ਲਾਲੜੂ, 16 ਸਤੰਬਰ:-ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ‘ਮੁੱਖ ਮੰਤਰੀ ਤੀਰਥ ਸਥਾਨ ਯਾਤਰਾ ਯੋਜਨਾ’ ਤਹਿਤ ਅੱਜ ਲਾਲੜੂ ਹਲਕੇ ਤੋਂ ਤਿੰਨ ਬੱਸਾਂ ਤੀਰਥ ਸਥਾਨਾਂ ਲਈ ਰਵਾਨਾ ਕੀਤੀਆਂ ਗਈਆਂ। ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਜੀ ਨੇ ਪਿੰਡ ਬਟੌਲੀ ਤੋਂ 139ਵੀਂ, ਪਿੰਡ ਕੁਰਲੀ ਤੋਂ 140ਵੀਂ ਅਤੇ ਪਿੰਡ ਝਰਮੜੀ ਤੋਂ 141ਵੀਂ ਬੱਸ ਨੂੰ ਸੰਗਤਾਂ ਸਮੇਤ ਰਵਾਨਾ ਕੀਤਾ।
ਇਸ ਮੌਕੇ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਧਾਰਮਿਕ ਆਸਥਾ ਨਾਲ ਜੁੜੀਆਂ ਸੰਗਤਾਂ ਲਈ ਇਹ ਯੋਜਨਾ ਇੱਕ ਸੁਵਿਧਾਜਨਕ ਯਾਤਰਾ ਸੇਵਾ ਵਜੋਂ ਚਲਾਈ ਜਾ ਰਹੀ ਹੈ, ਜਿਸ ਰਾਹੀਂ ਵੱਖ-ਵੱਖ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਜਾਣ ਵਾਲੀਆਂ ਸੰਗਤਾਂ ਨੂੰ ਯਾਤਰਾ ਦੀ ਸਹੂਲਤ ਮਿਲ ਰਹੀ ਹੈ।
ਉਨ੍ਹਾਂ ਕਿਹਾ ਕਿ ਤੀਰਥ ਸਥਾਨਾਂ ਦੇ ਦਰਸ਼ਨ ਕਰਨਾ ਸੰਗਤਾਂ ਦੀ ਲੰਮੇ ਸਮੇਂ ਤੋਂ ਆਸਥਾ ਅਤੇ ਇੱਛਾ ਨਾਲ ਜੁੜਿਆ ਹੋਇਆ ਹੈ। ਮੁੱਖ ਮੰਤਰੀ ਤੀਰਥ ਸਥਾਨ ਯਾਤਰਾ ਰਾਹੀਂ ਸਰਕਾਰ ਵੱਲੋਂ ਇਸ ਆਸਥਾ ਨੂੰ ਸਹੂਲਤ ਨਾਲ ਜੋੜਨ ਦਾ ਉਪਰਾਲਾ ਕੀਤਾ ਗਿਆ ਹੈ। ਉਨ੍ਹਾਂ ਤੀਰਥ ਯਾਤਰਾ ’ਤੇ ਜਾ ਰਹੀਆਂ ਸੰਗਤਾਂ ਨੂੰ ਸ਼ੁਭਕਾਮਨਾਵਾਂ ਦਿੰਦਿਆਂ ਸਰਬੱਤ ਦੇ ਭਲੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਹਲਕੇ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰੀ ਖੇਤਰਾਂ ਤੋਂ ਸੰਗਤਾਂ ਨੂੰ ਤੀਰਥ ਸਥਾਨਾਂ ਦੇ ਦਰਸ਼ਨਾਂ ਲਈ ਬੱਸਾਂ ਦੀ ਇਹ ਸੇਵਾ ਲਗਾਤਾਰ ਮੁਹੱਈਆ ਕਰਵਾਈ ਜਾ ਰਹੀ ਹੈ। ਲਾਲੜੂ ਖੇਤਰ ਤੋਂ ਅੱਜ ਰਵਾਨਾ ਹੋਈਆਂ ਤਿੰਨ ਬੱਸਾਂ ਸਮੇਤ ਤੀਰਥ ਯਾਤਰਾ ਲਈ ਰਵਾਨਾ ਕੀਤੀਆਂ ਗਈਆਂ ਬੱਸਾਂ ਦੀ ਗਿਣਤੀ 141 ਤੱਕ ਪਹੁੰਚ ਗਈ ਹੈ।
ਇਸ ਮੌਕੇ ਸੰਗਤਾਂ ਵਿੱਚ ਯਾਤਰਾ ਨੂੰ ਲੈ ਕੇ ਵਿਸ਼ੇਸ਼ ਉਤਸ਼ਾਹ ਦੇਖਣ ਨੂੰ ਮਿਲਿਆ। ਸੰਗਤਾਂ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਲਈ ਧੰਨਵਾਦ ਪ੍ਰਗਟ ਕੀਤਾ ਗਿਆ।