ਹੁਸ਼ਿਆਰਪੁਰ / ਦਲਜੀਤ ਅਜਨੋਹਾ:- ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਮਹਾਰਾਜ ਜੀ, ਸੰਤ ਬਾਬਾ ਸਤਨਾਮ ਜੀ ਅਤੇ ਬ੍ਰਹਮਲੀਨ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੀਆਂ ਸਾਲਾਨਾ ਯਾਦਾਂ ਦੇ ਸਬੰਧ ਵਿੱਚ ਅੱਜ ਨਿਰਮਲ ਕੁਟੀਆ ਟੂਟੋਮਜਾਰਾ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ।
ਨਗਰ ਕੀਰਤਨ ਦੀ ਸ਼ੁਰੂਆਤ ਦੀ ਅਰਦਾਸ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਨੇ ਕੀਤੀ। ਨਿਰਮਲ ਕੁਟੀਆ ਦੇ ਮੁੱਖ ਸੰਚਾਲਕ ਸੰਤ ਬਾਬਾ ਮੱਖਣ ਸਿੰਘ ਜੀ ਨੇ “ਸਤਿਨਾਮੁ ਵਾਹਿਗੁਰੂ” ਜੀ ਦਾ ਉਚਾਰਨ ਕਰਦਿਆਂ ਨਗਰ ਕੀਰਤਨ ਦੀ ਸ਼ੁਰੂਆਤ ਕਰਵਾਈ।
ਇਸ ਮੌਕੇ ਸੰਤ ਗੁਰਚਰਨ ਸਿੰਘ ਪੰਡਵਾਂ, ਸੰਤ ਹਰਮੇਲ ਸਿੰਘ ਹੁਸ਼ਿਆਰਪੁਰ, ਪਰਸ਼ੋਤਮ ਸਿੰਘ ਸਾਬਕਾ ਸਰਪੰਚ, ਮਹਿੰਦਰ ਸਿੰਘ, ਜਸਤਿੰਦਰ ਸਿੰਘ, ਜਗਤਾਰ ਸਿੰਘ ਸਮੇਤ ਆਸ-ਪਾਸ ਦੇ ਪਿੰਡਾਂ ਦੀਆਂ ਸੰਗਤਾਂ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
ਇਸ ਤੋਂ ਬਾਅਦ ਇਹ ਨਗਰ ਕੀਰਤਨ ਮੰਦਰ ਸ੍ਰੀ ਮਾਈ ਬਾਲੀ, ਪੁਰਾਣੇ ਸ਼ਿਵ ਮੰਦਰ, ਗੁਰਦੁਆਰਾ ਬਾਬਾ ਅੱਗੜ ਸਿੰਘ ਜੀ ਅਤੇ ਕੁਟੀਆ ਬਾਬਾ ਰੰਗੀ ਰਾਮ ਜੀ ਤੋਂ ਹੁੰਦਾ ਹੋਇਆ ਵਾਪਸ ਨਿਰਮਲ ਕੁਟੀਆ ਟੂਟੋਮਜਾਰਾ ਵਿਖੇ ਪਹੁੰਚ ਕੇ ਸਮਾਪਤ ਹੋਇਆ।
ਧਾਰਮਿਕ ਸਥਾਨਾਂ ਦੇ ਮੁੱਖ ਸੇਵਾਦਾਰਾਂ ਅਤੇ ਪ੍ਰਬੰਧਕ ਕਮੇਟੀਆਂ ਨੇ ਨਗਰ ਕੀਰਤਨ ਦਾ ਭਰਪੂਰ ਸਵਾਗਤ ਕੀਤਾ ਅਤੇ ਸੰਗਤਾਂ ਲਈ ਭੋਜਨ-ਪਾਣੀ ਦਾ ਪ੍ਰਬੰਧ ਕੀਤਾ ਗਿਆ। ਮਹਾਂਪੁਰਖਾਂ ਅਤੇ ਪ੍ਰਮੁੱਖ ਹਸਤੀਆਂ ਨੂੰ ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸੰਤ ਬਾਬਾ ਮੱਖਣ ਸਿੰਘ ਅਤੇ ਸੰਤ ਬਾਬਾ ਬਲਵੀਰ ਸਿੰਘ ਸ਼ਾਸਤਰੀ ਨੇ ਦੱਸਿਆ ਕਿ 21 ਨਵੰਬਰ ਨੂੰ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਤੋਂ ਆ ਰਹੇ ਸੰਤ ਮਹਾਂਪੁਰਖ ਸੰਗਤਾਂ ਨੂੰ ਆਪਣੇ ਧਾਰਮਿਕ ਪ੍ਰਵਚਨਾਂ ਰਾਹੀਂ ਉਸ ਸਰਬਸ਼ਕਤੀਮਾਨ ਪਰਮਾਤਮਾ ਦੇ ਨਾਮ ਨਾਲ ਜੋੜਦਿਆਂ ਬ੍ਰਹਮਲੀਨ ਸੰਤ ਬਾਬਾ ਦਲੇਲ ਸਿੰਘ ਜੀ, ਸੰਤ ਬਾਬਾ ਸਤਨਾਮ ਜੀ ਅਤੇ ਸੰਤ ਬਾਬਾ ਜਗਦੇਵ ਸਿੰਘ ਮੋਨੀ ਜੀ ਦੇ ਪਰਉਪਕਾਰੀ ਕਾਰਜਾਂ ਤੋਂ ਸੰਗਤਾਂ ਨੂੰ ਜਾਣੂ ਕਰਵਾਉਣਗੇ।
ਉਨ੍ਹਾਂ ਦੱਸਿਆ ਕਿ ਇਹ ਸਮਾਗਮ ਧੰਨ-ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ। ਗੁਰੂ ਦੇ ਲੰਗਰ ਅਟੁੱਟ ਚੱਲ ਰਹੇ ਹਨ।
