ਰਤੀਆ, 03 ਅਕਤੂਬਰ (ਐਡਵੋਕੇਟ ਗੁਰਪ੍ਰੀਤ ਸਿੰਘ ਮੰਡੇਰ):- ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਰਤੀਆ ਵਿੱਚ 5 ਅਕਤੂਬਰ ਦੇ ਰੋਸ ਮਾਰਚ ਪ੍ਰੋਗਰਾਮ ਲਈ ਖੇਤਰ ਦੇ ਵੱਖ-ਵੱਖ ਪਿੰਡਾਂ ਵਿੱਚ 3 ਟੀਮਾਂ ਵੱਲੋਂ ਰੂਟ ਬਣਾ ਕੇ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਸੰਗਤ ਰੋਸ ਮਾਰਚ ਵਿੱਚ ਸ਼ਾਮਲ ਹੋ ਸਕੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਾਕਾ ਸਿੰਘ ਲਧੁਵਾਸ ਨੇ ਦੱਸਿਆ ਕਿ ਪਿਛਲੇ 3 ਦਿਨਾਂ ਤੋਂ ਰਤੀਆ ਖੇਤਰ ਦੇ ਪਿੰਡਾਂ ਅਤੇ ਸ਼ਹਿਰ ਵਿੱਚ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਨੂੰ ਗੁਰਦੁਆਰਾ ਕਮੇਟੀਆਂ ਅਤੇ ਸੰਗਤ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਪੁਰਾਣਾ ਬਾਜ਼ਾਰ ਗੁਰਦੁਆਰਾ ਸ੍ਰੀ ਗੁਰੂ ਗ੍ਰੰਥ ਸਾਹਿਬ ਸਾਹਿਬ ਰਤੀਆ ਤੋਂ ਤਹਿਸੀਲ ਤੱਕ ਵਿਸ਼ਾਲ ਰੋਸ ਮਾਰਚ ਕੱਢਿਆ ਜਾਵੇਗਾ ਅਤੇ ਜੇਲ੍ਹਾਂ ਵਿੱਚ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੰਘਾਂ ਦੀ ਰਿਹਾਈ ਸਬੰਧੀ ਪ੍ਰਸ਼ਾਸਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ।

ਰੋਸ ਪ੍ਰੋਗਰਾਮ ਸਬੰਧੀ ਪਹਿਲੀ ਟੀਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਾਕਾ ਸਿੰਘ ਲਧੁਵਾਸ ਵੱਲੋਂ ਟੀਮ ਵਿੱਚ ਸ਼ਾਮਲ ਮਨਜੀਤ ਸਿੰਘ, ਅਜੈਬ ਸਿੰਘ ਮੰਡੇਰ, ਰਣਜੀਤ ਸਿੰਘ ਮੈਂਬਰਾਂ ਸਮੇਤ ਪਿੰਡ ਬ੍ਰਾਹਮਣਵਾਲਾ ਪਲਾਟ, ਮਿਰਾਣਾ ਢਾਣੀ, ਬੋੜਾ, ਬਲਿਆਲਾ, ਤੇਲੀਵਾੜਾ ਸਮੇਤ ਪਿੰਡਾਂ ਵਿੱਚ ਗੁਰਦੁਆਰਾ ਕਮੇਟੀਆਂ ਨੂੰ ਰੋਸ ਮਾਰਚ ਪ੍ਰੋਗਰਾਮ ਸਬੰਧੀ ਜਾਣਕਾਰੀ ਦੇ ਕੇ ਸ਼ਾਮਲ ਹੋਣ ਦੀ ਅਪੀਲ ਕੀਤੀ ਗਈ। ਦੂਜੀ ਟੀਮ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਇਕਬਾਲ ਸਿੰਘ ਖੋਖਰ ਅਤੇ ਗੁਰਮੇਲ ਸਿੰਘ ਸਹਨਾਲ, ਗੁਰਜੀਤ ਸਿੰਘ, ਬੰਤਾ ਸਿੰਘ ਸਮੇਤ ਵੱਲੋਂ ਪਿੰਡ ਹਸੰਗਾ, ਪਾਂਡਰੀ, ਸ਼ੇਖਪੁਰ ਸੌਤਰ, ਗੁਰਦੁਆਰਾ ਦਸ਼ਮੇਸ਼ ਦਰਬਾਰ ਸਮੇਤ ਸ਼ਹਿਰ-ਪਿੰਡਾਂ ਵਿੱਚ ਗੁਰਦੁਆਰਾ ਕਮੇਟੀਆਂ ਨੂੰ ਪ੍ਰੇਰਿਤ ਕਰਦਿਆਂ ਪ੍ਰਚਾਰ ਕੀਤਾ ਗਿਆ। ਤੀਜੀ ਟੀਮ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੇਵਾ ਟਰੱਸਟ ਦੇ ਪ੍ਰਧਾਨ ਜਰਨੈਲ ਸਿੰਘ ਸਮੇਤ ਟੀਮ ਮੈਂਬਰ ਫਤਿਹ ਸਿੰਘ, ਗੁਰਚਰਨ ਸਿੰਘ, ਰੂਪ ਸਿੰਘ, ਜਰਨੈਲ ਸਿੰਘ, ਸੁਰਿੰਦਰ ਸਿੰਘ, ਚਰਨਜੀਤ ਸਿੰਘ ਸਮੇਤ ਮੈਂਬਰਾਂ ਵੱਲੋਂ ਪਿੰਡ ਕਮਾਣਾ ਸਮੇਤ ਆਸ-ਪਾਸ ਦੇ ਖੇਤਰ ਵਿੱਚ ਜਾ ਕੇ ਸਿੱਖ ਸੰਗਤ ਨੂੰ ਰੋਸ ਮਾਰਚ ਦੇ ਪ੍ਰੋਗਰਾਮ ਸਬੰਧੀ ਪ੍ਰੇਰਿਤ ਕੀਤਾ ਗਿਆ।