ਭਾਰਤ ਨੇ ਸਿਹਤ ਸੇਵਾਵਾਂ ਦੇ ਖੇਤਰ ਵਿੱਚ ਪਿਛਲੇ ਕੁਝ ਦਹਾਕਿਆਂ ਦੌਰਾਨ ਕਾਫ਼ੀ ਤਰੱਕੀ ਕੀਤੀ ਹੈ। ਆਧੁਨਿਕ ਇਲਾਜ, ਨਵੀਆਂ ਤਕਨੀਕਾਂ ਅਤੇ ਬਿਹਤਰ ਸਿਹਤ ਸਹੂਲਤਾਂ ਨੇ ਲੋਕਾਂ ਦੀ ਔਸਤ ਉਮਰ ਵਿੱਚ ਵਾਧਾ ਕੀਤਾ ਹੈ। ਪਰ ਇਸ ਤਰੱਕੀ ਦੇ ਨਾਲ-ਨਾਲ ਇੱਕ ਅਜਿਹੀ ਚੁਣੌਤੀ ਵੀ ਤੇਜ਼ੀ ਨਾਲ ਵਧ ਰਹੀ ਹੈ, ਜੋ ਸਾਡੀਆਂ ਰੋਜ਼ਾਨਾ ਦੀਆਂ ਆਦਤਾਂ ਕਾਰਨ ਹੌਲੀ-ਹੌਲੀ ਸਰੀਰ ਨੂੰ ਆਪਣੀ ਲਪੇਟ ਵਿੱਚ ਲੈ ਲੈਂਦੀ ਹੈ। ਸ਼ੂਗਰ, ਮੋਟਾਪਾ, ਉੱਚ ਰਕਤਚਾਪ, ਦਿਲ ਦੀਆਂ ਬਿਮਾਰੀਆਂ, ਮਾਨਸਿਕ ਤਣਾਅ ਅਤੇ ਡਿਪਰੈਸ਼ਨ ਵਰਗੀਆਂ ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਅੱਜ ਦੇਸ਼ ਲਈ ਗੰਭੀਰ ਸਿਹਤ ਸੰਕਟ ਬਣਦੀਆਂ ਜਾ ਰਹੀਆਂ ਹਨ। ਚਿੰਤਾ ਦੀ ਗੱਲ ਇਹ ਹੈ ਕਿ ਹੁਣ ਇਹ ਬਿਮਾਰੀਆਂ ਸਿਰਫ਼ ਵੱਡੀ ਉਮਰ ਦੇ ਲੋਕਾਂ ਤੱਕ ਸੀਮਤ ਨਹੀਂ ਰਹੀਆਂ, ਸਗੋਂ ਨੌਜਵਾਨਾਂ ਅਤੇ ਬੱਚਿਆਂ ਵਿੱਚ ਵੀ ਤੇਜ਼ੀ ਨਾਲ ਵਧ ਰਹੀਆਂ ਹਨ।
ਅੱਜ ਦੀ ਤੇਜ਼ ਰਫ਼ਤਾਰ ਜ਼ਿੰਦਗੀ ਨੇ ਸਾਡੀਆਂ ਆਦਤਾਂ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਦਫ਼ਤਰਾਂ ਵਿੱਚ ਲੰਬੇ ਸਮੇਂ ਤੱਕ ਬੈਠ ਕੇ ਕੰਮ ਕਰਨਾ, ਮੋਬਾਈਲ ਅਤੇ ਕੰਪਿਊਟਰ ਦੀ ਵਧਦੀ ਵਰਤੋਂ, ਸਰੀਰਕ ਮਿਹਨਤ ਦੀ ਘਾਟ ਅਤੇ ਜੰਕ ਫੂਡ ਵੱਲ ਵਧਦਾ ਰੁਝਾਨ ਸਿਹਤ ਨੂੰ ਲਗਾਤਾਰ ਨੁਕਸਾਨ ਪਹੁੰਚਾ ਰਿਹਾ ਹੈ। ਸੁਵਿਧਾ ਦੇ ਨਾਂ 'ਤੇ ਫਾਸਟ ਫੂਡ, ਮਿੱਠੇ ਪੇਅ ਅਤੇ ਪੈਕ ਕੀਤੇ ਖਾਣ-ਪੀਣ ਦੇ ਪਦਾਰਥ ਸਾਡੀ ਰੋਜ਼ਾਨਾ ਦੀ ਖੁਰਾਕ ਦਾ ਹਿੱਸਾ ਬਣ ਚੁੱਕੇ ਹਨ। ਇਹ ਆਦਤਾਂ ਹੌਲੀ-ਹੌਲੀ ਸਰੀਰ ਨੂੰ ਅਜਿਹੀਆਂ ਬਿਮਾਰੀਆਂ ਵੱਲ ਧੱਕ ਰਹੀਆਂ ਹਨ, ਜਿਨ੍ਹਾਂ ਦਾ ਇਲਾਜ ਲੰਬਾ ਅਤੇ ਮਹਿੰਗਾ ਹੁੰਦਾ ਹੈ।
ਭਾਰਤ ਵਿੱਚ ਸ਼ੂਗਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਇਹ ਰੋਗ ਸਿਰਫ਼ ਖੂਨ ਵਿੱਚ ਸ਼ੂਗਰ ਦਾ ਪੱਧਰ ਵਧਾਉਣ ਤੱਕ ਸੀਮਤ ਨਹੀਂ ਰਹਿੰਦਾ, ਸਗੋਂ ਦਿਲ, ਗੁਰਦਿਆਂ, ਅੱਖਾਂ ਅਤੇ ਨਾੜੀਆਂ ਨੂੰ ਵੀ ਪ੍ਰਭਾਵਿਤ ਕਰਦਾ ਹੈ। ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਲੰਬੇ ਸਮੇਂ ਤੱਕ ਇਸ ਬਿਮਾਰੀ ਦਾ ਪਤਾ ਹੀ ਨਹੀਂ ਲੱਗਦਾ। ਜਦੋਂ ਤੱਕ ਜਾਂਚ ਕਰਵਾਈ ਜਾਂਦੀ ਹੈ, ਉਦੋਂ ਤੱਕ ਕਈ ਪੇਚੀਦਗੀਆਂ ਪੈਦਾ ਹੋ ਚੁੱਕੀਆਂ ਹੁੰਦੀਆਂ ਹਨ। ਇਸ ਕਾਰਨ ਸਿਹਤ ਦੇ ਨਾਲ-ਨਾਲ ਪਰਿਵਾਰ ਦੀ ਆਰਥਿਕ ਸਥਿਤੀ ਵੀ ਪ੍ਰਭਾਵਿਤ ਹੁੰਦੀ ਹੈ। ਮੋਟਾਪਾ ਵੀ ਇੱਕ ਵੱਡੀ ਚਿੰਤਾ ਬਣ ਗਿਆ ਹੈ। ਪਹਿਲਾਂ ਇਸ ਨੂੰ ਸ਼ਹਿਰੀ ਜਾਂ ਅਮੀਰ ਵਰਗ ਦੀ ਸਮੱਸਿਆ ਮੰਨਿਆ ਜਾਂਦਾ ਸੀ, ਪਰ ਹੁਣ ਇਸ ਦਾ ਪ੍ਰਭਾਵ ਪਿੰਡਾਂ ਵਿੱਚ ਵੀ ਦਿਖਾਈ ਦੇ ਰਿਹਾ ਹੈ। ਬੱਚਿਆਂ ਦਾ ਖੇਡ ਮੈਦਾਨਾਂ ਤੋਂ ਦੂਰ ਹੋਣਾ ਅਤੇ ਮੋਬਾਈਲ ਸਕ੍ਰੀਨਾਂ ਨਾਲ ਜੁੜ ਜਾਣਾ ਇਸ ਦਾ ਇੱਕ ਮੁੱਖ ਕਾਰਨ ਹੈ। ਸਕੂਲਾਂ ਵਿੱਚ ਪੜ੍ਹਾਈ ਦਾ ਦਬਾਅ ਵਧਣ ਕਾਰਨ ਖੇਡਾਂ ਅਤੇ ਸਰੀਰਕ ਗਤੀਵਿਧੀਆਂ ਲਈ ਸਮਾਂ ਘੱਟ ਹੁੰਦਾ ਜਾ ਰਿਹਾ ਹੈ। ਬਚਪਨ ਵਿੱਚ ਵਧਦਾ ਮੋਟਾਪਾ ਭਵਿੱਖ ਵਿੱਚ ਸ਼ੂਗਰ, ਉੱਚ ਰਕਤਚਾਪ ਅਤੇ ਦਿਲ ਦੀਆਂ ਬਿਮਾਰੀਆਂ ਦੇ ਖ਼ਤਰੇ ਨੂੰ ਕਈ ਗੁਣਾ ਵਧਾ ਦਿੰਦਾ ਹੈ। ਸਰੀਰਕ ਸਿਹਤ ਦੇ ਨਾਲ-ਨਾਲ ਮਾਨਸਿਕ ਸਿਹਤ ਵੀ ਅੱਜ ਗੰਭੀਰ ਚੁਣੌਤੀ ਬਣ ਚੁੱਕੀ ਹੈ। ਨੌਕਰੀ ਦੀ ਦੌੜ, ਆਰਥਿਕ ਦਬਾਅ, ਪੜ੍ਹਾਈ ਦਾ ਬੋਝ ਅਤੇ ਸੋਸ਼ਲ ਮੀਡੀਆ ਦੀ ਦਿਖਾਵੇ ਵਾਲੀ ਦੁਨੀਆ ਨੇ ਤਣਾਅ ਅਤੇ ਡਿਪਰੈਸ਼ਨ ਦੇ ਮਾਮਲੇ ਵਧਾ ਦਿੱਤੇ ਹਨ। ਦੁੱਖ ਦੀ ਗੱਲ ਇਹ ਹੈ ਕਿ ਅੱਜ ਵੀ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕਰਨ ਤੋਂ ਲੋਕ ਹਿਚਕਚਾਉਂਦੇ ਹਨ। ਇਸ ਕਾਰਨ ਬਹੁਤ ਸਾਰੇ ਲੋਕ ਸਮੇਂ ਸਿਰ ਸਲਾਹ ਅਤੇ ਇਲਾਜ ਤੋਂ ਵਾਂਝੇ ਰਹਿ ਜਾਂਦੇ ਹਨ।
ਇਨ੍ਹਾਂ ਬਿਮਾਰੀਆਂ ਦਾ ਪ੍ਰਭਾਵ ਸਿਰਫ਼ ਵਿਅਕਤੀ ਤੱਕ ਸੀਮਤ ਨਹੀਂ ਰਹਿੰਦਾ। ਇਨ੍ਹਾਂ ਕਾਰਨ ਸਿਹਤ ਪ੍ਰਣਾਲੀ 'ਤੇ ਬੋਝ ਵਧਦਾ ਹੈ, ਪਰਿਵਾਰਾਂ ਦਾ ਇਲਾਜ ਉੱਤੇ ਖ਼ਰਚ ਵਧਦਾ ਹੈ ਅਤੇ ਕੰਮ ਕਰਨ ਦੀ ਸਮਰੱਥਾ ਘਟਦੀ ਹੈ। ਇਸ ਲਈ ਇਨ੍ਹਾਂ ਬਿਮਾਰੀਆਂ ਨੂੰ ਸਿਰਫ਼ ਡਾਕਟਰੀ ਸਮੱਸਿਆ ਸਮਝਣ ਦੀ ਬਜਾਏ ਸਮਾਜਿਕ ਅਤੇ ਆਰਥਿਕ ਚੁਣੌਤੀ ਵਜੋਂ ਵੀ ਦੇਖਣ ਦੀ ਲੋੜ ਹੈ। ਚੰਗੀ ਗੱਲ ਇਹ ਹੈ ਕਿ ਜੀਵਨ ਸ਼ੈਲੀ ਨਾਲ ਜੁੜੀਆਂ ਜ਼ਿਆਦਾਤਰ ਬਿਮਾਰੀਆਂ ਤੋਂ ਬਚਾਅ ਸੰਭਵ ਹੈ। ਇਸ ਲਈ ਵੱਡੇ ਬਦਲਾਅ ਦੀ ਨਹੀਂ, ਸਗੋਂ ਰੋਜ਼ਾਨਾ ਦੀਆਂ ਛੋਟੀਆਂ-ਛੋਟੀਆਂ ਚੰਗੀਆਂ ਆਦਤਾਂ ਅਪਣਾਉਣ ਦੀ ਲੋੜ ਹੈ। ਸੰਤੁਲਿਤ ਖੁਰਾਕ, ਹਰੀਆਂ ਸਬਜ਼ੀਆਂ, ਫਲ, ਦਾਲਾਂ ਅਤੇ ਸਾਬਤ ਅਨਾਜ ਨੂੰ ਭੋਜਨ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਹਰ ਰੋਜ਼ ਘੱਟੋ-ਘੱਟ ਅੱਧਾ ਘੰਟਾ ਸੈਰ, ਕਸਰਤ ਜਾਂ ਯੋਗ ਕਰਨਾ ਸਰੀਰ ਨੂੰ ਤੰਦਰੁਸਤ ਰੱਖਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦਾ ਹੈ। ਇਸ ਦੇ ਨਾਲ ਹੀ ਪੂਰੀ ਨੀਂਦ ਲੈਣਾ, ਤੰਬਾਕੂ ਅਤੇ ਸ਼ਰਾਬ ਤੋਂ ਦੂਰ ਰਹਿਣਾ ਅਤੇ ਸਮੇਂ-ਸਮੇਂ 'ਤੇ ਸਿਹਤ ਜਾਂਚ ਕਰਵਾਉਣਾ ਵੀ ਬਹੁਤ ਜ਼ਰੂਰੀ ਹੈ। ਸਕੂਲਾਂ ਅਤੇ ਕਾਲਜਾਂ ਵਿੱਚ ਸਿਹਤ ਸਿੱਖਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਦੀ ਲੋੜ ਹੈ। ਬੱਚਿਆਂ ਨੂੰ ਛੋਟੀ ਉਮਰ ਤੋਂ ਹੀ ਸਹੀ ਖਾਣ-ਪੀਣ, ਨਿਯਮਤ ਕਸਰਤ ਅਤੇ ਮਾਨਸਿਕ ਸਿਹਤ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ। ਇਸੇ ਤਰ੍ਹਾਂ ਕੰਮਕਾਜ ਵਾਲੀਆਂ ਥਾਵਾਂ 'ਤੇ ਕਰਮਚਾਰੀਆਂ ਲਈ ਸਿਹਤਮੰਦ ਮਾਹੌਲ, ਤਣਾਅ ਘਟਾਉਣ ਵਾਲੇ ਪ੍ਰੋਗਰਾਮ ਅਤੇ ਸਰੀਰਕ ਗਤੀਵਿਧੀਆਂ ਨੂੰ ਉਤਸ਼ਾਹਿਤ ਕੀਤਾ ਜਾਣਾ ਚਾਹੀਦਾ ਹੈ। ਸਰਕਾਰ ਨੂੰ ਵੀ ਜਨ-ਜਾਗਰੂਕਤਾ ਮੁਹਿੰਮਾਂ, ਖੇਡ ਮੈਦਾਨਾਂ ਅਤੇ ਪਾਰਕਾਂ ਦੇ ਵਿਕਾਸ ਅਤੇ ਪ੍ਰਾਇਮਰੀ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਵੱਲ ਹੋਰ ਧਿਆਨ ਦੇਣਾ ਚਾਹੀਦਾ ਹੈ। ਜੀਵਨ ਸ਼ੈਲੀ ਨਾਲ ਜੁੜੀਆਂ ਬਿਮਾਰੀਆਂ ਦਾ ਵਧਦਾ ਬੋਝ ਸਾਨੂੰ ਇਹੀ ਸੰਦੇਸ਼ ਦਿੰਦਾ ਹੈ ਕਿ ਸਿਹਤਮੰਦ ਭਵਿੱਖ ਲਈ ਬਚਾਅ ਹੀ ਸਭ ਤੋਂ ਪ੍ਰਭਾਵਸ਼ਾਲੀ ਇਲਾਜ ਹੈ।

-         ਦਵਿੰਦਰ ਕੁਮਾਰ