ਪਟਿਆਲਾ, 18 ਅਗਸਤ:- ਦੇਵੀ ਦਯਾ ਦੀਦੀ ਕਥਾ ਦੇ ਸੰਚਾਲਕ ਕਥਾ ਵਿਆਸ ਰਵੀ ਕ੍ਰਿਸ਼ਨ ਸ਼ਾਸਤਰੀ ਨੇ ਦੱਸਿਆ ਕਿ ਸ੍ਰੀ ਸ਼ਿਵ ਮਹਾਂ ਪੁਰਾਣ ਸੁਣਨ ਨਾਲ ਸ਼ਿਵ ਧਾਮ ਦੀ ਪ੍ਰਾਪਤੀ ਹੁੰਦੀ ਹੈ। ਦੇਵਾਂ ਦੇ ਦੇਵ ਮਹਾਦੇਵ ਭਗਤਾਂ ਨੂੰ ਵਿਸ਼ੇਸ਼ ਰੂਪ ਵਿੱਚ ਸ਼ਿਵ ਮਹਾਂ ਪੁਰਾਣ ਸੁਣਨ ’ਤੇ ਕ੍ਰਿਪਾ ਕਰਦੇ ਹਨ।
ਸੁਧਾਰ ਸਭਾ ਸ੍ਰੀ ਕੇਦਾਰ ਨਾਥ ਜੀ ਰਜਿ: ਅਤੇ ਭਗਤਾਂ ਦੇ ਸਹਿਯੋਗ ਨਾਲ 16-08-2026 ਤੋਂ 24-08-2026 ਤੱਕ ਰੋਜ਼ਾਨਾ ਸ਼ਾਮ 4:00 ਵਜੇ ਤੋਂ 7:00 ਵਜੇ ਤੱਕ ਕਥਾ ਕਰਵਾਈ ਜਾ ਰਹੀ ਹੈ। ਅੱਜ ਰਾਸ਼ਟਰੀ ਕਥਾ ਪ੍ਰਵਕਤਾ ਪੂਜਯ ਸ੍ਰੀ ਸਾਧਵੀ ਸੁਪ੍ਰੀਆ ਜੀ ਵੱਲੋਂ ਕਥਾ ਕੀਤੀ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਸ਼ਰਧਾਲੂ ਮੌਜੂਦ ਰਹੇ।
ਅੱਜ ਭਾਦੋਂ ਦੀ ਸੰਗਰਾਂਦ ਅਤੇ ਨਾਗ ਪੰਚਮੀ ਦਾ ਪਵਿੱਤਰ ਦਿਹਾੜਾ ਵੀ ਸੀ। ਇਸ ਦੇ ਨਾਲ ਹੀ ਭੋਲੇ ਬਾਬਾ ਦਾ ਦਿਨ ਸੋਮਵਾਰ ਹੋਣ ਕਰਕੇ ਇਸ ਪਵਿੱਤਰ ਮੌਕੇ ’ਤੇ ਸੁਕੇਸ਼ ਜੀ ਦੇ ਪਰਿਵਾਰ ਅਤੇ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਮੰਦਰ ਵਿੱਚ ਖੀਰ-ਪੂੜਿਆਂ ਦਾ ਪ੍ਰਸ਼ਾਦ ਲਗਵਾਇਆ ਗਿਆ। ਵਿਸ਼ਾਲ ਸ਼ਿਵ ਜੀ ਦੀ ਮੂਰਤੀ ਦੇ ਕੋਲ ਅਤੇ ਆਰਤੀ ਉਪਰੰਤ ਪੰਗਤ ਵਿੱਚ ਸੁਧਾਰ ਸਭਾ ਦੇ ਮੈਂਬਰਾਂ ਵੱਲੋਂ ਅਤੁੱਟ ਪ੍ਰਸ਼ਾਦ ਵਰਤਾਇਆ ਗਿਆ।
ਜਨਰਲ ਸਕੱਤਰ ਸੁਰਿੰਦਰ ਪਾਠਕ ਵੱਲੋਂ ਕਥਾ ਵਾਚਕਾਂ ਨੂੰ 9 ਦਿਨਾਂ ਲਈ ਘਰ ਠਹਿਰਾਉਣ ਅਤੇ ਉਨ੍ਹਾਂ ਦੇ ਖਾਣ-ਪੀਣ ਦੀ ਸੇਵਾ ਦਾ ਜੋ ਕਾਰਜ ਕੀਤਾ ਗਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਹੈ।
ਸਤਨਾਮ ਹਸੀਜਾ ਨੇ ਦੱਸਿਆ ਕਿ ਸੁਧਾਰ ਸਭਾ ਦੇ ਸਾਰੇ ਮੈਂਬਰਾਂ ਵੱਲੋਂ ਵਾਟਰਪਰੂਫ ਟੈਂਟ, ਜਲ ਸੇਵਾ, ਸੰਗਤਾਂ ਲਈ ਲੰਗਰ ਆਦਿ ਦੇ ਕੀਤੇ ਗਏ ਪ੍ਰਬੰਧ ਬਹੁਤ ਹੀ ਵਧੀਆ ਅਤੇ ਸ਼ਲਾਘਾਯੋਗ ਹਨ।
ਕਥਾ ਵਾਚਕਾਂ ਵੱਲੋਂ ਵੀ ਸੁਧਾਰ ਸਭਾ ਦੀ ਸ਼ਲਾਘਾ ਕੀਤੀ ਗਈ। ਉਨ੍ਹਾਂ ਕਿਹਾ ਕਿ ਇੱਥੇ ਕਰਵਾਇਆ ਗਿਆ ਧਾਰਮਿਕ ਪ੍ਰੋਗਰਾਮ ਬਹੁਤ ਹੀ ਵਧੀਆ ਹੈ ਅਤੇ ਭਗਤਾਂ ਦਾ ਵੱਡਾ ਇਕੱਠ ਦੇਖਣ ਨੂੰ ਮਿਲਿਆ। ਉਨ੍ਹਾਂ ਪ੍ਰਬੰਧਕ ਕਮੇਟੀ ਵੱਲੋਂ ਕੀਤੇ ਗਏ ਸੁਚੱਜੇ ਪ੍ਰਬੰਧਾਂ ਲਈ ਧੰਨਵਾਦ ਵੀ ਕੀਤਾ।