ਹੁਸ਼ਿਆਰਪੁਰ (ਦਲਜੀਤ ਅਜਨੋਹਾ):- ਸੁਰ ਸੰਗਮ ਐਜੂਕੇਸ਼ਨਲ ਟਰੱਸਟ (ਰਜਿ.), ਮਾਹਿਲਪੁਰ ਵੱਲੋਂ ਬੱਚਿਆਂ ਦੀ ਪ੍ਰਤਿਭਾ ਨੂੰ ਨਿਖਾਰਨ ਦੇ ਉਦੇਸ਼ ਨਾਲ 31ਵੇਂ ਸਾਹਿਤ ਸਿਰਜਣਾ ਮੁਕਾਬਲੇ ਕਰੂੰਬਲਾਂ ਭਵਨ, ਗੜ੍ਹਸ਼ੰਕਰ ਰੋਡ, ਮਾਹਿਲਪੁਰ ਵਿਖੇ 1 ਨਵੰਬਰ 2026 ਨੂੰ ਸਵੇਰੇ 10 ਵਜੇ ਕਰਵਾਏ ਜਾਣਗੇ।
ਇਹ ਜਾਣਕਾਰੀ ਦਿੰਦਿਆਂ ਨਿੱਕੀਆਂ ਕਰੂੰਬਲਾਂ ਦੇ ਮੁੱਖ ਸੰਪਾਦਕ ਬਲਜਿੰਦਰ ਮਾਨ ਨੇ ਕਿਹਾ ਕਿ ਇੱਛੁਕ ਸਕੂਲ ਮੁਖੀ ਕਵਿਤਾ, ਕਹਾਣੀ, ਲੇਖ ਅਤੇ ਪੇਂਟਿੰਗ ਮੁਕਾਬਲਿਆਂ ਲਈ ਆਪਣੇ ਸਕੂਲ ਦੇ ਚਾਰ ਹੋਣਹਾਰ ਵਿਦਿਆਰਥੀ ਭੇਜ ਸਕਦੇ ਹਨ। ਸਾਰੇ ਭਾਗੀਦਾਰਾਂ ਨੂੰ ਤੋਹਫ਼ੇ ਵਜੋਂ ਪੁਸਤਕਾਂ ਦਾ ਇੱਕ ਸੈੱਟ ਦਿੱਤਾ ਜਾਵੇਗਾ। ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਵੀ ਦਿੱਤੇ ਜਾਣਗੇ। ਇਹ ਮੁਕਾਬਲੇ ਨੈਸ਼ਨਲ ਐਵਾਰਡੀ ਅਧਿਆਪਕ ਅਤੇ ਲੇਖਕ ਗਿਆਨੀ ਹਰਕੇਵਲ ਸਿੰਘ ਸੈਲਾਨੀ ਨੂੰ ਸਮਰਪਿਤ ਹਨ। ਇਨ੍ਹਾਂ ਮੁਕਾਬਲਿਆਂ ਲਈ ਦਾਖ਼ਲਾ ਮੁਫ਼ਤ ਹੈ। ਟਰੱਸਟ ਦਾ ਫੈਸਲਾ ਅੰਤਿਮ ਹੋਵੇਗਾ।
ਉਨ੍ਹਾਂ ਅੱਗੇ ਕਿਹਾ ਕਿ ਨਿੱਕੀਆਂ ਕਰੂੰਬਲਾਂ ਦੇ 31ਵੇਂ ਵਰ੍ਹੇ ਦੇ ਜਸ਼ਨ ਮਨਾਉਣ ਲਈ ਪੰਜਾਬ ਦੀਆਂ ਪ੍ਰਮੁੱਖ ਸਾਹਿਤਕ ਸੰਸਥਾਵਾਂ ਵੱਲੋਂ ਚੰਡੀਗੜ੍ਹ, ਪਟਿਆਲਾ, ਜਲੰਧਰ, ਹੁਸ਼ਿਆਰਪੁਰ ਅਤੇ ਮਾਹਿਲਪੁਰ ਵਿਖੇ ਪ੍ਰੋਗਰਾਮ ਕਰਵਾਏ ਜਾ ਰਹੇ ਹਨ। ਬਾਲ ਦਿਵਸ ਮੌਕੇ ਕਲਾ ਭਵਨ, ਚੰਡੀਗੜ੍ਹ ਵਿਖੇ ਪੂਆਧੀ ਸੱਥ, ਮੋਹਾਲੀ ਵੱਲੋਂ ਸਾਹਿਤ ਅਕਾਦਮੀ ਅਤੇ ਸ਼੍ਰੋਮਣੀ ਸਾਹਿਤਕਾਰ ਮਨਮੋਹਨ ਸਿੰਘ ਦਾਊਂ ਦੀ ਅਗਵਾਈ ਹੇਠ ਰਿਲੀਜ਼ ਸਮਾਗਮ ਅਤੇ ਨਿੱਕੀਆਂ ਕਰੂੰਬਲਾਂ ਦੇ 31 ਸਾਲਾਂ ਦੇ ਯੋਗਦਾਨ ਬਾਰੇ ਗੋਸ਼ਟੀ ਕਰਵਾਈ ਜਾਵੇਗੀ। ਇਸ ਵਿੱਚ ਪੂਰੇ ਪੰਜਾਬ ਤੋਂ ਬਾਲ ਸਾਹਿਤ ਦੇ ਪ੍ਰਮੁੱਖ ਆਲੋਚਕ ਅਤੇ ਸਿਰਜਣਕਾਰ ਸ਼ਾਮਲ ਹੋਣਗੇ।
ਸੁਰ ਸੰਗਮ ਐਜੂਕੇਸ਼ਨਲ ਟਰੱਸਟ ਦੀ ਇਸ ਮੀਟਿੰਗ ਵਿੱਚ ਐਸ.ਪੀ. ਸ਼ਵਿੰਦਰਜੀਤ ਸਿੰਘ ਬੈਂਸ, ਪ੍ਰਿੰਸੀਪਲ ਹਰਭਜਨ ਸਿੰਘ, ਸਪੋਰਟਿੰਗ ਕਲੱਬ ਦੇ ਪ੍ਰਧਾਨ ਕੁਲਵੰਤ ਸਿੰਘ ਸੰਘਾ (ਯੂ.ਕੇ.), ਖਾਲਸਾ ਕਾਲਜ ਮਾਹਿਲਪੁਰ ਦੇ ਪ੍ਰਿੰਸੀਪਲ ਡਾ. ਪਰਵਿੰਦਰ ਸਿੰਘ, ਓਲੰਪੀਅਨ ਜਰਨੈਲ ਸਿੰਘ ਟੂਰਨਾਮੈਂਟ ਕਮੇਟੀ ਗੜ੍ਹਸ਼ੰਕਰ ਦੇ ਮੰਚ ਸੰਚਾਲਕ ਰੋਸ਼ਨਜੀਤ ਸਿੰਘ ਪਨਾਮ, ਮਾਸਟਰ ਬਨਿੰਦਰ ਸਿੰਘ, ਅੱਛਰ ਕੁਮਾਰ ਜੋਸ਼ੀ, ਬੱਗਾ ਸਿੰਘ ਆਰਟਿਸਟ, ਸੁਖਮਨ ਸਿੰਘ, ਰਘੁਬੀਰ ਸਿੰਘ ਕਲੋਆ, ਮਨਜੀਤ ਕੌਰ, ਹਰਵੀਰ ਮਾਨ ਆਦਿ ਸ਼ਾਮਲ ਹੋਏ।
