ਅੰਮ੍ਰਿਤਸਰ:- ਅੰਮ੍ਰਿਤਸਰ ਕਮਿਸ਼ਨਰੇਟ ਪੁਲੀਸ ਨੇ 10 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰਨ ਵਾਲੇ ਪੰਜ ਮਾਡਿਊਲਾਂ ਦਾ ਪਰਦਾਫ਼ਾਸ਼ ਕੀਤਾ ਹੈ। ਪੁਲੀਸ ਟੀਮਾਂ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਛੇ ਪਿਸਤੌਲ, 4.409 ਕਿਲੋ ਹੈਰੋਇਨ, 500 ਗ੍ਰਾਮ ਅਫ਼ੀਮ, 12.90 ਲੱਖ ਰੁਪਏ ਦੀ ਡਰੱਗ ਮਨੀ ਅਤੇ ਇੱਕ ਡਰੋਨ ਬਰਾਮਦ ਕੀਤਾ ਹੈ। ਇਹ ਜਾਣਕਾਰੀ ਡੀਜੀਪੀ ਗੌਰਵ ਯਾਦਵ ਨੇ ਦਿੱਤੀ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਰਾਜਬੀਰ ਸਿੰਘ (23), ਗਗਨਪ੍ਰੀਤ ਸਿੰਘ ਉਰਫ਼ ਗਗਨ (31) ਅਤੇ ਸੌਰਵ ਸਿੰਘ ਉਰਫ਼ ਬਹਾਦਰ (23), ਸਾਰੇ ਵਾਸੀ ਅੰਮ੍ਰਿਤਸਰ; ਵਿਸ਼ਾਲ ਸਿੰਘ ਉਰਫ਼ ਟਿਬਰੂ (22) ਅਤੇ ਰਸ਼ਪਾਲ ਸਿੰਘ ਉਰਫ਼ ਬੱਬਾ (44), ਦੋਵੇਂ ਵਾਸੀ ਪਿੰਡ ਨੂਰਪੁਰ, ਲੋਪੋਕੇ; ਵੀਰਪਾਲ ਸਿੰਘ ਉਰਫ਼ ਬਿੱਲਾ (19), ਵਾਸੀ ਪਿੰਡ ਮਾੜੀ ਮੇਘਾ, ਤਰਨ ਤਾਰਨ; ਜਗਵਿੰਦਰ ਸਿੰਘ ਉਰਫ਼ ਕਾਲਾ (19), ਵਾਸੀ ਪਿੰਡ ਅਮੀ ਸ਼ਾਹ, ਤਰਨ ਤਾਰਨ; ਸੁਖਚੈਨ ਸਿੰਘ ਉਰਫ਼ ਸੁੱਖ (20), ਵਾਸੀ ਪਿੰਡ ਖਿਆਲਾ; ਜਸਕਰਨ ਸਿੰਘ ਉਰਫ਼ ਜੱਸੀ (22), ਵਾਸੀ ਪਿੰਡ ਕੋਲੋਵਾਲ; ਅਤੇ ਯੁਵਰਾਜ ਸਿੰਘ ਉਰਫ਼ ਜੱਗੂ (20), ਵਾਸੀ ਪਿੰਡ ਗੋਸਾਬਾਦ, ਅੰਮ੍ਰਿਤਸਰ ਦਿਹਾਤੀ ਵਜੋਂ ਹੋਈ ਹੈ।

ਬਰਾਮਦ ਕੀਤੇ ਗਏ ਛੇ ਪਿਸਤੌਲਾਂ ਵਿੱਚ ਇੱਕ ਗਲਾਕ 9 ਐੱਮ.ਐੱਮ. ਅਤੇ ਪੰਜ .30-ਬੋਰ ਦੇ ਪਿਸਤੌਲ ਸ਼ਾਮਲ ਹਨ। ਇਸ ਤੋਂ ਇਲਾਵਾ, 12 ਜਿੰਦਾ ਕਾਰਤੂਸ ਵੀ ਬਰਾਮਦ ਹੋਏ ਹਨ। ਪੁਲੀਸ ਨੇ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਵਰਤੀਆਂ ਜਾ ਰਹੀਆਂ ਦੋ ਕਾਰਾਂ ਵੀ ਜ਼ਬਤ ਕਰ ਲਈਆਂ ਹਨ।

ਡੀਜੀਪੀ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਗ੍ਰਿਫ਼ਤਾਰ ਕੀਤੇ ਮੁਲਜ਼ਮ ਗੈਰ-ਕਾਨੂੰਨੀ ਹਥਿਆਰਾਂ ਅਤੇ ਨਸ਼ਿਆਂ ਦੀ ਤਸਕਰੀ ਵਿੱਚ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਇਸ ਨੈੱਟਵਰਕ ਨਾਲ ਜੁੜੇ ਹੋਰ ਵਿਅਕਤੀਆਂ ਦੀ ਪਛਾਣ ਕਰਨ ਲਈ ਅਗਲੇਰੀ ਜਾਂਚ ਜਾਰੀ ਹੈ।