ਮਾਹਿਲਪੁਰ, 19 ਮਈ- ਨਵਾਂ ਬੱਸ ਸਟੈਂਡ ਮਾਹਿਲਪੁਰ ਦੇ ਨਜ਼ਦੀਕ ਕੁਟੀਆ ਸੰਤ ਬਾਬਾ ਮੇਲਾ ਰਾਮ ਜੀ ਵਿਖੇ ਡੇਰੇ ਦੇ ਸੰਚਾਲਕ ਸੰਤ ਬਾਬਾ ਹਰੀ ਓਮ ਜੀ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਧੰਨ- ਧੰਨ ਸੰਤ ਬਾਬਾ ਬਾਜਾ ਰਾਮ ਮਹਾਰਾਜ ਜੀ ਦੀ ਯਾਦ ਵਿੱਚ ਸਲਾਨਾ ਧਾਰਮਿਕ ਸਮਾਗਮ ਸ਼ਰਧਾ ਤੇ ਉਤਸ਼ਾਹ ਪੂਰਵਕ ਢੰਗ ਨਾਲ ਕਰਵਾਇਆ ਗਿਆ। ਇਸ ਮੌਕੇ ਸਭ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ।
ਉਸ ਤੋਂ ਬਾਅਦ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਗੁਣ ਗਾਇਨ ਕਰਕੇ ਸੰਗਤਾਂ ਨੂੰ ਉਸ ਸਰਵ ਸ਼ਕਤੀਮਾਨ ਪਰਮਾਤਮਾ ਦੇ ਚਰਨਾਂ ਨਾਲ ਜੋੜਿਆ, ਜੋ ਇਸ ਬ੍ਰਹਿਮੰਡ ਦੇ ਕਣ ਕਣ ਵਿੱਚ ਮੌਜੂਦ ਹੋ ਕੇ ਸਭਨਾ ਜੀਵਾਂ ਦੀ ਪ੍ਰਤਿਪਾਲਣਾ ਕਰ ਰਿਹਾ ਹੈ। ਇਸ ਮੌਕੇ ਵੱਖ- ਵੱਖ ਸੰਪਰਦਾਵਾਂ ਤੋਂ ਹਾਜ਼ਰ ਸੰਤਾਂ ਮਹਾਂਪੁਰਸ਼ਾਂ ਨੇ ਧਾਰਮਿਕ ਪ੍ਰਵਚਨ ਕੀਤੇ ਅਤੇ ਸੰਤ ਬਾਬਾ ਬਾਜਾ ਰਾਮ ਮਹਾਰਾਜ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਇਆ।
ਸਮਾਗਮ ਦੇ ਅਖੀਰ ਵਿੱਚ ਗੱਲਬਾਤ ਕਰਦਿਆਂ ਸੰਤ ਬਾਬਾ ਹਰੀ ਓਮ ਮਹਾਰਾਜ ਜੀ ਨੇ ਕਿਹਾ ਕਿ ਸੰਤ ਬਾਬਾ ਬਾਜਾ ਰਾਮ ਮਹਾਰਾਜ ਜੀ ਦਾ ਜੀਵਨ ਇਕਾਂਤਮਈ- ਸ਼ਾਂਤਮਈ ਅਤੇ ਵੈਰਾਗਮਈ ਸੀ। ਉਹਨਾਂ ਨੇ ਹਮੇਸ਼ਾ ਹੀ ਆਪਣੇ ਦਰਬਾਰ ਤੇ ਆਈਆਂ ਸੰਗਤਾਂ ਨੂੰ ਸੇਵਾ- ਸਿਮਰਨ ਤੇ ਪਰਉਪਕਾਰੀ ਜ਼ਿੰਦਗੀ ਜਿਊਣ ਦਾ ਸੰਦੇਸ਼ ਦਿੱਤਾ। ਇਸ ਦੇ ਨਾਲ ਉਹਨਾਂ ਨੇ ਹਮੇਸ਼ਾ ਹੀ ਸੰਗਤਾਂ ਨੂੰ ਵੱਧ ਤੋਂ ਵੱਧ ਗਿਆਨਵਾਨ ਅਤੇ ਵਿਵੇਕਸ਼ੀਲ ਬਣ ਕੇ ਦੇਸ਼ ਅਤੇ ਕੌਮ ਦੀ ਸੇਵਾ ਕਰਨ ਲਈ ਵੀ ਪ੍ਰੇਰਿਆ।
ਇਸ ਮੌਕੇ ਗੁਰੂ ਕੇ ਲੰਗਰ ਅਤੁੱਟ ਚੱਲੇ। ਸੰਤ ਬਾਬਾ ਹਰੀ ਓਮ ਮਹਾਰਾਜ ਜੀ ਵੱਲੋਂ ਸਮਾਗਮ ਦੀਆਂ ਸਹਿਯੋਗੀ ਸੰਗਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਇਲਾਕੇ ਦੇ ਸੰਤ ਮਹਾਂਪੁਰਸ਼, ਮਾਹਿਲਪੁਰ ਦੀਆਂ ਸੰਗਤਾਂ ਅਤੇ ਇਸ ਡੇਰੇ ਤੇ ਆਉਂਦੀਆਂ ਸ਼ਰਧਾਲੂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਧੰਨ- ਧੰਨ ਸੰਤ ਬਾਬਾ ਬਾਜਾ ਰਾਮ ਮਹਾਰਾਜ ਜੀ ਦੀ ਯਾਦ ਵਿੱਚ ਸਲਾਨਾ ਧਾਰਮਿਕ ਸਮਾਗਮ ਕਰਵਾਇਆ
