ਮਾਹਿਲਪੁਰ - ਦਸ਼ਮੇਸ਼ ਸਪੋਰਟਸ ਐਂਡ ਵੈਲਫੇਅਰ ਕਲੱਬ ਚੰਦੇਲੀ ਅਤੇ ਗ੍ਰਾਮ ਪੰਚਾਇਤ ਨੇ ਫੁੱਟਬਾਲ ਲੀਗ ਦਾ ਪ੍ਰਬੰਧ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਖੇਡ ਸਟੇਡੀਅਮ ਵਿੱਚ ਕੀਤਾ। ਜਿਸ ਵਿੱਚ ਦੂਰ ਨੇੜੇ ਦੀਆਂ 18 ਪੇਂਡੂ ਕਲੱਬਾਂ ਨੇ ਭਾਗ ਲਿਆ। ਇਸ ਲੀਗ ਦੌਰਾਨ ਪੇਂਡੂ ਕਲੱਬਾਂ ਵਿੱਚ ਪਿੰਡਾਂ ਦੇ ਕੌਮੀ ਤੇ ਕੌਮਾਂਤਰੀ ਖਿਡਾਰੀ ਵੀ ਭਾਗ ਲੈਂਦੇ ਰਹੇ। 
ਉਹਨਾਂ ਆਪੋ ਆਪਣੇ ਪਿੰਡ ਦੇ ਖੇਡ ਕਲੱਬ ਵਿੱਚ ਆਪਣੀ ਸ਼ਾਨਦਾਰ ਖੇਡ ਦਾ ਮੁਜ਼ਾਹਰਾ ਕਰਕੇ ਨਵੇਂ ਖਿਡਾਰੀਆਂ ਨੂੰ ਨਵੀਆਂ ਜੁਗਤਾਂ ਸਿਖਾਈਆਂ। ਟੂਰਨਾਮੈਂਟ ਦਾ ਸ਼ਾਨਦਾਰ ਆਯੋਜਨ ਕਰਨ ਵਿੱਚ ਪਿੰਡ ਦੀ ਸਰਪੰਚ ਮੈਡਮ ਕਮਲ ਅਤੇ ਗ੍ਰਾਮ ਪੰਚਾਇਤ ਮੈਂਬਰ ਸ਼੍ਰੀਮਤੀ ਵਰਖਾ ਪਵਾਰ,ਅਮਰਜੀਤ ਕੌਰ, ਜਸਵਿੰਦਰ ਸਿੰਘ, ਅਮਰਜੀਤ ਸਿੰਘ ਨੇ ਪੂਰਨ ਸਹਿਯੋਗ ਦਿੱਤਾ।
     ਫਾਈਨਲ ਮੁਕਾਬਲੇ ਵਿੱਚ ਮੁੱਖ ਮਹਿਮਾਨ ਵਜੋਂ ਖੇਡ ਲੇਖਕ ਬਲਜਿੰਦਰ ਮਾਨ ਸ਼ਾਮਿਲ ਹੋਏ। ਉਹਨਾਂ ਆਪਣੇ ਸੰਬੋਧਨ ਵਿੱਚ ਖਿਡਾਰੀਆਂ ਨੂੰ ਚੰਗੀਆਂ ਆਦਤਾਂ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੰਦਿਆਂ ਕਿਹਾ ਕਿ ਜਿਹੜੇ ਖਿਡਾਰੀ ਇੱਕ ਚਿੱਤ ਹੋ ਕੇ ਖੇਡ ਕਲਾ ਨੂੰ ਨਿਖਾਰਦੇ ਹਨ ਉਹ ਜ਼ਿੰਦਗੀ ਵਿੱਚ ਸਫ਼ਲਤਾ ਪ੍ਰਾਪਤ ਕਰਦੇ ਹਨ।  ਉਹਨਾਂ ਕਲੱਬ ਦੇ ਪ੍ਰਧਾਨ ਸ਼ਾਇਰ ਜੀਵਨ ਚੰਦੇਲੀ ਅਤੇ ਨੌਜਵਾਨ ਸਰਪੰਚ ਮੈਡਮ ਕਮਲ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਹਨਾਂ ਵੱਲੋਂ ਦਿਨ ਰਾਤ ਇੱਕ ਕਰਕੇ ਨਵੀਂ ਪਨੀਰੀ ਨੂੰ ਸਹੀ ਦਿਸ਼ਾ ਪ੍ਰਧਾਨ ਕੀਤੀ ਜਾ ਰਹੀ ਹੈ। 
ਇਸ ਮੌਕੇ ਉਹਨਾਂ ਐਨਆਰਆਈ ਵੀਰਾਂ ਦੇ ਸਹਿਯੋਗ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਕੀ ਉਹ ਪ੍ਰਦੇਸਾਂ ਵਿੱਚ ਬੈਠ ਕੇ ਆਪਣੀ ਮਿੱਟੀ ਨਾਲ ਮੋਹ ਪਾਲ਼ ਰਹੇ ਹਨ। ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰਿੰ. ਸਰਬਜੀਤ ਸਿੰਘ , ਗੁਰਜਿੰਦਰ ਸਿੰਘ ਲਵਲੀ, ਅਮਰਦੀਪ ਸਿੰਘ, ਅਰਵਿੰਦਰ ਸਿੰਘ ਸੋਢੀ, ਜਗਦੀਸ਼ ਪਾਲ ,ਹਰਜੀਤ ਸਿੰਘ ਲਾਡੀ, ਰਾਜਿੰਦਰ ਸਿੰਘ ਕਟੋਚ ਅਤੇ ਅਮਰੀਕ ਸਿੰਘ ਮੀਕਾ ਸ਼ਾਮਿਲ ਹੋਏ।
      ਫਾਈਨਲ ਮੁਕਾਬਲੇ ਦੇ ਪਹਿਲੇ ਅੱਧ ਤੱਕ ਪਿੰਡ ਕੁਕੜਾਂ ਦੀ ਟੀਮ ਇੱਕ ਗੋਲ ਨਾਲ ਫਤਿਹਪੁਰ ਕੋਠੀ ਤੋਂ ਅੱਗੇ ਸੀ। ਖੇਡ ਦੇ ਦੂਸਰੇ ਅੱਧ ਦੇ ਸ਼ੁਰੂ ਹੁੰਦਿਆਂ ਹੀ ਫਤਿਹਪੁਰ ਕੋਠੀ ਦੀ ਟੀਮ ਨੇ ਇੱਕ ਗੋਲ ਦਾਗ ਕੇ ਬਰਾਬਰੀ ਪ੍ਰਾਪਤ ਕਰ ਲਈ। ਆਖਰੀ ਮਿੰਟਾਂ ਵਿੱਚ ਕੁੱਕੜਾਂ ਦੀ ਟੀਮ ਦੂਸਰਾ ਗੋਲ ਦਾਗਣ ਵਿੱਚ ਕਾਮਯਾਬ ਹੋ ਗਈ। 
ਇਸ ਤਰ੍ਹਾਂ ਕੁਕੜਾਂ ਦੀ ਟੀਮ 21 ਹਜ਼ਾਰ ਦਾ ਨਗਦ ਇਨਾਮ ਅਤੇ ਟਰਾਫੀ ਜਿੱਤਣ ਵਿੱਚ ਸਫ਼ਲ ਰਹੀ ਜਦਕਿ ਫਤਿਹਪੁਰ ਕੋਠੀ ਨੂੰ 11 ਹਜ਼ਾਰ ਅਤੇ ਟਰਾਫੀ ਨਾਲ ਹੀ ਸਬਰ ਕਰਨਾ ਪਿਆ। ਇਸ ਮੌਕੇ ਪਿੰਡ ਦੇ ਨੰਨੇ ਮੁੰਨੇ ਖਿਡਾਰੀਆਂ ਨੂੰ ਸਰਵਣ ਸਿੰਘ ਖਾਬੜਾ ਦੇ ਪਰਿਵਾਰ ਵੱਲੋਂ ਬੂਟ, ਕਿੱਟ ਅਤੇ ਨਗਦ ਇਨਾਮ ਦਿੱਤੇ ਗਏ। ਲੀਗ ਦਾ ਬੈਸਟ ਪਲੇਅਰ ਤੰਨੂ ਅਤੇ ਇਸ ਹਫ਼ਤੇ ਦਾ ਬੈਸਟ ਪਲੇਅਰ ਹਰਨਵ ਬਣਿਆ। 
ਫੁੱਟਬਾਲ ਲੀਗ ਨੂੰ ਸ਼ਾਨਦਾਰ ਢੰਗ ਨਾਲ ਸਿਰੇ ਚੜ੍ਹਾਉਣ ਵਿੱਚ ਪਰਮਜੀਤ ਸਿੰਘ ਬੈਂਸ, ਜਤਿੰਦਰ ਸਿੰਘ ਰਿਆਤ ਅਤੇ ਜਸਰਾਜ ਮਾਹੀਆ ਸਮੇਤ ਐਨਆਰਆਈ ਵੀਰਾਂ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਸਭ ਦਾ ਧੰਨਵਾਦ ਕਰਦਿਆਂ ਕਲੱਬ ਦੇ ਪ੍ਰਧਾਨ ਜੀਵਨ ਚੰਦੇਲੀ ਨੇ ਕਿਹਾ ਕਿ ਅਸੀਂ ਐਨਆਰਆਈ ਵੀਰਾਂ ਦੇ ਵਿਸ਼ੇਸ਼ ਤੌਰ ਤੇ ਰਿਣੀ ਹਾਂ ਜਿਹੜੇ ਸਾਨੂੰ ਉਚੇਚਾ ਸਹਿਯੋਗ ਦੇ ਰਹੇ ਹਨ। ਸਾਡਾ ਉਦੇਸ਼ ਨਵੀਂ ਪਨੀਰੀ ਨੂੰ ਸਹੀ ਦਿਸ਼ਾ ਪ੍ਰਧਾਨ ਕਰਨਾ ਹੈ। ਉਹਨਾਂ ਸਾਰੇ ਸਹਿਯੋਗੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਇਸ ਟੂਰਨਾਮੈਂਟ ਵਿੱਚ ਯੋਗਦਾਨ ਪਾਉਣ ਵਾਲਿਆਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ।