ਨਵਾਂਸ਼ਹਿਰ, 3 ਫ਼ਰਵਰੀ:- ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਦਿਨ ਨੂੰ ਸਮਰਪਿਤ ਕਰਵਾਏ ਜਾ ਰਹੇ ਸਮਾਗਮਾ ਦਾ ਸ੍ਰੀ ਚਰਨਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਦੀ ਸਮੁੱਚੀ ਕਮੇਟੀ ਪੂਰਨ ਤੌਰ ਤੇ ਸਮਰਥਨ ਕਰਦੀ ਹੈ, ਹਰ ਸਮਾਗਮ 'ਚ ਪ੍ਰਬੰਧਕ ਕਮੇਟੀ ਅਤੇ ਗੁਰੂ ਘਰ ਨਾਲ ਜੁੜੀ ਸੰਗਤ ਸ਼ਮੂਲੀਅਤ ਕਰੇਗੀ | ਇਹ ਜਾਣਕਾਰੀ ਚਰਨਛੋਹ ਗੰਗਾ ਅੰਮਿ੍ਤਕੁੰਡ ਸੱਚਖੰਡ ਸ੍ਰੀ ਖ਼ੁਰਾਲਗੜ੍ਹ ਸਾਹਿਬ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੰਤ ਸੁਰਿੰਦਰ ਦਾਸ ਨੇ ਗੱਲਬਾਤ ਕਰਦਿਆਂ ਦਿੱਤੀ |
ਉਨ੍ਹਾਂ ਆਖਿਆ ਕਿ ਜਿਸ ਦਿਨ ਤੋਂ ਪੰਜਾਬ ਸਰਕਾਰ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ 'ਚ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ 650ਵੇਂ ਜਨਮ ਦਿਨ ਨੂੰ ਸਮਰਪਿਤ ਸਮਾਗਮ ਕਰਵਾਉਣ ਦੇ ਫੈਸਲੇ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਮਿਲੀ ਉਸ ਦਾ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵਲੋਂ ਨਿੱਘਾ ਸਵਾਗਤ ਕਰਦਿਆਂ ਇਹ ਫੈਸਲਾ ਕੀਤਾ ਗਿਆ ਕਿ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਇਕ ਚੰਗਾ ਉਪਰਾਲਾ ਕਰ ਰਹੀ ਹੈ ਜਿਸ ਕਰਕੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਅਤੇ ਸਮੁੱਚੀ ਸਾਧ ਸੰਗਤ ਨੂੰ ਇਨ੍ਹਾਂ ਸਮਾਗਮਾਂ 'ਚ ਵੱਧ ਚੜ੍ਹਕੇ ਹਿੰਸਾ ਲੈਣਾ ਚਾਹੀਦਾ ਹੈ |
ਉਨ੍ਹਾਂ ਆਖਿਆ ਕਿ ਕਮੇਟੀ ਦੇ ਕੇਂਦਰੀ ਚੇਅਰਮੈਨ ਬੀਬੀ ਕਮਲੇਸ਼ ਕੌਰ ਘੇੜਾ, ਕੇਂਦਰੀ ਪ੍ਰਧਾਨ ਐਲ ਆਰ ਵਿਰਦੀ, ਗੁਰੂ ਘਰ ਦੀ ਕਮੇਟੀ ਦੇ ਚੇਅਰਮੈਨ ਸ੍ਰੀ ਨਾਜਰ ਰਾਮ ਮਾਨ, ਰਾਜ ਕੁਮਾਰ ਡੋਗਰਪੁਰ, ਸੁਖਚੈਨ ਸਿੰਘ ਕਾਲਾ, ਗੁਰੂ ਘਰ ਦੀ ਸਵਾਗਤੀ ਕਮੇਟੀ ਦੇ ਸੀਨੀਅਰ ਮੈਂਬਰ ਜਗਦੀਸ਼ ਕੁਮਾਰ, ਮਨਜੀਤ ਮੁੱਗੋਵਾਲ, ਸੰਤ ਕਰਮ ਚੰਦ, ਪੀ ਐਲ ਸੂਦ, ਗਿਰਧਾਰੀ ਲਾਲ, ਦਿਆਲ ਚੰਦ ਬੰਗਾ, ਦਲਵੀਰ ਰਾਜੂ, ਸੁਰਜੀਤ ਖਾਨਪੁਰੀ ਅਤੇ ਹੋਰ ਮੈਂਬਰਾਂ ਵਲੋਂ ਇਸ ਕਾਰਜ ਲਈ ਸਹਿਮਤੀ ਪ੍ਰਗਟ ਕੀਤੀ ਗਈ ਹੈ ਕਿ ਗੁਰੂ ਜੀ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮਾਂ 'ਚ ਵੱਡੇ ਪੱਧਰ ਤੇ ਸ਼ਮੂਲੀਅਤ ਕੀਤੀ ਜਾਵੇ |
