ਡੇਰਾਬੱਸੀ (ਐਸ.ਏ.ਐਸ. ਨਗਰ), 27 ਅਕਤੂਬਰ, 2026:- ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਤਹਿਤ ਪ੍ਰਾਪਤ ਸ਼ਕਤੀਆਂ ਦੀ ਵਰਤੋਂ ਕਰਦਿਆਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ੍ਰੀਮਤੀ ਗੀਤਿਕਾ ਸਿੰਘ ਵੱਲੋਂ ਬ੍ਰਾਊਨਸਟੋਨ ਐਜੂਕੇਸ਼ਨਲ ਸਰਵਿਸਿਜ਼ ਐਂਡ ਕੰਸਲਟੈਂਸੀ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬ੍ਰਾਊਨਸਟੋਨ ਐਜੂਕੇਸ਼ਨਲ ਸਰਵਿਸਿਜ਼ ਐਂਡ ਕੰਸਲਟੈਂਸੀ, ਐਸ.ਸੀ.ਓ. ਨੰਬਰ 207-ਏ, ਪਹਿਲੀ ਮੰਜ਼ਿਲ, ਸਵਾਸਤਿਕ ਵਿਹਾਰ, ਪਟਿਆਲਾ ਰੋਡ, ਜ਼ੀਰਕਪੁਰ, ਤਹਿਸੀਲ ਡੇਰਾਬੱਸੀ, ਜ਼ਿਲ੍ਹਾ ਐਸ.ਏ.ਐਸ. ਨਗਰ ਵਿਖੇ ਸਥਿਤ ਹੈ। ਇਸ ਫਰਮ ਦੇ ਮਾਲਕ ਸ੍ਰੀ ਕੁਲਵਿੰਦਰ ਸਿੰਘ ਪੁੱਤਰ ਸ੍ਰੀ ਹਰਜੀਤ ਸਿੰਘ, ਵਾਸੀ ਮਕਾਨ ਨੰਬਰ 312, ਸ਼ਿਵਾ ਐਨਕਲੇਵ, ਭਬਾਤ ਰੋਡ, ਜ਼ੀਰਕਪੁਰ ਹਨ। ਫਰਮ ਨੂੰ ਟਰੈਵਲ ਏਜੰਸੀ, ਕੰਸਲਟੈਂਸੀ ਅਤੇ ਟਿਕਟਿੰਗ ਏਜੰਟ ਦੇ ਕੰਮਾਂ ਲਈ 15 ਜਨਵਰੀ, 2024 ਨੂੰ ਲਾਇਸੰਸ ਨੰਬਰ 643/ਆਈ.ਸੀ. ਜਾਰੀ ਕੀਤਾ ਗਿਆ ਸੀ, ਜਿਸ ਦੀ ਮਿਆਦ 14 ਜਨਵਰੀ, 2029 ਤੱਕ ਸੀ।
ਏ.ਡੀ.ਸੀ. ਨੇ ਦੱਸਿਆ ਕਿ ਦਫ਼ਤਰੀ ਰਿਕਾਰਡ ਅਨੁਸਾਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀ ਧਾਰਾ 6(1)(ਈ) ਦੀ ਉਲੰਘਣਾ ਦੇ ਮਾਮਲੇ ਵਿੱਚ ਉਕਤ ਲਾਇਸੰਸ ਪਹਿਲਾਂ ਤਿੰਨ ਮਹੀਨਿਆਂ ਲਈ ਮੁਅੱਤਲ ਕੀਤਾ ਗਿਆ ਸੀ। ਇਸ ਦੇ ਨਾਲ ਹੀ ਫਰਮ ਦੇ ਮਾਲਕ ਨੂੰ ਆਪਣਾ ਪੱਖ ਪੇਸ਼ ਕਰਨ ਲਈ ਨੋਟਿਸ ਜਾਰੀ ਕਰਕੇ ਨਿੱਜੀ ਤੌਰ ’ਤੇ ਪੇਸ਼ ਹੋ ਕੇ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਸੀ। ਪਰ ਕਾਫ਼ੀ ਸਮਾਂ ਬੀਤ ਜਾਣ ਦੇ ਬਾਵਜੂਦ ਫਰਮ ਦੇ ਮਾਲਕ ਵੱਲੋਂ ਦਫ਼ਤਰ ਵਿੱਚ ਕੋਈ ਜਵਾਬ ਜਾਂ ਸਪੱਸ਼ਟੀਕਰਨ ਪੇਸ਼ ਨਹੀਂ ਕੀਤਾ ਗਿਆ।
ਇਨ੍ਹਾਂ ਤੱਥਾਂ ਦੇ ਮੱਦੇਨਜ਼ਰ ਵਧੀਕ ਡਿਪਟੀ ਕਮਿਸ਼ਨਰ ਨੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, 2012 ਦੀ ਧਾਰਾ 6(1)(ਈ) ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਬ੍ਰਾਊਨਸਟੋਨ ਐਜੂਕੇਸ਼ਨਲ ਸਰਵਿਸਿਜ਼ ਐਂਡ ਕੰਸਲਟੈਂਸੀ ਨੂੰ 15 ਜਨਵਰੀ, 2024 ਨੂੰ ਜਾਰੀ ਕੀਤਾ ਗਿਆ ਲਾਇਸੰਸ ਨੰਬਰ 643/ਆਈ.ਸੀ. ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤਾ ਹੈ।
ਇਸ ਤੋਂ ਇਲਾਵਾ, ਐਕਟ ਅਤੇ ਨਿਯਮਾਂ ਵਿੱਚ ਦਰਜ ਪ੍ਰਬੰਧਾਂ ਅਨੁਸਾਰ, ਭਵਿੱਖ ਵਿੱਚ ਜੇਕਰ ਉਕਤ ਬਿਨੈਕਾਰ, ਫਰਮ ਜਾਂ ਫਰਮ ਦੇ ਮਾਲਕ ਵਿਰੁੱਧ ਕੋਈ ਸ਼ਿਕਾਇਤ ਪ੍ਰਾਪਤ ਹੁੰਦੀ ਹੈ ਤਾਂ ਉਸ ਨਾਲ ਸਬੰਧਤ ਭਰਪਾਈ ਅਤੇ ਜ਼ਿੰਮੇਵਾਰੀ ਲਈ ਬਿਨੈਕਾਰ/ਫਰਮ/ਫਰਮ ਦਾ ਮਾਲਕ ਖੁਦ ਜ਼ਿੰਮੇਵਾਰ ਹੋਵੇਗਾ।
