ਗੜ੍ਹਸ਼ੰਕਰ (ਬਲਵੀਰ ਚੋਪੜਾ):- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੁਸਹਿਰਾ ਟਰੱਸਟ ਰਾਮਪੁਰ ਬਿਲੜੋ ਵੱਲੋਂ ਦੁਸਹਿਰੇ ਦੇ ਤਿਉਹਾਰ ਦੀਆਂ ਤਿਆਰੀਆਂ ਵਜੋਂ ਰਵੀ ਰਾਜ ਖੰਨਾ ਦੀ ਅਗਵਾਈ ਹੇਠ ਹਨੂੰਮਾਨ ਜੀ ਦੀ ਝੰਡੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਨੰਬਰਦਾਰ ਕੁਸ਼ਲ ਸਿੰਘ ਰਾਣਾ ਨੇ ਰਿਬਨ ਕੱਟ ਕੇ ਰਸਮ ਦੀ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਝੰਡੀ ਨੂੰ ਪੂਰੇ ਪਿੰਡ ਦੀ ਪਰਿਕਰਮਾ ਕਰਵਾਉਂਦਿਆਂ ਰਾਮਪੁਰ ਬਿਲੜੋ ਦੇ ਦੁਸਹਿਰਾ ਮੈਦਾਨ ਵਿੱਚ ਸਥਾਪਿਤ ਕੀਤਾ ਗਿਆ।

ਦੁਸਹਿਰਾ ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ 20 ਅਕਤੂਬਰ, ਮੰਗਲਵਾਰ ਨੂੰ ਦੁਸਹਿਰਾ ਟਰੱਸਟ ਅਤੇ ਗ੍ਰਾਮ ਪੰਚਾਇਤ ਰਾਮਪੁਰ ਬਿਲੜੋ ਵੱਲੋਂ ਸਕੂਲ ਦੇ ਮੈਦਾਨ ਵਿੱਚ ਸਾਲਾਨਾ ਦੁਸਹਿਰਾ ਮੇਲਾ ਬੜੀ ਧੂਮਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਮੰਚ ’ਤੇ ਮਨਮੋਹਕ ਝਾਕੀਆਂ ਪੇਸ਼ ਕੀਤੀਆਂ ਜਾਣਗੀਆਂ। ਇਸ ਦੇ ਨਾਲ ਹੀ ਰਾਵਣ, ਕੁੰਭਕਰਨ ਅਤੇ ਮੇਘਨਾਦ ਦੇ ਪੁਤਲਿਆਂ ਦਾ ਦਹਨ ਕੀਤਾ ਜਾਵੇਗਾ।

ਦੁਸਹਿਰਾ ਟਰੱਸਟ ਦੇ ਪ੍ਰਧਾਨ ਨੇ ਕਿਹਾ ਕਿ ਦੁਸਹਿਰਾ ਬੁਰਾਈ ’ਤੇ ਚੰਗਿਆਈ ਅਤੇ ਝੂਠ ’ਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਭਗਵਾਨ ਸ੍ਰੀ ਰਾਮ ਦੇ ਜੀਵਨ ਤੋਂ ਸਾਨੂੰ ਸੱਚ, ਧਰਮ ਅਤੇ ਸਦਾਚਾਰ ਦੇ ਰਾਹ ’ਤੇ ਚੱਲਣ ਦੀ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਭਗਵਾਨ ਸ੍ਰੀ ਰਾਮ ਦੇ ਆਦਰਸ਼ਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਦਾ ਯਤਨ ਕਰਨ।

ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਆਪਸੀ ਭਾਈਚਾਰੇ, ਪਿਆਰ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਇਸ ਤਿਉਹਾਰ ਨੂੰ ਸ਼ਾਂਤੀਪੂਰਨ ਅਤੇ ਉਤਸ਼ਾਹ ਨਾਲ ਮਨਾਉਣ ਲਈ ਸਾਰੇ ਪਿੰਡ ਵਾਸੀਆਂ ਦਾ ਸਹਿਯੋਗ ਜ਼ਰੂਰੀ ਹੈ।

ਇਸ ਮੌਕੇ ਰਵੀ ਰਾਜ ਖੰਨਾ, ਵਿਕਾਸ ਖੰਨਾ, ਡਾ. ਸ਼ੰਭੂ, ਨਰਿੰਦਰ ਮਿਸਤਰੀ, ਗੋਪਾਲ ਸਾਂਡਲ, ਸ਼ਿਵਜੀ ਰਾਣਾ, ਡਿੰਪਲ ਰਾਣਾ, ਰਵਿੰਦਰ ਬਿੱਟੂ, ਸਰਪੰਚ ਖੇਮਰਾਜ, ਵੀਰ ਚੌਧਰੀ, ਪ੍ਰਿੰਸ ਰਾਣਾ, ਆਦਿਤਿਆ, ਸ਼ਿਵਰਾਜ ਰਾਣਾ, ਰਾਹੁਲ ਸਾਂਡਲ, ਭਾਰਤ ਪੰਡਿਤ, ਹਰਸ਼, ਚੇਤਨ ਪੰਡਿਤ, ਕਰਨ ਸਮੇਤ ਹੋਰ ਪਤਵੰਤੇ ਅਤੇ ਪਿੰਡ ਵਾਸੀ ਹਾਜ਼ਰ ਸਨ।


ਨਸ਼ਾ ਕਰਕੇ ਨਾ ਆਉਣ ਅਤੇ ਸ਼ਾਂਤੀ ਬਣਾਈ ਰੱਖਣ ਦੀ ਅਪੀਲ

ਦੁਸਹਿਰਾ ਟਰੱਸਟ ਦੇ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਨਸ਼ਾ ਕਰਕੇ ਦੁਸਹਿਰਾ ਮੇਲੇ ਵਿੱਚ ਸ਼ਾਮਲ ਨਾ ਹੋਵੇ। ਉਨ੍ਹਾਂ ਇਹ ਵੀ ਕਿਹਾ ਕਿ ਕੋਈ ਵੀ ਸ਼ਰਾਰਤੀ ਅਨਸਰ ਮੇਲੇ ਦੇ ਮਾਹੌਲ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਨਾ ਕਰੇ। ਸਾਰਿਆਂ ਨੂੰ ਸਹਿਯੋਗ ਦੀ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਦੁਸਹਿਰੇ ਦਾ ਤਿਉਹਾਰ ਆਪਸੀ ਪਿਆਰ, ਭਾਈਚਾਰੇ ਅਤੇ ਸ਼ਾਂਤੀਪੂਰਨ ਮਾਹੌਲ ਵਿੱਚ ਮਨਾਇਆ ਜਾਵੇ।