ ਦਾ ਵਿਦਿਅਕ ਉਦਯੋਗਿਕ ਦੌਰਾ ਲਗਾਇਆ ਗਿਆ।

ਇਸ ਦੌਰੇ ਦਾ ਉਦੇਸ਼ ਵਿਦਿਆਰਥੀਆਂ ਨੂੰ ਉਦਯੋਗਾਂ ਦੇ ਸਿਧਾਂਤਕ ਅਤੇ ਵਿਹਾਰਕ ਕੰਮਕਾਜ ਬਾਰੇ ਜਾਣਕਾਰੀ ਦੇਣਾ ਸੀ। ਵਿਦਿਆਰਥੀਆਂ ਨੇ ਕਾਗਜ਼ ਨਿਰਮਾਣ ਉਦਯੋਗ ਦੀ ਕਾਰਜਪ੍ਰਣਾਲੀ ਬਾਰੇ ਕੀਮਤੀ ਜਾਣਕਾਰੀ ਹਾਸਲ ਕੀਤੀ, ਜਿਸ ਵਿੱਚ ਉਤਪਾਦਨ ਪ੍ਰਕਿਰਿਆਵਾਂ, ਗੁਣਵੱਤਾ ਨਿਯੰਤਰਣ, ਵਸਤੂ ਪ੍ਰਬੰਧਨ ਅਤੇ ਸਰੋਤਾਂ ਦੀ ਵਰਤੋਂ ਸ਼ਾਮਲ ਸੀ।

ਕਾਮਰਸ ਵਿਭਾਗ ਦੇ ਮੁਖੀ ਡਾ. ਰਾਕੇਸ਼ ਕੁਮਾਰ ਨੇ ਕਿਹਾ ਕਿ ਅਜਿਹੇ ਵਿਦਿਅਕ ਦੌਰੇ ਵਿਦਿਆਰਥੀਆਂ ਦੀ ਵਿਹਾਰਕ ਸਮਝ ਵਧਾਉਣ, ਪੇਸ਼ੇਵਰ ਹੁਨਰ ਵਿਕਸਿਤ ਕਰਨ ਅਤੇ ਭਵਿੱਖ ਦੇ ਕਰੀਅਰ ਲਈ ਤਿਆਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

ਇਸ ਮੌਕੇ ਮਿੱਲ ਦੇ ਪ੍ਰਬੰਧਕਾਂ ਵੱਲੋਂ ਕਾਲਜ ਦੇ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰੇ ਦੌਰਾਨ ਕਾਮਰਸ ਵਿਭਾਗ ਤੋਂ ਪ੍ਰੋ. ਅਮਰਜੀਤ ਲਾਲ, ਪ੍ਰੋ. ਸਵਿਤਾ ਬਾਲੀ, ਪ੍ਰੋ. ਗੁਰਪ੍ਰੀਤ ਕੌਰ ਅਤੇ ਪ੍ਰੋ. ਹਰਪ੍ਰੀਤ ਕੌਰ ਸਮੇਤ ਵਿਦਿਆਰਥੀ ਮੌਜੂਦ ਸਨ।