ਚੰਡੀਗੜ੍ਹ, 26 ਅਗਸਤ:- ਹਰਿਆਣਾ ਦੇ ਖ਼ੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਗਲਾਸਗੋ (ਸਕਾਟਲੈਂਡ) ਵਿੱਚ ਸੰਪੰਨ ਹੋਈਆਂ 23ਵੀ ਕਾਮਨਵੈਲਥ ਗੇਮਾਂ ਵਿੱਚ ਭਾਰਤ ਦੇ ਖਿਡਾਰੀਆਂ ਨੇ ਕੁੱਲ 13 ਸੋਨ ਤਗ਼ਮੇ ਜਿੱਤੇ, ਜਿਨ੍ਹਾਂ ਵਿੱਚੋਂ 7 ਸੋਨ ਤਗ਼ਮੇ ਇੱਕੇਲੇ ਹਰਿਆਣਾ ਦੀ ਮਿੱਟੀ ਦੇ ਲਾਲਾਂ ਅਤੇ ਧੀਆਂ ਨੇ ਹਾਸਲ ਕੀਤੇ ਹਨ। ਸਾਡੇ ਖਿਡਾਰੀਆਂ ਨੇ ਆਪਣੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਰਾਸ਼ਟਰ ਝੰਡੇ ਤਿਰੰਗੇ ਪ੍ਰਤੀ ਅਟੁੱਟ ਨਿਸ਼ਠਾ ਨਾਲ ਪੂਰੀ ਦੁਨੀਆ ਵਿੱਚ ਭਾਰਤ ਅਤੇ ਹਰਿਆਣਾ ਦੀ ਧਾਕ ਜਮਾ ਦਿੱਤੀ ਹੈ। ਉਨ੍ਹਾਂ ਕਿਹਾ ਕਿ ਧੀਆਂ ਵੱਲੋਂ ਜਿੱਤੇ ਗਏ ਇਨ੍ਹਾਂ ਤਗ਼ਮਿਆਂ ਨੇ ਦੁਨੀਆ ਭਰ ਵਿੱਚ ਤਿਰੰਗੇ ਦਾ ਮਾਣ ਵਧਾਇਆ ਹੈ ਅਤੇ ਇਹ ਖਿਡਾਰੀ ਪੂਰੇ ਦੇਸ਼ ਤੇ ਸੂਬੇ ਲਈ ਰੋਲ ਮਾਡਲ ਹਨ।
ਮੰਤਰੀ ਅੱਜ ਪੰਚਕੂਲਾ ਸਥਿਤ ਇੰਦਰਧਨੁਸ਼ ਆਡੀਟੋਰੀਅਮ ਵਿੱਚ ਕਾਮਨਵੈਲਥ ਗੇਮਜ਼ 2026 ਦੇ ਤਗ਼ਮਾ ਜੇਤੂ ਤੇ ਭਾਗੀਦਾਰ ਖਿਡਾਰੀਆਂ ਦੇ ਰਾਜ ਪੱਧਰੀ ਸਨਮਾਨ ਸਮਾਰੋਹ ਵਿੱਚ ਸੰਬੋਧਨ ਕਰ ਰਹੇ ਸਨ।
'ਮਿਸ਼ਨ ਓਲੰਪਿਕ 2036: ਵਿਜੈ ਭਵ' ਦੀ ਸ਼ੁਰੂਆਤ
ਖ਼ੇਡ ਰਾਜ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਸਰਕਾਰ ਨੇ 'ਮਿਸ਼ਨ ਓਲੰਪਿਕ 2036: ਵਿਜੈ ਭਵ' ਦੀਆਂ ਤਿਆਰੀਆਂ ਹੁਣੇ ਤੋਂ ਸ਼ੁਰੂ ਕਰ ਦਿੱਤੀਆਂ ਹਨ। ਖਿਡਾਰੀਆਂ ਨੂੰ ਗਲੋਬਲ ਮੰਚ 'ਤੇ ਸਰਵੋਤਮ ਸਾਧਨ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਸੂਬੇ ਦਾ ਖ਼ੇਡ ਬਜਟ ਵਧਾ ਕੇ 850 ਕਰੋੜ ਰੁਪਏ ਕਰ ਦਿੱਤਾ ਗਿਆ ਹੈ। ਸਾਡੇ ਚੈਂਪੀਅਨ ਖਿਡਾਰੀ ਨਾ ਸਿਰਫ਼ ਆਉਣ ਵਾਲੇ ਓਲੰਪਿਕ ਵਿੱਚ ਰਿਕਾਰਡ ਤਗ਼ਮੇ ਜਿੱਤਣਗੇ, ਸਗੋਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਦੇ 'ਵਿਕਸਿਤ ਭਾਰਤ 2047' ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਣਗੇ।
ਖ਼ੇਡ ਢਾਂਚੇ ਦਾ ਮਜ਼ਬੂਤੀਕਰਨ ਅਤੇ ਇੰਸ਼ੋਰੈਂਸ ਕਵਰ
ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਖ਼ੇਡ ਪ੍ਰਤਿਭਾਵਾਂ ਨੂੰ ਨਿਖਾਰਨ ਲਈ ਕਈ ਇਤਿਹਾਸਕ ਕਦਮ ਚੁੱਕੇ ਜਾ ਰਹੇ ਹਨ। ਕੇਂਦਰ ਸਰਕਾਰ ਦੇ ਇਤਿਹਾਸਕ 36,000 ਕਰੋੜ ਰੁਪਏ ਦੇ ਖ਼ੇਡ ਬਜਟ ਦੀ ਤਰਜ਼ 'ਤੇ ਹਰਿਆਣਾ ਵਿੱਚ ਵੀ ਆਉਣ ਵਾਲੇ ਇੱਕ ਸਾਲ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕੀਤਾ ਜਾਵੇਗਾ। ਰਾਜ ਦੇ ਹਰ ਇੱਕ ਜ਼ਿਲ੍ਹੇ ਵਿੱਚ ਅੰਤਰਰਾਸ਼ਟਰੀ ਪੱਧਰ ਦੇ ਸਿੰਥੈਟਿਕ ਟਰੈਕ ਦਾ ਨਿਰਮਾਣ ਹੋਵੇਗਾ। ਖਿਡਾਰੀਆਂ ਦੀ ਤਕਨੀਕ ਵਿੱਚ ਸੁਧਾਰ ਅਤੇ ਆਧੁਨਿਕ ਸਿਖਲਾਈ ਲਈ ਵਿਸ਼ਵ ਪੱਧਰੀ ਵਿਦੇਸ਼ੀ ਕੋਚਾਂ ਦਾ ਪ੍ਰਬੰਧ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਖਿਡਾਰੀਆਂ ਦੇ ਕਰੀਅਰ ਵਿੱਚ ਇੰਜਰੀ ਦੇ ਜੋਖ਼ਮ ਨੂੰ ਧਿਆਨ ਵਿੱਚ ਰੱਖਦਿਆਂ ਹਰਿਆਣਾ ਸਰਕਾਰ ਨੇ ਹਰੇਕ ਖਿਡਾਰੀ ਨੂੰ 20 ਲੱਖ ਰੁਪਏ ਦਾ ਮੁਫ਼ਤ ਇੰਸ਼ੋਰੈਂਸ ਕਵਰ ਦੇਣ ਦਾ ਫ਼ੈਸਲਾ ਕੀਤਾ ਹੈ, ਤਾਂ ਜੋ ਉਹ ਬਿਨਾਂ ਕਿਸੇ ਚਿੰਤਾ ਦੇ ਅਭਿਆਸ ਜਾਰੀ ਰੱਖ ਸਕਣ।
ਉਨ੍ਹਾਂ ਕਿਹਾ ਕਿ ਅਰਜੁਨ ਐਵਾਰਡੀਜ਼ ਅਤੇ ਓਲੰਪਿਕ ਤਗ਼ਮਾ ਜੇਤੂਆਂ ਨੂੰ ਨਵੀਆਂ ਖ਼ੇਡ ਪ੍ਰਤਿਭਾਵਾਂ ਨੂੰ ਤਰਾਸ਼ਣ ਲਈ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਘੱਟ ਵਿਆਜ ਦਰ 'ਤੇ 5 ਕਰੋੜ ਰੁਪਏ ਤੱਕ ਦਾ ਕਰਜ਼ਾ ਮੁਹੱਈਆ ਕਰਵਾਏਗੀ।
ਮੰਤਰੀ ਨੇ ਰਾਜ ਦੇ ਜ਼ਮੀਨੀ ਖ਼ੇਡ ਮਾਡਲ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ 8 ਸਾਲ ਦੀ ਉਮਰ ਤੋਂ ਬੱਚੇ ਖ਼ੇਡ ਨਰਸਰੀਆਂ ਵਿੱਚ ਸਿਖਲਾਈ ਸ਼ੁਰੂ ਕਰਦੇ ਹਨ, 18 ਸਾਲ ਤੱਕ ਰੈਜ਼ੀਡੈਂਟ ਨਰਸਰੀਆਂ ਦਾ ਹਿੱਸਾ ਬਣਦੇ ਹਨ, ਅਤੇ ਫਿਰ 'ਟੌਪਸ' (TOPS) ਤੇ 'ਖੇਲੋ ਇੰਡੀਆ' ਰਾਹੀਂ ਗਲੋਬਲ ਮੰਚਾਂ ਤੱਕ ਪਹੁੰਚ ਕੇ ਦੇਸ਼ ਦਾ ਮੱਥਾ ਉੱਚਾ ਕਰਦੇ ਹਨ। ਉਨ੍ਹਾਂ ਕਿਹਾ ਕਿ ਹਰਿਆਣਾ ਦੀ ਸਰਵਸ਼੍ਰੇਸ਼ਠ ਖ਼ੇਡ ਨੀਤੀ, ਮਿੱਟੀ ਦੇ ਸ਼ੌਰ ਅਤੇ ਖਿਡਾਰੀਆਂ ਦੇ ਜਜ਼ਬੇ ਦੇ ਬਲ 'ਤੇ ਅੱਜ ਕਾਮਨਵੈਲਥ, ਏਸ਼ੀਅਨ ਅਤੇ ਓਲੰਪਿਕ ਖੇਡਾਂ ਵਿੱਚ ਭਾਰਤ ਦਾ ਡੰਕਾ ਵੱਜ ਰਿਹਾ ਹੈ।
