ਪਟਿਆਲਾ (ਮਨਪ੍ਰੀਤ ਸਿੰਘ):- 28 ਨਵੰਬਰ ਨੂੰ ਨਗਰ ਨਿਗਮ ਦੇ 30 ਵਾਰਡਾਂ ਵਿੱਚ ਹੋਣ ਜਾ ਰਹੀਆਂ ਮੁੜ-ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਿਆਸੀ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਨਗਰ ਨਿਗਮ ਚੋਣਾਂ ਵਿੱਚ ਵਾਰਡ ਨੰਬਰ 55 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਬੀਬੀ ਪਰਮਿੰਦਰ ਕੌਰ, ਸੁਪਤਨੀ ਪਰਮਜੀਤ ਸਿੰਘ, ਵੱਲੋਂ ਬੈਂਕ ਕਲੋਨੀ ਤੋਂ ਆਪਣੀ ਚੋਣ ਮੁਹਿੰਮ ਦਾ ਆਗਾਜ਼ ਕਰ ਦਿੱਤਾ ਗਿਆ ਹੈ।

ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਰਮੀਤ ਸਿੰਘ ਬਡੂੰਗਰ, ਯੂਥ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਕਰਨ ਗਿੱਲ, ਦੀਪਕ ਕੁਮਾਰ ਵਾਲਮੀਕਿ, ਸਾਂਝਾ ਸਮਾਜ ਹਿੱਤਕਾਰੀ ਮੰਚ ਦੇ ਪ੍ਰਧਾਨ ਰਾਜਵਿੰਦਰ ਸਿੰਘ ਰਹਿਲ ਆਦਿ ਆਗੂਆਂ ਨੇ ਉਮੀਦਵਾਰ ਪਰਮਿੰਦਰ ਕੌਰ ਦੇ ਨਾਲ ਵਾਰਡ ਨੰਬਰ 55 ਦੇ ਵੱਖ-ਵੱਖ ਇਲਾਕਿਆਂ ਵਿੱਚ ਘਰ-ਘਰ ਜਾ ਕੇ ਵੋਟਰਾਂ ਨੂੰ ਅਕਾਲੀ ਦਲ ਦੇ ਹੱਕ ਵਿੱਚ ਵੋਟਾਂ ਪਾਉਣ ਦੀ ਜ਼ੋਰਦਾਰ ਅਪੀਲ ਕੀਤੀ।

ਇਸ ਮੌਕੇ ਇਨ੍ਹਾਂ ਆਗੂਆਂ ਨੇ ਸਾਂਝੇ ਤੌਰ ’ਤੇ ਕਿਹਾ ਕਿ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਜਿੱਥੇ ਅਨੇਕਾਂ ਸੜਕਾਂ ਵਿਕਾਸ ਕਾਰਜਾਂ ਨੂੰ ਤਰਸ ਰਹੀਆਂ ਹਨ, ਉੱਥੇ ਹੀ ਵਾਰਡ ਨੰਬਰ 55 ਦੀਆਂ ਸਟਰੀਟ ਲਾਈਟਾਂ ਰਾਤ ਸਮੇਂ ਬੰਦ ਰਹਿੰਦੀਆਂ ਹਨ ਅਤੇ ਸੜਕਾਂ ’ਤੇ ਘੁੱਪ ਹਨੇਰਾ ਛਾਇਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਕਈ ਕਲੋਨੀਆਂ ਵਿੱਚ ਪਿਛਲੇ ਲੰਮੇ ਸਮੇਂ ਤੋਂ ਘਰਾਂ ਵਿੱਚ ਗੰਦਾ ਅਤੇ ਦੂਸ਼ਿਤ ਪਾਣੀ ਸਪਲਾਈ ਹੋ ਰਿਹਾ ਹੈ।

ਆਗੂਆਂ ਨੇ ਕਿਹਾ ਕਿ ਲੋਕ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਕਈ ਵਾਰ ਆਵਾਜ਼ ਉਠਾ ਚੁੱਕੇ ਹਨ ਅਤੇ ਹੁਣ ਥੱਕ-ਹਾਰ ਚੁੱਕੇ ਹਨ, ਪਰ ਸਮੱਸਿਆਵਾਂ ਉੱਥੇ ਦੀਆਂ ਉੱਥੇ ਹੀ ਖੜ੍ਹੀਆਂ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸ਼ਾਸਨਕਾਲ ਦੌਰਾਨ ਸਰਵਪੱਖੀ ਵਿਕਾਸ ਪੱਖੀ ਨੀਤੀਆਂ ਨੂੰ ਪਹਿਲ ਦੇ ਆਧਾਰ ’ਤੇ ਨਿਰਪੱਖਤਾ ਨਾਲ ਲਾਗੂ ਕੀਤਾ ਗਿਆ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਕਾਸ ਕਾਰਜ ਸਿਰਫ਼ ਇਸ਼ਤਿਹਾਰਬਾਜ਼ੀ ਤੱਕ ਹੀ ਸੀਮਤ ਹੋ ਕੇ ਰਹਿ ਗਏ ਹਨ।

ਇਸ ਮੌਕੇ ਸਿਮਰਨ ਸਿੱਧੂ, ਅੰਜੂ, ਮਨਦੀਪ ਕੌਰ, ਰੋਹਿਤ ਗਿੱਲ, ਗੁਰਪ੍ਰੀਤ ਕੌਰ, ਦਕਸ਼ ਸਹੋਤਾ, ਰਾਹੁਲ ਸਹੋਤਾ, ਸਰਬਜੀਤ ਚੋਪੜਾ ਆਦਿ ਵੀ ਮੌਜੂਦ ਸਨ।