ਹੁਸ਼ਿਆਰਪੁਰ- ਪ੍ਰਿੰਸੀਪਲ ਹਰਭਜਨ ਸਿੰਘ ਸਪੋਰਟਿੰਗ ਕਲੱਬ ਮਾਹਿਲਪੁਰ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਖੇਡ ਮੈਦਾਨ ਵਿੱਚ ਕਰਵਾਏ ਜਾ ਰਹੇ 62ਵੇਂ ਆਲ ਇੰਡੀਆ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਦੇ ਛੇਵੇਂ ਦਿਨ ਦਿਲਚਸਪ ਖੇਡ ਮੁਕਾਬਲੇ ਦੇਖਣ ਨੂੰ ਮਿਲੇ। ਅੱਜ ਦੇ ਵੱਖ ਵੱਖ ਮੈਚਾਂ ਦੌਰਾਨ ਮੁੱਖ ਮਹਿਮਾਨ ਵੱਜੋਂ ਪ੍ਰਿੰਸੀਪਲ ਡਾ. ਜਸਪਾਲ ਸਿੰਘ, ਦਵਿੰਦਰ ਸਿੰਘ, ਮਨਜਿੰਦਰ ਸਿੰਘ, ਸ਼ਵਿੰਦਰਜੀਤ ਸਿੰਘ ਬੈਂਸ ਰਿਟ. ਐੱਸ.ਪੀ., ਰੌਸ਼ਨਜੀਤ ਸਿੰਘ ਪਨਾਮ, ਕਿਸ਼ਨ ਭਾਟੀਆ,ਹਰਜਿੰਦਰ ਸਿੰਘ ਮਿਨਹਾਸ, ਲੇਖਕ ਬਲਜਿੰਦਰ ਮਾਨ, ਜਮਸ਼ੇਰ ਸਿੰਘ ਤੰਬਰ, ਡਾ ਰਾਜ ਕੁਮਾਰ, ਮਨਜਿੰਦਰ ਸਿੰਘ, ਗੁਰਪ੍ਰੀਤ ਸਿੰਘ ਨੇ ਸ਼ਿਰਕਤ ਕੀਤੀ ਅਤੇ ਖਿਡਾਰੀਆਂ ਨਾਲ ਜਾਣ ਪਛਾਣ ਕੀਤੀ।
ਅੱਜ ਦਿਨ ਦੇ ਪਹਿਲੇ ਅਕੈਡਮੀ ਵਰਗ ਦੇ ਮੈਚ ਵਿੱਚ ਜੇਸੀਟੀ ਫੁੱਟਬਾਲ ਅਕੈਡਮੀ ਫਗਵਾੜਾ ਦੀ ਟੀਮ ਨੇ ਫੁੱਟਬਾਲ ਅਕੈਡਮੀ ਬੱਡੋਂ ਨੂੰ 2-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕਰ ਲਈ। ਜੇਤੂ ਟੀਮ ਵੱਲੋਂ ਪਹਿਲਾ ਗੋਲ ਜੈਬ ਉੱਲ ਰਜਾ ਨੇ ਮੈਚ ਦੇ 11ਵੇਂ ਮਿੰਟ ਅਤੇ ਦੂਜਾ ਮੈਚ ਰੋਹਿਤ ਕੁਮਾਰ ਨੇ 22ਵੇਂ ਮਿੰਟ ਵਿੱਚ ਕੀਤਾ। ਕਲੱਬ ਵਰਗ ਦੇ ਮੈਚ ਵਿੱਚ ਯੰਗ ਫੁੱਟਬਾਲ ਕਲੱਬ ਮਾਹਿਲਪੁਰ ਨੇ ਐੱਸਟੀਐੱਫਸੀ ਸ੍ਰੀਨਗਰ ਨੂੰ 2-0 ਦੇ ਫਰਕ ਨਾਲ ਹਰਾਇਆ। ਜੇਤੂ ਟੀਮ ਵੱਲੋਂ ਮੈਚ ਦੇ 78ਵੇਂ ਮਿੰਟ ਵਿੱਚ ਖਿਡਾਰੀ ਹਰਜੀਤ ਸਿੰਘ ਨੇ ਸ਼ਾਨਦਾਰ ਗੋਲ ਕੀਤਾ। ਦੂਜਾ ਗੋਲ 86ਵੇਂ ਮਿੰਟ ਵਿੱਚ ਹਰਸ਼ ਤਿਵਾੜੀ ਨੇ ਕੀਤਾ। ਕਾਲਜ ਵਰਗ ਦੇ ਅੱਜ ਹੋਏ ਸੈਮੀਫਾਈਨਲ ਮੈਚ ਵਿੱਚ ਖ਼ਾਲਸਾ ਕਾਲਜ ਮਾਹਿਲਪੁਰ ਨੇ ਲਾਇਲਪੁਰ ਖ਼ਾਲਸਾ ਕਾਲਜ ਜਲੰਧਰ ਨੂੰ 1-0 ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾ ਲਈ। ਜੇਤੂ ਟੀਮ ਵਲੋਂ ਖਿਡਾਰੀ ਰਮਨ ਨੇ 78ਵੇਂ ਮਿੰਟ ਵਿਚ ਗੋਲ ਕੀਤਾ।
ਕੱਲ੍ਹ ਹੋਣ ਵਾਲੇ ਸੈਮੀਫਾਈਨਲ ਮੈਚਾਂ ਵਿੱਚ ਅਕੈਡਮੀ ਵਰਗ (ਅੰਡਰ-18) ਤਹਿਤ ਫੁੱਟਬਾਲ ਅਕੈਡਮੀ ਮਾਹਿਲਪੁਰ ਅਤੇ ਪੰਜਾਬ ਫੁੱਟਬਾਲ ਕਲੱਬ ਦੀਆਂ ਟੀਮਾਂ ਭਿੜਨਗੀਆਂ। ਕਲੱਬ ਵਰਗ ਦੇ ਪਹਿਲੇ ਸੈਮੀਫਾਈਨਲ ਵਿੱਚ ਫੁੱਟਬਾਲ ਕਲੱਬ ਦਿੱਲੀ ਤੇ ਆਰਸੀਐੱਫ ਕਪੂਰਥਲਾ ਦੀਆਂ ਟੀਮਾਂ ਆਹਮੋ ਸਾਹਮਣੇ ਹੋਣਗੀਆਂ। ਦੂਜੇ ਸੈਮੀਫਾਈਨਲ ਵਿੱਚ ਆਈਐੱਫਸੀ ਫਗਵਾੜਾ ਤੇ ਰਾਊਂਡ ਗਲਾਸ ਕਲੱਬ ਮੁਹਾਲੀ ਦੀ ਟੱਕਰ ਹੋਵੇਗੀ। ਕਾਲਜ ਵਰਗ ਦੇ ਦੂਜੇ ਸੈਮੀਫਾਈਨਲ ਵਿੱਚ ਜੀਐੱਨਏ ਯੂਨੀ. ਅਤੇ ਖਾਲਸਾ ਕਾਲਜ ਗੜ੍ਹਸ਼ੰਕਰ ਭਿੜਨਗੇ। ਅੱਜ ਦੇ ਮੈਚਾਂ ਮੌਕੇ ਪਰਵਾਸੀ ਦਾਨੀ ਸੱਜਣ ਕੁੰਦਨ ਸਿੰਘ ਸੱਜਣ,ਕੋਚ ਹਰਨੰਦਨ ਸਿੰਘ ਖਾਬੜਾ, ਸੇਵਕ ਸਿੰਘ ਬੈਂਸ,ਪਿ੍ਰੰ ਪਰਵਿੰਦਰ ਸਿੰਘ,ਡਾ ਪਰਮਪ੍ਰੀਤ ਸਿੰਘ, ਤਰਸੇਮ ਭਾਅ, ਪ੍ਰੋ ਸਰਵਣ ਸਿੰਘ, ਅਮਰਜੀਤ ਸਿੰਘ, ਸੁਹੇਲ ਗਾਂਧੀ ਆਦਿ ਸਮੇਤ ਅਨੇਕਾਂ ਫੁੱਟਬਾਲ ਪ੍ਰੇਮੀ ਹਾਜ਼ਰ ਸਨ।
62ਵਾਂ ਆਲ ਇੰਡੀਆ ਪਿ੍ਰੰ ਹਰਭਜਨ ਸਿੰਘ ਯਾਦਗਾਰੀ ਟੂਰਨਾਮੈਂਟ-ਕਾਲਜ ਵਰਗ ਵਿੱਚ ਖ਼ਾਲਸਾ ਕਾਲਜ ਮਾਹਿਲਪੁਰ ਅਤੇ ਅਕੈਡਮੀ ਵਰਗ (ਅੰਡਰ-18) ਵਿੱਚ ਜੇਸੀਟੀ ਫਗਵਾੜਾ ਫਾਈਨਲ ਵਿੱਚ ਪੁੱਜੀ
