ਚੰਡੀਗੜ੍ਹ, 24 ਨਵੰਬਰ (ਪੈਗਾਮ-ਏ-ਜਗਤ):- ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸਮਰੱਥ ਪੰਚਾਇਤਾਂ ਅਤੇ ਜਵਾਬਦੇਹ ਨਗਰਪਾਲਿਕਾਵਾਂ ਹੀ ਵਿਕਸਿਤ ਹਰਿਆਣਾ ਦੀ ਮਜ਼ਬੂਤ ਨੀਂਹ ਹਨ। ਸਰਕਾਰ ਦਾ ਟੀਚਾ ਸਥਾਨਕ ਸੰਸਥਾਵਾਂ ਨੂੰ ਸਿਰਫ਼ ਪ੍ਰਸ਼ਾਸਨਿਕ ਇਕਾਈਆਂ ਤੱਕ ਸੀਮਤ ਰੱਖਣ ਦੀ ਬਜਾਏ ਉਨ੍ਹਾਂ ਨੂੰ ਅਧਿਕਾਰਾਂ, ਸਮਰੱਥਾਵਾਂ ਅਤੇ ਆਪਣੇ ਵਿੱਤੀ ਸਰੋਤਾਂ ਨਾਲ ਲੈਸ ਪ੍ਰਭਾਵਸ਼ਾਲੀ ਸਥਾਨਕ ਸਰਕਾਰਾਂ ਵਜੋਂ ਵਿਕਸਿਤ ਕਰਨਾ ਹੈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਮੰਗਲਵਾਰ ਨੂੰ ਗੁਰੂਗ੍ਰਾਮ ਵਿਖੇ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਨੂੰ ਮਜ਼ਬੂਤ ਬਣਾਉਣ ਦੇ ਵਿਸ਼ੇ ’ਤੇ ਆਯੋਜਿਤ ਦੋ ਰੋਜ਼ਾ ਰਾਸ਼ਟਰੀ ਸੰਮੇਲਨ ਦੇ ਸਮਾਪਤੀ ਸਮਾਰੋਹ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਵਿਕਾਸ ਅਤੇ ਪੰਚਾਇਤ ਮੰਤਰੀ ਸ੍ਰੀ ਕ੍ਰਿਸ਼ਨ ਲਾਲ ਪੰਵਾਰ ਅਤੇ ਉਦਯੋਗ ਤੇ ਵਣਜ ਮੰਤਰੀ ਰਾਓ ਨਰਬੀਰ ਸਿੰਘ ਵੀ ਮੌਜੂਦ ਰਹੇ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਸ ਸੰਮੇਲਨ ਵਿੱਚ ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਜਨ ਪ੍ਰਤੀਨਿਧੀਆਂ, ਮਾਹਿਰਾਂ ਅਤੇ ਨੀਤੀ-ਨਿਰਮਾਤਾਵਾਂ ਨੇ ਆਪਣੇ ਤਜਰਬੇ, ਨਵੀਨਤਾਵਾਂ ਅਤੇ ਸਫਲ ਪ੍ਰਯੋਗ ਸਾਂਝੇ ਕੀਤੇ ਹਨ। ਦੋ ਦਿਨਾਂ ਦੇ ਡੂੰਘੇ ਵਿਚਾਰ-ਵਟਾਂਦਰੇ ਨਾਲ ਸਥਾਨਕ ਸਵੈ-ਸ਼ਾਸਨ ਨੂੰ ਮਜ਼ਬੂਤ ਬਣਾਉਣ ਲਈ ਇੱਕ ਵਿਹਾਰਕ ਰੋਡਮੈਪ ਤਿਆਰ ਹੋਇਆ ਹੈ। ਇਹ ਸੰਮੇਲਨ ਸਥਾਨਕ ਸਵੈ-ਸ਼ਾਸਨ ਦੀ ਨੀਂਹ ਮਜ਼ਬੂਤ ਕਰਨ ਵਿੱਚ ਮੀਲ ਦਾ ਪੱਥਰ ਸਾਬਤ ਹੋਵੇਗਾ।
ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ ਦੀ ਅਸਲ ਤਾਕਤ ਸਕੱਤਰੇਤਾਂ ਦੀਆਂ ਫਾਈਲਾਂ ਵਿੱਚ ਨਹੀਂ, ਸਗੋਂ ਪਿੰਡਾਂ ਦੀਆਂ ਗਲੀਆਂ ਅਤੇ ਸ਼ਹਿਰਾਂ ਦੇ ਮੁਹੱਲਿਆਂ ਵਿੱਚ ਵੱਸਦੀ ਹੈ। ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗ੍ਰਾਮ ਸਵਰਾਜ ਦਾ ਸੁਪਨਾ ਦੇਖਿਆ ਸੀ ਅਤੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਵਿਕਸਿਤ ਭਾਰਤ-2047 ਦਾ ਵਿਸ਼ਾਲ ਟੀਚਾ ਦੇਸ਼ ਦੇ ਸਾਹਮਣੇ ਰੱਖਿਆ ਹੈ। ਇਨ੍ਹਾਂ ਦੋਵਾਂ ਟੀਚਿਆਂ ਦੀ ਪ੍ਰਾਪਤੀ ਦਾ ਰਾਹ ਪਿੰਡ ਦੀ ਚੌਪਾਲ ਅਤੇ ਸ਼ਹਿਰ ਦੇ ਵਾਰਡ ਵਿੱਚੋਂ ਹੋ ਕੇ ਲੰਘਦਾ ਹੈ। ਵਿਕਸਿਤ ਭਾਰਤ ਦੀ ਸ਼ਾਨਦਾਰ ਇਮਾਰਤ ਦੀ ਨੀਂਹ ਪੰਚਾਇਤਾਂ ਅਤੇ ਵਾਰਡਾਂ ਵਿੱਚ ਹੀ ਰੱਖੀ ਜਾਵੇਗੀ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਪਿਛਲੇ 12 ਸਾਲਾਂ ਵਿੱਚ ਭਲਾਈ ਸਕੀਮਾਂ ਰਾਹੀਂ ਦੇਸ਼ ਦੇ 50 ਕਰੋੜ ਲੋਕਾਂ ਨੂੰ ਗਰੀਬੀ ਰੇਖਾ ਤੋਂ ਬਾਹਰ ਕੱਢਿਆ ਹੈ, ਜੋ ਵਿਸ਼ਵ ਪੱਧਰ ’ਤੇ ਇੱਕ ਰਿਕਾਰਡ ਹੈ।
**ਸਥਾਨਕ ਸੰਸਥਾਵਾਂ ਦੀ ਵਿੱਤੀ ਆਤਮਨਿਰਭਰਤਾ ਜ਼ਰੂਰੀ**
ਮੁੱਖ ਮੰਤਰੀ ਨੇ ਕਿਹਾ ਕਿ ਸੰਮੇਲਨ ਵਿੱਚ ਤਿੰਨ ਮਹੱਤਵਪੂਰਨ ਵਿਸ਼ਿਆਂ- ਮਾਲੀਆ ਜੁਟਾਉਣਾ ਅਤੇ ਵਿੱਤੀ ਆਤਮਨਿਰਭਰਤਾ, ਖੁਦਮੁਖਤਿਆਰੀ ਅਤੇ ਜਵਾਬਦੇਹੀ ਅਤੇ ਪ੍ਰਭਾਵਸ਼ਾਲੀ ਸੇਵਾਵਾਂ ਦੀ ਵੰਡ ਤੇ ਸਮਾਵੇਸ਼ੀ ਭਾਗੀਦਾਰੀ ’ਤੇ ਵਿਸਥਾਰ ਨਾਲ ਚਰਚਾ ਹੋਈ ਹੈ। ਇਸ ਅਨੁਸਾਰ ਕੋਈ ਵੀ ਸਰਕਾਰ ਉਦੋਂ ਹੀ ਸੁਤੰਤਰ ਅਤੇ ਪ੍ਰਭਾਵਸ਼ਾਲੀ ਫ਼ੈਸਲੇ ਲੈ ਸਕਦੀ ਹੈ, ਜਦੋਂ ਉਸ ਦਾ ਵਿੱਤੀ ਆਧਾਰ ਮਜ਼ਬੂਤ ਹੋਵੇ।
ਉਨ੍ਹਾਂ ਦੱਸਿਆ ਕਿ ਹਰਿਆਣਾ ਸਰਕਾਰ ਨੇ ਪੰਚਾਇਤਾਂ ਨੂੰ ਸਿੱਧੇ ਵਿੱਤੀ ਸਰੋਤ ਤਬਦੀਲ ਕਰਨ ਦੀ ਪਾਰਦਰਸ਼ੀ ਵਿਵਸਥਾ ਬਣਾਈ ਹੈ। ਇਸ ਤੋਂ ਇਲਾਵਾ ਸਟੈਂਪ ਡਿਊਟੀ ਅਤੇ ਬਿਜਲੀ ਦੀ ਖਪਤ ਦੇ ਹਿੱਸੇ ਤੋਂ ਪੰਚਾਇਤਾਂ ਦੀ ਨਿਯਮਤ ਆਮਦਨ ਯਕੀਨੀ ਬਣਾਈ ਗਈ ਹੈ। ਸ਼ਹਿਰੀ ਸਥਾਨਕ ਸੰਸਥਾਵਾਂ ਨੂੰ ਆਰਥਿਕ ਤੌਰ ’ਤੇ ਮਜ਼ਬੂਤ ਬਣਾਉਣ ਲਈ ਪੂੰਜੀ ਮੁੱਲ ’ਤੇ ਆਧਾਰਿਤ ਜਾਇਦਾਦ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਹੈ।
ਮੁੱਖ ਮੰਤਰੀ ਨੇ ਪੰਚਾਇਤੀ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੀਆਂ ਸਾਂਝੀਆਂ ਜ਼ਮੀਨਾਂ, ਛੱਪੜਾਂ ਅਤੇ ਭਾਈਚਾਰਕ ਜਾਇਦਾਦਾਂ ਨੂੰ ਆਮਦਨ ਦੇ ਸਥਾਈ ਸਰੋਤ ਵਜੋਂ ਵਿਕਸਿਤ ਕਰਨ। ਉੱਥੇ ਹੀ ਨਗਰਪਾਲਿਕਾਵਾਂ ਸਰਲ ਅਤੇ ਪ੍ਰਭਾਵਸ਼ਾਲੀ ਟੈਕਸ ਵਸੂਲੀ ਪ੍ਰਣਾਲੀ ਅਪਣਾ ਕੇ ਆਪਣੀ ਵਿੱਤੀ ਸਮਰੱਥਾ ਵਧਾਉਣ। ਉਨ੍ਹਾਂ ਕਿਹਾ ਕਿ ਗ੍ਰਾਂਟ ਨਾਲ ਕੰਮ ਚੱਲਦਾ ਹੈ, ਪਰ ਆਪਣੀ ਆਮਦਨ ਨਾਲ ਭਵਿੱਖ ਬਣਦਾ ਹੈ।
**ਸਥਾਨਕ ਸੰਸਥਾਵਾਂ ਲਈ 2 ਫ਼ੀਸਦੀ ਵਾਧੂ 'ਮੈਚਿੰਗ ਗ੍ਰਾਂਟ' ਦੇਣ ਦਾ ਐਲਾਨ**
ਮੁੱਖ ਮੰਤਰੀ ਨੇ ਸਥਾਨਕ ਸੰਸਥਾਵਾਂ ਨੂੰ ਵਿੱਤੀ ਤੌਰ ’ਤੇ ਹੋਰ ਮਜ਼ਬੂਤ ਬਣਾਉਣ ਲਈ ਸੂਬੇ ਦੇ ਆਪਣੇ ਟੈਕਸ ਮਾਲੀਏ (SOTR) ਦਾ 2 ਫ਼ੀਸਦੀ ਵਾਧੂ ਫੰਡ 'ਮੈਚਿੰਗ ਗ੍ਰਾਂਟ' ਵਜੋਂ ਦੇਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰਾਂ ਦੀਆਂ ਸਥਾਨਕ ਸੰਸਥਾਵਾਂ ਅਤੇ ਪੰਚਾਇਤੀ ਰਾਜ ਸੰਸਥਾਵਾਂ ਆਪਣੇ ਪ੍ਰੋਜੈਕਟ ਪ੍ਰਸਤਾਵਾਂ ਦੇ ਆਧਾਰ ’ਤੇ ਮੁਕਾਬਲੇਬਾਜ਼ੀ ਦੇ ਢੰਗ ਨਾਲ ਇਸ ਵਾਧੂ ਰਾਸ਼ੀ ਦਾ ਲਾਭ ਪ੍ਰਾਪਤ ਕਰ ਸਕਣਗੀਆਂ। ਮੌਜੂਦਾ ਸਮੇਂ ਵਿੱਚ ਸੂਬਾ ਸਰਕਾਰ ਆਪਣੇ ਟੈਕਸ ਮਾਲੀਏ ਦਾ 7 ਫ਼ੀਸਦੀ ਹਿੱਸਾ ਸਥਾਨਕ ਸੰਸਥਾਵਾਂ ਨੂੰ ਅਲਾਟ ਕਰ ਰਹੀ ਹੈ।
ਉਨ੍ਹਾਂ ਕਿਹਾ ਕਿ ਸਥਾਨਕ ਸੰਸਥਾਵਾਂ ਨੂੰ ਆਤਮਨਿਰਭਰ ਬਣਾਉਣ ਲਈ ਆਪਣੇ ਮਾਲੀਆ ਸਰੋਤ ਵਿਕਸਿਤ ਕਰਨਾ ਜ਼ਰੂਰੀ ਹੈ। ਇਸ ਦਿਸ਼ਾ ਵਿੱਚ ਉਨ੍ਹਾਂ ਦੇ ਯਤਨਾਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ 'ਮੈਚਿੰਗ ਗ੍ਰਾਂਟ' ਦੇਣ ਦਾ ਵੀ ਫ਼ੈਸਲਾ ਕੀਤਾ ਹੈ। ਇਸ ਤਹਿਤ ਜਿਹੜੀ ਵੀ ਸਥਾਨਕ ਸੰਸਥਾ ਆਪਣੇ ਪੱਧਰ ’ਤੇ ਵਾਧੂ ਵਿੱਤੀ ਸਰੋਤ ਜੁਟਾਏਗੀ, ਸੂਬਾ ਸਰਕਾਰ ਉਨੀ ਹੀ ਰਕਮ ਮੈਚਿੰਗ ਗ੍ਰਾਂਟ ਵਜੋਂ ਮੁਹੱਈਆ ਕਰਵਾਏਗੀ। ਇਸ ਨਾਲ ਸਥਾਨਕ ਸੰਸਥਾਵਾਂ ਵੱਲੋਂ ਜੁਟਾਏ ਗਏ ਹਰੇਕ ਵਾਧੂ ਰੁਪਏ ਨਾਲ ਸਰਕਾਰ ਦਾ ਸਹਿਯੋਗ ਵੀ ਜੁੜੇਗਾ ਅਤੇ ਖੇਤਰ ਦੇ ਵਿਕਾਸ ਲਈ ਉਪਲਬਧ ਸਰੋਤ ਦੁੱਗਣੇ ਹੋ ਸਕਣਗੇ।
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਜਿਹੜੀ ਸਥਾਨਕ ਸੰਸਥਾ ਦੀ ਅਗਵਾਈ ਆਪਣੇ ਖੇਤਰ ਵਿੱਚ ਸਭ ਤੋਂ ਵੱਧ ਖੁਦ ਦਾ ਮਾਲੀਆ ਇਕੱਠਾ ਕਰਨ ਵਿੱਚ ਸਫਲ ਰਹੇਗੀ, ਉਸ ਨੂੰ ਸੂਬਾ ਪੱਧਰ ’ਤੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਅਤੇ ਪੁਰਸਕਾਰਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਸਥਾਨਕ ਸੰਸਥਾਵਾਂ ਵਿੱਚ ਸਿਹਤਮੰਦ ਮੁਕਾਬਲੇਬਾਜ਼ੀ, ਪਾਰਦਰਸ਼ੀ ਸ਼ਾਸਨ ਅਤੇ ਬਿਹਤਰ ਵਿੱਤੀ ਪ੍ਰਬੰਧਨ ਨੂੰ ਉਤਸ਼ਾਹਿਤ ਕਰੇਗਾ।
**ਸਥਾਨਕ ਸੰਸਥਾਵਾਂ ਨੂੰ ਜਨਤਕ ਸੇਵਾਵਾਂ ਦੀਆਂ ਜ਼ਿੰਮੇਵਾਰੀਆਂ ਮਿਲਣਗੀਆਂ**
ਮੁੱਖ ਮੰਤਰੀ ਨੇ ਕਿਹਾ ਕਿ ਸਥਾਨਕ ਸੰਸਥਾਵਾਂ ਨੂੰ ਅਸਲ ਅਧਿਕਾਰ ਅਤੇ ਸ਼ਕਤੀਆਂ ਪ੍ਰਦਾਨ ਕਰਨ ਦੀ ਦਿਸ਼ਾ ਵਿੱਚ ਸਰਕਾਰ ਇੱਕ ਵੱਡਾ ਨੀਤੀਗਤ ਕਦਮ ਚੁੱਕਣ ਜਾ ਰਹੀ ਹੈ। ਇਸ ਤਹਿਤ ਆਉਣ ਵਾਲੇ ਸਮੇਂ ਵਿੱਚ ਪੜਾਅਵਾਰ ਢੰਗ ਨਾਲ ਜਨ ਸਿਹਤ ਇੰਜੀਨੀਅਰਿੰਗ, ਪੀਣ ਵਾਲੇ ਪਾਣੀ ਦੀ ਸਪਲਾਈ ਅਤੇ ਅੱਗ ਬੁਝਾਊ ਸੇਵਾਵਾਂ ਵਰਗੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਸਥਾਨਕ ਸੰਸਥਾਵਾਂ ਨੂੰ ਸੌਂਪੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਸਥਾਨਕ ਸੰਸਥਾਵਾਂ ਦੀ ਫ਼ੈਸਲੇ ਲੈਣ ਦੀ ਸਮਰੱਥਾ ਵਧੇਗੀ ਅਤੇ ਉਹ ਆਪਣੇ ਖੇਤਰ ਦੀਆਂ ਲੋੜਾਂ ਅਨੁਸਾਰ ਜਨਤਕ ਸੇਵਾਵਾਂ ਦਾ ਬਿਹਤਰ ਪ੍ਰਬੰਧ ਕਰ ਸਕਣਗੀਆਂ।
**ਖੁਦਮੁਖਤਿਆਰੀ ਦੇ ਨਾਲ ਜਵਾਬਦੇਹੀ ਵੀ ਜ਼ਰੂਰੀ**
ਮੁੱਖ ਮੰਤਰੀ ਨੇ ਕਿਹਾ ਕਿ ਸਥਾਨਕ ਸੰਸਥਾਵਾਂ ਨੂੰ ਵਧੇਰੇ ਵਿੱਤੀ ਅਤੇ ਪ੍ਰਸ਼ਾਸਨਿਕ ਅਧਿਕਾਰ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਜਵਾਬਦੇਹੀ ਵੀ ਯਕੀਨੀ ਬਣਾਉਣੀ ਜ਼ਰੂਰੀ ਹੈ। ਖੁਦਮੁਖਤਿਆਰੀ ਅਤੇ ਜਵਾਬਦੇਹੀ ਇੱਕੋ ਸਿੱਕੇ ਦੇ ਦੋ ਪਹਿਲੂ ਹਨ। ਇਸ ਲਈ ਪਾਰਦਰਸ਼ਤਾ, ਜਾਇਦਾਦਾਂ ਦੀ ਸਹੀ ਮੈਪਿੰਗ, ਸਮੇਂ ਸਿਰ ਆਡਿਟ ਅਤੇ ਮਜ਼ਬੂਤ ਲੇਖਾ ਪ੍ਰਣਾਲੀ ਲਾਜ਼ਮੀ ਹੈ। ਇਸ ਦਿਸ਼ਾ ਵਿੱਚ ਤਕਨਾਲੋਜੀ ਅਤੇ ਡਿਜੀਟਲੀਕਰਨ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
ਉਨ੍ਹਾਂ ਕਿਹਾ ਕਿ ਈ-ਗ੍ਰਾਮ ਸਵਰਾਜ, ਡਿਜੀਟਲ ਜਾਇਦਾਦ ਰਿਕਾਰਡ ਅਤੇ ਆਨਲਾਈਨ ਸ਼ਿਕਾਇਤ ਨਿਵਾਰਣ ਪ੍ਰਣਾਲੀਆਂ ਦਾ ਉਦੇਸ਼ ਕਾਗਜ਼ੀ ਕਾਰਵਾਈ ਘਟਾਉਣਾ ਅਤੇ ਸ਼ਾਸਨ ਨੂੰ ਆਮ ਨਾਗਰਿਕਾਂ ਤੱਕ ਪਹੁੰਚਾਉਣਾ ਹੈ। ਜਦੋਂ ਪੰਚਾਇਤਾਂ ਅਤੇ ਨਗਰਪਾਲਿਕਾਵਾਂ ਦਾ ਹਰੇਕ ਪੈਸਾ ਇਮਾਨਦਾਰੀ ਅਤੇ ਪਾਰਦਰਸ਼ਤਾ ਨਾਲ ਵਿਕਾਸ ਕਾਰਜਾਂ ’ਤੇ ਖਰਚ ਹੋਵੇਗਾ, ਉਦੋਂ ਹੀ ਅਸਲ ਸੁਸ਼ਾਸਨ ਸਥਾਪਿਤ ਹੋਵੇਗਾ।
**ਵਿਕਾਸ ਦਾ ਪੈਮਾਨਾ ਆਮ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਬਦਲਾਅ**
ਮੁੱਖ ਮੰਤਰੀ ਨੇ ਕਿਹਾ ਕਿ ਵਿਕਾਸ ਦੇ ਅੰਕੜੇ ਉਦੋਂ ਹੀ ਸਾਰਥਕ ਹਨ, ਜਦੋਂ ਉਨ੍ਹਾਂ ਨਾਲ ਆਮ ਆਦਮੀ ਦੇ ਜੀਵਨ ਪੱਧਰ ਵਿੱਚ ਸਕਾਰਾਤਮਕ ਬਦਲਾਅ ਆਵੇ। ਸਾਫ਼ ਪੀਣ ਵਾਲਾ ਪਾਣੀ, ਠੋਸ ਕੂੜਾ ਪ੍ਰਬੰਧਨ, ਸੁਗਮ ਸੜਕਾਂ, ਆਧੁਨਿਕ ਲਾਇਬ੍ਰੇਰੀਆਂ ਅਤੇ ਸਾਫ਼-ਸੁਥਰਾ ਵਾਤਾਵਰਨ ਹਰੇਕ ਨਾਗਰਿਕ ਦੀ ਬੁਨਿਆਦੀ ਲੋੜ ਅਤੇ ਅਧਿਕਾਰ ਹਨ।
ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਹਰਿਆਣਾ ਵਿੱਚ ਕੂੜੇ ਤੋਂ ਊਰਜਾ ਪੈਦਾ ਕਰਨ ਵਾਲੇ ਚਾਰ ਵੱਡੇ ਕਲੱਸਟਰ ਪ੍ਰੋਜੈਕਟਾਂ ਅਤੇ 350 ਈ-ਅਟਲ ਲਾਇਬ੍ਰੇਰੀਆਂ ਵਰਗੀਆਂ ਪਹਿਲਕਦਮੀਆਂ ਦੀ ਸੰਮੇਲਨ ਵਿੱਚ ਸ਼ਲਾਘਾ ਹੋਈ ਹੈ। ਇਨ੍ਹਾਂ ਯਤਨਾਂ ਨਾਲ ਜਿੱਥੇ ਕੂੜੇ ਦੀ ਵਰਤੋਂ ਊਰਜਾ ਉਤਪਾਦਨ ਵਿੱਚ ਹੋਵੇਗੀ, ਉੱਥੇ ਹੀ ਪੇਂਡੂ ਖੇਤਰਾਂ ਵਿੱਚ ਡਿਜੀਟਲ ਗਿਆਨ ਦੇ ਨਵੇਂ ਦਰਵਾਜ਼ੇ ਖੁੱਲ੍ਹਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਪੰਚਾਇਤੀ ਰਾਜ ਸੰਸਥਾਵਾਂ ਵਿੱਚ ਪੱਛੜਾ ਵਰਗ-ਬੀ ਨੂੰ ਰਾਖਵੇਂਕਰਨ ਰਾਹੀਂ ਨੁਮਾਇੰਦਗੀ ਦਿੱਤੀ ਹੈ। ਇਸ ਤੋਂ ਇਲਾਵਾ ਗ੍ਰਾਮ ਜਲ ਅਤੇ ਸੀਵਰੇਜ ਕਮੇਟੀਆਂ ਵਿੱਚ ਔਰਤਾਂ ਦੀ ਘੱਟੋ-ਘੱਟ 50 ਫ਼ੀਸਦੀ ਭਾਗੀਦਾਰੀ ਯਕੀਨੀ ਬਣਾਈ ਗਈ ਹੈ। ਇਸ ਨਾਲ ਸਥਾਨਕ ਸ਼ਾਸਨ ਵਿੱਚ ਸਮਾਜ ਦੇ ਸਾਰੇ ਵਰਗਾਂ ਦੀ ਭਾਗੀਦਾਰੀ ਵਧੀ ਹੈ।
**ਹਰਿਆਣਾ-ਵਿਸ਼ੇਸ਼ ਸੁਧਾਰ ਰੋਡਮੈਪ ਕਾਰਜ ਯੋਜਨਾ ਦਾ ਆਧਾਰ ਬਣੇਗਾ**
ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਸੰਮੇਲਨ ਦੀ ਸਫਲਤਾ ਦਾ ਮੁਲਾਂਕਣ ਇਸ ਗੱਲ ਤੋਂ ਹੁੰਦਾ ਹੈ ਕਿ ਉਸ ਤੋਂ ਬਾਅਦ ਜ਼ਮੀਨੀ ਪੱਧਰ ’ਤੇ ਕੀ ਬਦਲਾਅ ਆਇਆ। ਉਨ੍ਹਾਂ ਜਨ ਪ੍ਰਤੀਨਿਧੀਆਂ ਨੂੰ ਅਪੀਲ ਕੀਤੀ ਕਿ ਸੰਮੇਲਨ ਵਿੱਚ ਮਿਲੇ ਸੌ ਚੰਗੇ ਵਿਚਾਰਾਂ ਵਿੱਚੋਂ ਘੱਟੋ-ਘੱਟ ਇੱਕ ਵਿਚਾਰ ਨੂੰ ਆਪਣੀਆਂ ਸਥਾਨਕ ਲੋੜਾਂ ਅਨੁਸਾਰ ਅਪਣਾ ਕੇ ਜ਼ਮੀਨੀ ਪੱਧਰ ’ਤੇ ਲਾਗੂ ਕਰਨ। ਉਨ੍ਹਾਂ ਦੱਸਿਆ ਕਿ ਦੋਵਾਂ ਸਬੰਧਤ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਅਤੇ ਪ੍ਰੋਫੈਸਰ ਵੀ.ਐਨ. ਆਲੋਕ ਦੀ ਅਗਵਾਈ ਹੇਠ ਪੇਸ਼ ਕੀਤਾ ਗਿਆ ਹਰਿਆਣਾ-ਵਿਸ਼ੇਸ਼ ਸੁਧਾਰ ਰੋਡਮੈਪ ਸਿਰਫ਼ ਇੱਕ ਦਸਤਾਵੇਜ਼ ਨਹੀਂ, ਸਗੋਂ ਆਉਣ ਵਾਲੇ ਸਾਲਾਂ ਲਈ ਕਾਰਜ ਸੰਕਲਪ ਹੈ। ਇਹ ਰੋਡਮੈਪ ਅਲਮਾਰੀ ਦੀ ਸ਼ੋਭਾ ਬਣਨ ਦੀ ਬਜਾਏ ਸਰਕਾਰ ਦੀ ਕਾਰਜ ਯੋਜਨਾ ਦਾ ਆਧਾਰ ਬਣੇਗਾ।
ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸੰਮੇਲਨ ਤੋਂ ਪ੍ਰਾਪਤ ਠੋਸ ਸਿਫ਼ਾਰਸ਼ਾਂ ਅਤੇ ਜਨ ਪ੍ਰਤੀਨਿਧੀਆਂ ਦੇ ਫੀਡਬੈਕ ਨੂੰ ਗੰਭੀਰਤਾ ਨਾਲ ਇਕੱਠਾ ਕਰਕੇ ਸਮਾਂਬੱਧ ਕਾਰਜ ਯੋਜਨਾ ਤਿਆਰ ਕੀਤੀ ਜਾਵੇ। ਇਨ੍ਹਾਂ ਦਾ ਹਰਿਆਣਾ ਵਿਜ਼ਨ-2047 ਅਤੇ ਪ੍ਰਧਾਨ ਮੰਤਰੀ ਵਿਕਸਿਤ ਗ੍ਰਾਮ ਸਵਰਾਜ ਯੋਜਨਾ ਨਾਲ ਪੂਰਾ ਤਾਲਮੇਲ ਸਥਾਪਿਤ ਕੀਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਹਰੇਕ ਸੁਝਾਅ ’ਤੇ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਹਰ ਫੀਡਬੈਕ ਦਾ ਹਿਸਾਬ ਰੱਖਿਆ ਜਾਣਾ ਚਾਹੀਦਾ ਹੈ।
**ਜਨ ਪ੍ਰਤੀਨਿਧੀ ਆਪਣੇ ਕੰਮਾਂ ਰਾਹੀਂ ਜਨਤਾ ਦੇ ਵਿਸ਼ਵਾਸ ’ਤੇ ਖਰੇ ਉਤਰਨ**
ਮੁੱਖ ਮੰਤਰੀ ਨੇ ਸਰਪੰਚਾਂ, ਪੰਚਾਂ, ਕੌਂਸਲਰਾਂ, ਮੇਅਰਾਂ ਅਤੇ ਨਗਰ ਨਿਗਮਾਂ ਦੇ ਪ੍ਰਧਾਨਾਂ ਨੂੰ ਕਿਹਾ ਕਿ ਉਹ ਲੋਕਤੰਤਰੀ ਵਿਵਸਥਾ ਦੇ ਅਸਲ ਝੰਡਾਬਰਦਾਰ ਹਨ। ਜਨਤਾ ਨੇ ਉਨ੍ਹਾਂ ਨੂੰ ਚੁਣ ਕੇ ਜ਼ਿੰਮੇਵਾਰੀ ਸੌਂਪੀ ਹੈ ਅਤੇ ਹੁਣ ਉਨ੍ਹਾਂ ਨੂੰ ਆਪਣੇ ਕੰਮਾਂ ਰਾਹੀਂ ਇਹ ਸਾਬਤ ਕਰਨਾ ਹੈ ਕਿ ਜਨਤਾ ਦਾ ਫ਼ੈਸਲਾ ਸਹੀ ਸੀ।
ਉਨ੍ਹਾਂ ਕਿਹਾ ਕਿ ਸਰਕਾਰ ਸਰੋਤ ਅਤੇ ਨੀਤੀਆਂ ਮੁਹੱਈਆ ਕਰਵਾ ਸਕਦੀ ਹੈ, ਪਰ ਤਰਜੀਹਾਂ ਤੈਅ ਕਰਨਾ, ਸਹੀ ਥਾਂ ’ਤੇ ਸਹੀ ਕੰਮ ਕਰਵਾਉਣਾ ਅਤੇ ਉਸ ਨੂੰ ਸਮੇਂ ਸਿਰ ਪੂਰਾ ਕਰਨਾ ਜਨ ਪ੍ਰਤੀਨਿਧੀਆਂ ਦੀ ਜ਼ਿੰਮੇਵਾਰੀ ਹੈ। ਇਸੇ ਤਰ੍ਹਾਂ ਸਰਕਾਰੀ ਯੋਜਨਾਵਾਂ ਦਾ ਲਾਭ ਹਰੇਕ ਯੋਗ ਵਿਅਕਤੀ ਤੱਕ ਪਹੁੰਚਾਉਣ ਵਿੱਚ ਵੀ ਉਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੈ। ਉਨ੍ਹਾਂ ਗ੍ਰਾਮ ਸਭਾਵਾਂ ਅਤੇ ਵਾਰਡ ਕਮੇਟੀਆਂ ਨੂੰ ਸਰਗਰਮ ਬਣਾਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਜਦੋਂ ਗ੍ਰਾਮ ਸਭਾ ਜੀਵੰਤ ਹੁੰਦੀ ਹੈ, ਤਾਂ ਯੋਜਨਾ ਸਰਕਾਰ ਦੀ ਨਹੀਂ, ਸਗੋਂ ਜਨਤਾ ਦੀ ਬਣ ਜਾਂਦੀ ਹੈ। ਪੰਚਾਇਤਾਂ ਅਤੇ ਨਗਰਪਾਲਿਕਾਵਾਂ ਦਾ ਸਸ਼ਕਤੀਕਰਨ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਅਜਿਹਾ ਕਰਨ ਵਾਲਿਆਂ ਨੂੰ ਜਨਤਾ ਲੰਬੇ ਸਮੇਂ ਤੱਕ ਯਾਦ ਰੱਖਦੀ ਹੈ।
ਮੁੱਖ ਮੰਤਰੀ ਨੇ ਸੰਮੇਲਨ ਦੇ ਸਫਲ ਅਤੇ ਸੁਚੱਜੇ ਆਯੋਜਨ ਲਈ ਸਵਰਨ ਜਯੰਤੀ ਹਰਿਆਣਾ ਵਿੱਤੀ ਪ੍ਰਬੰਧਨ ਸੰਸਥਾਨ, ਗੁਰੂਗ੍ਰਾਮ ਯੂਨੀਵਰਸਿਟੀ, ਸਬੰਧਤ ਵਿਭਾਗਾਂ, ਵਿਸ਼ਾ ਮਾਹਿਰਾਂ ਅਤੇ ਖੋਜਾਰਥੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਕੇਂਦਰੀ ਮੰਤਰੀ ਸ੍ਰੀ ਮਨੋਹਰ ਲਾਲ ਦਾ ਧੰਨਵਾਦ ਕੀਤਾ, ਜਿਨ੍ਹਾਂ ਦੇ ਮਾਰਗਦਰਸ਼ਨ ਅਤੇ ਤਜਰਬੇ ਨੇ ਸੰਮੇਲਨ ਨੂੰ ਰਾਸ਼ਟਰੀ ਪੱਧਰ ਦੀ ਗਰਿਮਾ ਪ੍ਰਦਾਨ ਕੀਤੀ।
ਮੁੱਖ ਮੰਤਰੀ ਨੇ ਕਿਹਾ ਕਿ ਸਾਡਾ ਸੰਕਲਪ ਅਜਿਹਾ ਸਸ਼ਕਤ ਹਰਿਆਣਾ ਬਣਾਉਣ ਦਾ ਹੈ, ਜਿੱਥੇ ਪਿੰਡਾਂ ਵਿੱਚ ਸ਼ਹਿਰਾਂ ਵਰਗੀਆਂ ਆਧੁਨਿਕ ਸਹੂਲਤਾਂ ਹੋਣ ਅਤੇ ਸ਼ਹਿਰਾਂ ਵਿੱਚ ਪਿੰਡਾਂ ਵਰਗੀ ਆਪਣਾਪਣ ਦੀ ਭਾਵਨਾ ਹੋਵੇ। ਜਦੋਂ ਹਰਿਆਣਾ ਦੀ ਹਰੇਕ ਪੰਚਾਇਤ ਅਤੇ ਨਗਰਪਾਲਿਕਾ ਆਤਮਨਿਰਭਰ ਅਤੇ ਸੰਵੇਦਨਸ਼ੀਲ ਬਣੇਗੀ, ਉਦੋਂ ਹੀ ਸੂਬਾ ਦੇਸ਼ ਦਾ ਮੋਹਰੀ ਸੂਬਾ ਬਣੇਗਾ ਅਤੇ ਭਾਰਤ ਨੂੰ ਸਾਲ 2047 ਤੱਕ ਵਿਕਸਿਤ ਰਾਸ਼ਟਰ ਬਣਾਉਣ ਦਾ ਟੀਚਾ ਸਾਕਾਰ ਹੋਵੇਗਾ।
ਇਸ ਮੌਕੇ ਪਟੌਦੀ ਦੀ ਵਿਧਾਇਕਾ ਸ੍ਰੀਮਤੀ ਬਿਮਲਾ ਚੌਧਰੀ, ਗੁਰੂਗ੍ਰਾਮ ਦੇ ਵਿਧਾਇਕ ਸ੍ਰੀ ਮੁਕੇਸ਼ ਸ਼ਰਮਾ, ਸੋਹਨਾ ਦੇ ਵਿਧਾਇਕ ਸ੍ਰੀ ਤੇਜਪਾਲ ਤੰਵਰ, ਵਿਕਾਸ ਅਤੇ ਪੰਚਾਇਤ ਵਿਭਾਗ ਦੇ ਵਧੀਕ ਮੁੱਖ ਸਕੱਤਰ ਸ੍ਰੀ ਵਿਜੇਂਦਰ ਕੁਮਾਰ, ਸ਼ਹਿਰੀ ਸਥਾਨਕ ਸੰਸਥਾਵਾਂ ਵਿਭਾਗ ਦੇ ਕਮਿਸ਼ਨਰ ਸ੍ਰੀ ਅਸ਼ੋਕ ਕੁਮਾਰ ਮੀਣਾ, ਮੁੱਖ ਮੰਤਰੀ ਦੇ ਓਐੱਸਡੀ ਅਤੇ ਸਵਰਨ ਜਯੰਤੀ ਹਰਿਆਣਾ ਰਾਜਕੋਸ਼ੀ ਪ੍ਰਬੰਧਨ ਸੰਸਥਾਨ ਦੇ ਡਾਇਰੈਕਟਰ ਜਨਰਲ ਡਾ. ਰਾਜ ਨਹਿਰੂ, ਭਾਰਤੀ ਲੋਕ ਪ੍ਰਸ਼ਾਸਨ ਸੰਸਥਾਨ ਦੇ ਪ੍ਰੋਫੈਸਰ ਵੀ.ਐਨ. ਆਲੋਕ ਅਤੇ ਗੁਰੂਗ੍ਰਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਸ੍ਰੀ ਸੰਜੇ ਕੌਸ਼ਿਕ ਸਮੇਤ ਕਈ ਪਤਵੰਤੇ ਮੌਜੂਦ ਸਨ।
