ਮੋਹਾਲੀ, 30 ਅਕਤੂਬਰ (ਗੁਰਜੀਤ ਬਿੱਲਾ):- ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ.), ਮੋਹਾਲੀ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਦੇ ਸਹਿਯੋਗ ਨਾਲ ਲੋੜਵੰਦ ਪਰਿਵਾਰਾਂ ਦੀਆਂ ਧੀਆਂ ਦੇ ਸਮੂਹਿਕ ਆਨੰਦ ਕਾਰਜ ਗੁਰਦੁਆਰਾ ਨਾਨਕ ਦਰਬਾਰ ਸਾਹਿਬ, ਸੈਕਟਰ 90-91, ਮੋਹਾਲੀ ਵਿਖੇ ਕਰਵਾਏ ਜਾ ਰਹੇ ਹਨ। ਇਸ ਪ੍ਰੋਗਰਾਮ ਦੇ ਪ੍ਰਬੰਧਾਂ ਨੂੰ ਅੰਤਿਮ ਰੂਪ ਦੇਣ ਲਈ ਸੋਸਾਇਟੀ ਮੈਂਬਰਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਸਮੁੱਚੇ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਟੇਟ ਐਵਾਰਡੀ ਅਤੇ ਸੋਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਨੇ ਦੱਸਿਆ ਕਿ ਸਰਬ ਸਾਂਝਾ ਵੈਲਫੇਅਰ ਸੋਸਾਇਟੀ (ਰਜਿ.), ਮੋਹਾਲੀ ਵੱਲੋਂ ਵਿਧਾਇਕ ਕੁਲਵੰਤ ਸਿੰਘ ਦੀ ਸਰਪ੍ਰਸਤੀ ਹੇਠ ਹਰ ਸਾਲ ਲੋੜਵੰਦ ਧੀਆਂ ਦੇ ਸਮੂਹਿਕ ਆਨੰਦ ਕਾਰਜ ਕਰਵਾਏ ਜਾਂਦੇ ਹਨ। ਇਸ ਸਾਲ ਇਹ ਪ੍ਰੋਗਰਾਮ 1 ਨਵੰਬਰ 2026, ਦਿਨ ਐਤਵਾਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸਵੇਰੇ 10 ਵਜੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਨ੍ਹਾਂ ਦਾ ਭੋਗ 1 ਨਵੰਬਰ ਨੂੰ ਸਵੇਰੇ 8 ਵਜੇ ਪਾਇਆ ਜਾਵੇਗਾ। ਬਰਾਤਾਂ ਦਾ ਸਵਾਗਤ ਸਵੇਰੇ 9 ਵਜੇ ਕੀਤਾ ਜਾਵੇਗਾ ਅਤੇ ਬਰਾਤੀਆਂ ਲਈ ਸਵੇਰੇ 11 ਵਜੇ ਨਾਸ਼ਤੇ ਦਾ ਪ੍ਰਬੰਧ ਹੋਵੇਗਾ। ਇਸ ਤੋਂ ਬਾਅਦ ਸਵੇਰੇ 11:30 ਵਜੇ ਆਨੰਦ ਕਾਰਜ ਦੀਆਂ ਰਸਮਾਂ ਕਰਵਾਈਆਂ ਜਾਣਗੀਆਂ। ਦੁਪਹਿਰ 1:30 ਵਜੇ ਲੰਗਰ ਦਾ ਪ੍ਰਬੰਧ ਹੋਵੇਗਾ।
ਫੂਲਰਾਜ ਸਿੰਘ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੁਭਾਗੇ ਜੋੜਿਆਂ ਨੂੰ ਅਸ਼ੀਰਵਾਦ ਦੇਣ ਲਈ ਸਾਰਿਆਂ ਨੂੰ ਪ੍ਰੋਗਰਾਮ ਵਿੱਚ ਪਹੁੰਚਣ ਦਾ ਖੁੱਲ੍ਹਾ ਸੱਦਾ ਦਿੱਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਤੋਂ ਇਲਾਵਾ ਮਾਲਵਿੰਦਰ ਸਿੰਘ ਕੰਗ, ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਮੈਂਬਰ; ਸਰਬਜੀਤ ਸਿੰਘ ਸਮਾਣਾ, ਮੋਹਾਲੀ ਨਗਰ ਨਿਗਮ ਦੇ ਮੇਅਰ; ਸ਼੍ਰੀਮਤੀ ਪ੍ਰਭਜੋਤ ਕੌਰ, ਚੇਅਰਪਰਸਨ ਜ਼ਿਲ੍ਹਾ ਯੋਜਨਾ ਬੋਰਡ, ਮੋਹਾਲੀ; ਸ਼੍ਰੀਮਤੀ ਦਮਨਦੀਪ ਕੌਰ, ਐਸ.ਡੀ.ਐਮ. ਮੋਹਾਲੀ; ਹਰਸਿਮਰਨ ਸਿੰਘ ਬਲ, ਡੀ.ਐਸ.ਪੀ. ਮੋਹਾਲੀ; ਆਰ.ਪੀ. ਸ਼ਰਮਾ; ਹਰਪਾਲ ਸਿੰਘ ਚੰਨਾ; ਡਾ. ਐਸ.ਪੀ. ਸਿੰਘ, ਐਮ.ਡੀ., ਗਰੁੱਪ ਆਫ਼ ਇੰਡਸ ਹਸਪਤਾਲ; ਗੁਰਮੀਤ ਸਿੰਘ, ਸਕੱਤਰ ਅਤੇ ਟਰੱਸਟੀ, ਸੁਹਾਣਾ ਹਸਪਤਾਲ; ਹਰਮਿੰਦਰ ਬਜਾਜ, ਪ੍ਰੋਪਰਾਈਟਰ; ਡਾ. ਐਸ.ਐਸ. ਭਵਰਾ, ਡਾਇਰੈਕਟਰ, ਜੇ.ਐਲ.ਪੀ.ਐਲ.; ਪਰਮਜੀਤ ਸਿੰਘ ਚੌਹਾਨ, ਡਾਇਰੈਕਟਰ, ਜੇ.ਐਲ.ਪੀ.ਐਲ.; ਡਾ. ਲਖਵਿੰਦਰ ਸਿੰਘ; ਭਗਵਾਨ ਸਿੰਘ ਗਿੱਲ, ਐਮ.ਡੀ.; ਕੁਲਦੀਪ ਸਿੰਘ ਸਮਾਣਾ; ਅਸ਼ਵਨੀ ਸ਼ਰਮਾ, ਮੈਨੇਜਿੰਗ ਡਾਇਰੈਕਟਰ, ਰਬਾਬ ਮਿਊਜ਼ਿਕ ਪ੍ਰੋਡਕਸ਼ਨ, ਮੋਹਾਲੀ; ਸ਼੍ਰੀਮਤੀ ਜਗਜੀਤ ਕੌਰ ਕਾਹਲੋਂ, ਚੇਅਰਪਰਸਨ, ਹਰੀ ਸਿੰਘ ਮੈਮੋਰੀਅਲ ਚੈਰੀਟੇਬਲ ਸੋਸਾਇਟੀ, ਮੋਹਾਲੀ; ਹਰਜਿੰਦਰ ਸਿੰਘ ਰੰਗੀ, ਐਮ.ਡੀ., ਹਾਈਲੈਂਡ ਮੇ ਫੀਲਡ; ਗੁਰਮੀਤ ਸਿੰਘ ਵਾਲੀਆ, ਪ੍ਰਾਈਡ ਕੈਟਰਰਜ਼; ਸਮਾਜ ਸੇਵੀ ਨੌਨਿਹਾਲ ਸਿੰਘ ਸੋਢੀ ਅਤੇ ਦਮਨਦੀਪ ਸਿੰਘ ਔਜਲਾ ਵਿਸ਼ੇਸ਼ ਤੌਰ 'ਤੇ ਪ੍ਰੋਗਰਾਮ ਵਿੱਚ ਸ਼ਮੂਲੀਅਤ ਕਰਨਗੇ।
ਸੋਸਾਇਟੀ ਦੇ ਪ੍ਰਧਾਨ ਫੂਲਰਾਜ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ, ਮੋਹਾਲੀ; ਲਾਇਨਜ਼ ਕਲੱਬ ਪੰਚਕੂਲਾ ਪ੍ਰੀਮੀਅਰ ਅਤੇ ਜੇ.ਐਲ. ਪ੍ਰੋਡਕਸ਼ਨ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਸੋਸਾਇਟੀ ਵੱਲੋਂ ਵਿਆਹ ਵਾਲੀਆਂ ਲੜਕੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੱਖ-ਵੱਖ ਘਰੇਲੂ ਅਤੇ ਵਿਆਹ ਸਬੰਧੀ ਸਮਾਨ ਦਿੱਤਾ ਜਾਵੇਗਾ। ਇਸ ਵਿੱਚ ਲੜਕੀ ਲਈ 11 ਸੂਟ, ਲੜਕੇ ਲਈ 2 ਸੂਟ, ਸੱਸ ਲਈ 2 ਸੂਟ ਅਤੇ ਸਹੁਰੇ ਲਈ 1 ਸੂਟ, ਸਟੀਲ ਦੇ 51 ਬਰਤਨਾਂ ਦਾ ਸੈੱਟ, ਇੱਕ ਕੁੱਕਰ, 4 ਕੁਰਸੀਆਂ, ਇੱਕ ਮੇਜ਼, ਇੱਕ ਬੈੱਡ ਸੈੱਟ, ਗਰਮ ਬਿਸਤਰਿਆਂ ਦੇ 2 ਸੈੱਟ, ਠੰਢੇ ਬਿਸਤਰਿਆਂ ਦੇ 2 ਸੈੱਟ, ਮਿਲਣੀ ਲਈ ਇੱਕ ਕੰਬਲ, ਇੱਕ ਪੱਖਾ, ਇੱਕ ਸਾਈਕਲ, ਲੜਕੇ ਅਤੇ ਲੜਕੀ ਲਈ ਇੱਕ-ਇੱਕ ਘੜੀ, ਮੇਕਅੱਪ ਬਾਕਸ, ਟਰੰਕ, ਅਟੈਚੀ, ਸਿਲਾਈ ਮਸ਼ੀਨ ਅਤੇ ਸੋਨੇ ਦਾ ਕੋਕਾ ਸ਼ਾਮਲ ਹੈ।
ਫੂਲਰਾਜ ਸਿੰਘ ਨੇ ਅੱਗੇ ਦੱਸਿਆ ਕਿ ਇਸ ਸਮਾਗਮ ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨ ਲਈ ਅੱਜ ਬਾਅਦ ਦੁਪਹਿਰ ਸਰਬ ਸਾਂਝਾ ਵੈਲਫੇਅਰ ਸੋਸਾਇਟੀ ਅਤੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਸੋਸਾਇਟੀ ਅਤੇ ਕਲੱਬ ਦੇ ਸਮੂਹ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਸਮੂਹਿਕ ਆਨੰਦ ਕਾਰਜ ਨਾਲ ਸਬੰਧਤ ਆਪਣੀਆਂ-ਆਪਣੀਆਂ ਜ਼ਿੰਮੇਵਾਰੀਆਂ ਸੰਭਾਲੀਆਂ। ਮੀਟਿੰਗ ਵਿੱਚ ਗੁਰਦੀਪ ਸਿੰਘ ਟਿਵਾਣਾ, ਸੀਨੀਅਰ ਮੀਤ ਪ੍ਰਧਾਨ; ਨਿਹਾਲ ਸਿੰਘ ਵਿਰਕ, ਮੀਤ ਪ੍ਰਧਾਨ; ਪਲਵਿੰਦਰ ਸਿੰਘ ਗੁਰਾਇਆ, ਮੀਤ ਪ੍ਰਧਾਨ; ਗੁਰਵੀਰ ਸਿੰਘ ਬੱਗਾ, ਜਨਰਲ ਸਕੱਤਰ; ਗੁਰਮੀਤ ਸਿੰਘ ਸੈਣੀ, ਖਜ਼ਾਨਚੀ; ਭੁਪਿੰਦਰ ਸਿੰਘ, ਕਬੱਡੀ ਕੋਚ ਅਤੇ ਪ੍ਰਧਾਨ, ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ; ਸਰਪ੍ਰਸਤ ਹਰਮੇਸ਼ ਸਿੰਘ ਕੁੰਮੜਾ ਅਤੇ ਹਰਮਿੰਦਰ ਸਿੰਘ ਮਾਖਾ, ਜਨਰਲ ਸਕੱਤਰ ਵੀ ਹਾਜ਼ਰ ਰਹੇ।
