ਹੁਸ਼ਿਆਰਪੁਰ, 03 ਅਕਤੂਬਰ (ਦਲਜੀਤ ਅਜਨੋਹਾ):- ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ 119ਵੀਂ ਜੈਅੰਤੀ ਮੌਕੇ ਸਪੋਰਟਸ ਕਲੱਬ, ਪ੍ਰਵਾਸੀ ਭਾਰਤੀ, ਨਗਰ ਨਿਵਾਸੀਆਂ ਅਤੇ ਸਰਕਾਰੀ ਮਿਡਲ ਸਕੂਲ ਲੰਗੇਰੀ, ਜ਼ਿਲ੍ਹਾ ਹੁਸ਼ਿਆਰਪੁਰ ਦੇ ਬੱਚਿਆਂ ਵੱਲੋਂ ਸਾਂਝੇ ਤੌਰ ’ਤੇ ਫੁੱਲਾਂ ਦੀ ਮਾਲਾ ਪਹਿਨਾ ਕੇ ਅਤੇ ਨਾਅਰਿਆਂ ਦੀ ਗੂੰਜ ਵਿੱਚ ਮਨਾਈ ਗਈ।

ਸਵਰਗੀ ਮਨਜੀਤ ਸਿੰਘ ਲਾਲੀ ਯਾਦਗਾਰੀ ਕਮੇਟੀ ਦੇ ਜਨਰਲ ਸਕੱਤਰ ਗੁਰਭਜਨ ਸਿੰਘ ਸੰਘਾ ਬੈਲਜੀਅਮ ਅਤੇ ਪ੍ਰਧਾਨ ਡਾ. ਓ. ਪੀ. ਸਿੰਘ ਵੱਲੋਂ ਇਸ ਮੌਕੇ ਸ਼ਾਮਲ ਹੋਏ ਸਾਰੇ ਹਾਜ਼ਰੀਨ ਦਾ ਨਿੱਘਾ ਸਵਾਗਤ ਕੀਤਾ ਗਿਆ। ਪਿੰਡ ਵਾਸੀਆਂ ਅਤੇ ਸਕੂਲੀ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸਟੇਟ ਐਵਾਰਡੀ ਅਧਿਆਪਕ ਸ੍ਰੀ ਅਵਤਾਰ ਲੰਗੇਰੀ ਨੇ ਕਿਹਾ ਕਿ ਅਜੇ ਤੱਕ ਸਾਨੂੰ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਸੋਚ ਅਤੇ ਸੁਪਨਿਆਂ ਵਾਲੀ ਅਸਲ ਆਜ਼ਾਦੀ ਪ੍ਰਾਪਤ ਨਹੀਂ ਹੋਈ। ਉਨ੍ਹਾਂ ਦੇ ਕਥਨ ਅਨੁਸਾਰ, “ਜਦੋਂ ਤੱਕ ਸਮਾਜ ਵਿੱਚ ਮਨੁੱਖ ਵੱਲੋਂ ਮਨੁੱਖ ਦੀ ਲੁੱਟ ਖ਼ਤਮ ਨਹੀਂ ਹੁੰਦੀ, ਜੰਗ ਜਾਰੀ ਰਹੇਗੀ।”

ਸਿਰਾਂ ’ਤੇ ਭਗਤ ਸਿੰਘ ਸਟਾਈਲ ਦੀ ਪੱਗ ਬੰਨ੍ਹ ਕੇ ਅਤੇ ਦਫ਼ਤਰਾਂ ਵਿੱਚ ਭਗਤ ਸਿੰਘ ਦੀਆਂ ਤਸਵੀਰਾਂ ਲਗਾ ਕੇ ਭਗਤ ਸਿੰਘ ਦੇ ਵਾਰਸ ਨਹੀਂ ਕਹਲਾਇਆ ਜਾ ਸਕਦਾ। ਇਸ ਲਈ ਅੱਜ ਦੇ ਸਮੇਂ ਦੀ ਲੋੜ ਹੈ ਕਿ ਸਾਰੇ ਵਰਗ ਅਤੇ ਜਮਹੂਰੀ ਜਥੇਬੰਦੀਆਂ ਅਤੇ ਅਖੌਤੀ ਕ੍ਰਾਂਤੀਕਾਰੀਆਂ ਨੂੰ ਪਛਾਣਦਿਆਂ ਆਪਣੇ ਮਤਭੇਦ ਭੁਲਾ ਕੇ ਇੱਕ ਮੰਚ ’ਤੇ ਇਕੱਠੇ ਹੋਣ ਅਤੇ ਹੱਕ, ਸੱਚ ਅਤੇ ਇਨਸਾਫ਼ ਲਈ ਇਕੱਠਿਆਂ ਹੋ ਕੇ ਆਵਾਜ਼ ਬੁਲੰਦ ਕਰਨ।

ਭਗਤ ਸਿੰਘ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਨ੍ਹਾਂ ਦੇ ਆਦਰਸ਼ਾਂ ਨੂੰ ਅਮਲ ਵਿੱਚ ਲਿਆ ਕੇ ਬਰਾਬਰੀ ਅਤੇ ਨਿਆਂ ’ਤੇ ਆਧਾਰਿਤ ਸਮਾਜ ਦੀ ਸਥਾਪਨਾ ਕਰ ਸਕੀਏ।

ਅੱਜ ਦੇ ਇਸ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ ’ਤੇ ਮੈਡਮ ਰਜਿੰਦਰ ਕੌਰ, ਪੁਸ਼ਪਾ ਦੇਵੀ, ਸੁਖਵਿੰਦਰ ਕੌਰ, ਹਰਦੇਵ ਕੌਰ, ਹਰਬੰਸ ਕੌਰ, ਪੋਸਟ ਮਾਸਟਰ ਮੈਡਮ ਰੀਤੂ ਬਾਲਾ, ਡਾਕਟਰ ਓ. ਪੀ. ਸਿੰਘ, ਗੁਰਮੇਲ ਸਿੰਘ ਸੰਘਾ, ਬ੍ਰਹਮਜੋਤ ਸਿੰਘ ਯੂਕੇ, ਇੰਸਪੈਕਟਰ ਅੰਮ੍ਰਿਤਪਾਲ ਸਿੰਘ ਸੰਘਾ, ਜਸਵਿੰਦਰ ਸਿੰਘ ਸੰਘਾ, ਰਜਿੰਦਰ ਕੁਮਾਰ ਧਨੀ, ਜਗਜੀਤ ਸਿੰਘ ਸੰਘਾ, ਸਕੱਤਰ ਰੇਸ਼ਮ ਸਿੰਘ, ਹਰਭਜਨ ਸਿੰਘ ਸੰਘਾ, ਮਿਸਟਰ ਯੋਗਰਾਜ, ਬੱਬੂ ਲੰਗੇਰੀ ਆਦਿ ਨੇ ਸ਼ਿਰਕਤ ਕੀਤੀ।