ਜਨਤਕ ਸੁਰੱਖਿਆ ਦੀ ਚਰਚਾ ਆਮ ਤੌਰ 'ਤੇ ਪੁਲਿਸ, ਕਾਨੂੰਨ, ਸੀਸੀਟੀਵੀ, ਸੜਕਾਂ ਦੀ ਰੌਸ਼ਨੀ ਅਤੇ ਐਮਰਜੈਂਸੀ ਸੇਵਾਵਾਂ ਤੱਕ ਸੀਮਤ ਰਹਿੰਦੀ ਹੈ। ਇਹ ਸਾਰੇ ਤੱਤ ਬੇਸ਼ੱਕ ਜ਼ਰੂਰੀ ਹਨ, ਪਰ ਕਿਸੇ ਵੀ ਸਮਾਜ ਦੀ ਸੁਰੱਖਿਆ ਦਾ ਇੱਕ ਹੋਰ ਅਦਿੱਖ ਪੱਖ ਵੀ ਹੁੰਦਾ ਹੈ, ਸਮਾਜ ਦੀ ਨੈਤਿਕਤਾ, ਆਪਸੀ ਸਤਿਕਾਰ ਅਤੇ ਇੱਕ-ਦੂਜੇ ਪ੍ਰਤੀ ਜ਼ਿੰਮੇਵਾਰੀ ਦੀ ਭਾਵਨਾ।
ਭਾਰਤੀ ਸਮਾਜ ਵਿੱਚ ਅਜਿਹੀਆਂ ਕਈ ਪਰੰਪਰਾਵਾਂ ਰਹੀਆਂ ਹਨ ਜਿਨ੍ਹਾਂ ਦਾ ਮਕਸਦ ਕਾਨੂੰਨ ਲਾਗੂ ਕਰਨਾ ਨਹੀਂ, ਸਗੋਂ ਸਮਾਜਿਕ ਵਰਤਾਰੇ ਲਈ ਹੱਦਾਂ ਤੈਅ ਕਰਨਾ ਸੀ। ਇੱਕ ਸਮਾਂ ਅਜਿਹਾ ਵੀ ਸੀ ਜਦੋਂ ਪਿੰਡਾਂ ਦੀ ਸਮਾਜਿਕ ਬਣਤਰ ਵਿੱਚ ਆਪਣੇ ਪਿੰਡ ਦੀ ਹਰ ਮਹਿਲਾ ਨੂੰ ਮਾਂ ਜਾਂ ਭੈਣ ਦੇ ਰਿਸ਼ਤੇ ਨਾਲ ਦੇਖਣ ਦੀ ਸੋਚ ਆਮ ਸੀ। ਇਹ ਰਿਸ਼ਤਾ ਖੂਨ ਦਾ ਨਹੀਂ ਸੀ, ਪਰ ਸਮਾਜਿਕ ਮਰਿਆਦਾ ਦਾ ਸੀ। ਬੱਚੇ ਜਦੋਂ ਆਪਣੇ ਵੱਡਿਆਂ ਨੂੰ ਇਸ ਤਰ੍ਹਾਂ ਵਰਤਾਰਾ ਕਰਦੇ ਦੇਖਦੇ ਸਨ ਤਾਂ ਉਹੀ ਸੋਚ ਅਗਲੀ ਪੀੜ੍ਹੀ ਤੱਕ ਪਹੁੰਚਦੀ ਸੀ। ਇਸ ਤਰ੍ਹਾਂ ਸਮਾਜ ਵਿੱਚ ਕੁਝ ਅਣਲਿਖੀਆਂ ਹੱਦਾਂ ਬਣਦੀਆਂ ਸਨ, ਜਿਨ੍ਹਾਂ ਨੂੰ ਤੋੜਨਾ ਸਿਰਫ਼ ਕਾਨੂੰਨੀ ਨਹੀਂ, ਸਮਾਜਿਕ ਤੌਰ 'ਤੇ ਵੀ ਗਲਤ ਮੰਨਿਆ ਜਾਂਦਾ ਸੀ।
ਹਰ ਸਮਾਜ ਵਿੱਚ ਅਪਰਾਧ ਮੌਜੂਦ ਰਹੇ ਹਨ। ਪਰ ਇਹ ਜ਼ਰੂਰ ਸਮਝਿਆ ਜਾ ਸਕਦਾ ਹੈ ਕਿ ਜਦੋਂ ਪਰਿਵਾਰ, ਗੁਆਂਢ ਅਤੇ ਸਮਾਜ ਇੱਕ ਵਿਅਕਤੀ ਦੇ ਵਰਤਾਰੇ 'ਤੇ ਨੈਤਿਕ ਪ੍ਰਭਾਵ ਰੱਖਦੇ ਹਨ ਤਾਂ ਕਾਨੂੰਨ ਤੋਂ ਇਲਾਵਾ ਇੱਕ ਹੋਰ ਸਮਾਜਿਕ ਰੋਕ ਵੀ ਮੌਜੂਦ ਰਹਿੰਦੀ ਹੈ। ਕਿਸੇ ਗਲਤ ਕੰਮ ਦਾ ਡਰ ਸਿਰਫ਼ ਪੁਲਿਸ ਜਾਂ ਅਦਾਲਤ ਦਾ ਨਹੀਂ ਹੁੰਦਾ, ਸਗੋਂ ਆਪਣੇ ਪਰਿਵਾਰ ਅਤੇ ਸਮਾਜ ਵਿੱਚ ਇੱਜ਼ਤ ਗੁਆਉਣ ਦਾ ਡਰ ਵੀ ਹੁੰਦਾ ਹੈ। ਸਰਕਾਰੀ ਤੁਲਨਾਤਮਕ ਅੰਕੜਿਆਂ ਵਿੱਚ ਭਾਰਤ ਦੀ ਪ੍ਰਤੀ ਲੱਖ ਆਬਾਦੀ ਅਪਰਾਧ ਦਰ ਕਈ ਵਿਕਸਿਤ ਦੇਸ਼ਾਂ ਨਾਲੋਂ ਘੱਟ ਦਰਜ ਕੀਤੀ ਗਈ ਹੈ। ਇਸ ਦੇ ਪਿੱਛੇ ਸਿਰਫ਼ ਕਾਨੂੰਨੀ ਪ੍ਰਣਾਲੀ ਨੂੰ ਕਾਰਨ ਮੰਨਣ ਦੀ ਬਜਾਏ ਸਾਡੇ ਸਮਾਜਿਕ ਅਤੇ ਨੈਤਿਕ ਮੁੱਲਾਂ ਦੀ ਭੂਮਿਕਾ ਨੂੰ ਵੀ ਵਿਚਾਰਿਆ ਜਾ ਸਕਦਾ ਹੈ। 
ਪਿਛਲੀਆਂ ਪੀੜ੍ਹੀਆਂ ਨੇ ਸਤਿਕਾਰ, ਸੰਜਮ, ਪਰਿਵਾਰਕ ਜ਼ਿੰਮੇਵਾਰੀ ਅਤੇ ਦੂਜਿਆਂ ਦੀ ਇੱਜ਼ਤ ਕਰਨ ਵਰਗੇ ਮੁੱਲ ਬੱਚਿਆਂ ਵਿੱਚ ਪੈਦਾ ਕੀਤੇ, ਜਿਨ੍ਹਾਂ ਨੇ ਸਮਾਜਿਕ ਵਰਤਾਰੇ ਨੂੰ ਪ੍ਰਭਾਵਿਤ ਕੀਤਾ ਹੋ ਸਕਦਾ ਹੈ। ਫਿਰ ਵੀ ਇਸ ਨੂੰ ਆਤਮ-ਸੰਤੁਸ਼ਟੀ ਦਾ ਕਾਰਨ ਨਹੀਂ ਬਣਾਇਆ ਜਾ ਸਕਦਾ। ਅਪਰਾਧ ਦਾ ਇੱਕ ਮਾਮਲਾ ਵੀ ਸਿਰਫ਼ ਇੱਕ ਵਿਅਕਤੀ ਨੂੰ ਨਹੀਂ, ਸਗੋਂ ਇੱਕ ਪੂਰੇ ਪਰਿਵਾਰ ਨੂੰ ਪ੍ਰਭਾਵਿਤ ਕਰਦਾ ਹੈ। ਇਸ ਲਈ ਸੁਰੱਖਿਆ ਪ੍ਰਤੀ ਕਿਸੇ ਵੀ ਤਰ੍ਹਾਂ ਦੀ ਢਿੱਲ ਦੀ ਗੁੰਜਾਇਸ਼ ਨਹੀਂ ਹੋ ਸਕਦੀ।
ਇਸ ਦੇ ਨਾਲ ਨੈਤਿਕ ਮੁੱਲਾਂ ਨੂੰ ਸਮਾਜ ਦੀ ਬਦਲਦੀ ਬਣਤਰ ਦੇ ਨਾਲ ਵਿਕਸਿਤ ਕਰਨਾ ਵੀ ਜ਼ਰੂਰੀ ਹੈ। ਪੁਰਾਣੀਆਂ ਪੀੜ੍ਹੀਆਂ ਤੋਂ ਮਿਲੇ ਸਤਿਕਾਰ, ਸੰਜਮ ਅਤੇ ਸਾਂਝੀ ਜ਼ਿੰਮੇਵਾਰੀ ਦੇ ਮੁੱਲ ਅੱਜ ਵੀ ਮਹੱਤਵਪੂਰਨ ਹਨ, ਪਰ ਉਨ੍ਹਾਂ ਦੀ ਵਿਆਖਿਆ ਆਧੁਨਿਕ ਸਮਾਜ ਦੀਆਂ ਲੋੜਾਂ ਅਨੁਸਾਰ ਹੋਣੀ ਚਾਹੀਦੀ ਹੈ। ਮਹਿਲਾ ਨੂੰ ਬਰਾਬਰੀ ਦਾ ਸਤਿਕਾਰ, ਲੋਕਾਂ ਨੂੰ ਵਿਅਕਤੀਗਤ ਹੱਦਾਂ ਦੀ ਸਮਝ, ਬੱਚਿਆਂ ਦੀ ਸੁਰੱਖਿਆ ਅਤੇ ਡਿਜ਼ੀਟਲ ਵਰਤਾਰੇ ਵਿੱਚ ਜ਼ਿੰਮੇਵਾਰੀ ਵੀ ਅੱਜ ਦੀ ਨੈਤਿਕਤਾ ਦਾ ਹਿੱਸਾ ਹੋਣੇ ਚਾਹੀਦੇ ਹਨ। ਸਮਾਜ ਬਦਲਦਾ ਰਹੇਗਾ, ਪਰ ਦੂਜੇ ਮਨੁੱਖ ਦੀ ਇੱਜ਼ਤ ਅਤੇ ਸੁਰੱਖਿਆ ਨੂੰ ਆਪਣੀ ਜ਼ਿੰਮੇਵਾਰੀ ਸਮਝਣ ਦਾ ਮੂਲ ਸਿਧਾਂਤ ਨਹੀਂ ਬਦਲਣਾ ਚਾਹੀਦਾ। ਸ਼ਹਿਰੀਕਰਨ, ਇਕੱਲੇ ਪਰਿਵਾਰ, ਵਧਦੀ ਵਿਅਕਤੀਗਤਤਾ, ਡਿਜ਼ੀਟਲ ਜੀਵਨ ਅਤੇ ਲਗਾਤਾਰ ਬਦਲ ਰਹੀਆਂ ਸਮਾਜਿਕ ਤਰਜੀਹਾਂ ਨੇ ਲੋਕਾਂ ਦੇ ਇੱਕ-ਦੂਜੇ ਨਾਲ ਸੰਬੰਧਾਂ ਨੂੰ ਵੀ ਬਦਲਿਆ ਹੈ। 
ਪਹਿਲਾਂ ਜਿੱਥੇ ਗੁਆਂਢੀ ਦੀ ਸਮੱਸਿਆ ਨੂੰ ਕਈ ਵਾਰ ਸਾਂਝੀ ਸਮੱਸਿਆ ਮੰਨਿਆ ਜਾਂਦਾ ਸੀ, ਹੁਣ ਨਿੱਜੀ ਜੀਵਨ ਦੀਆਂ ਹੱਦਾਂ ਵਧੇਰੇ ਮਜ਼ਬੂਤ ਹੋ ਗਈਆਂ ਹਨ। ਸੁਰੱਖਿਆ ਵਿੱਚ ਬੁਨਿਆਦੀ ਢਾਂਚੇ ਦੀ ਭੂਮਿਕਾ ਵੀ ਮਹੱਤਵਪੂਰਨ ਹੈ। ਪਰ ਸੁਰੱਖਿਆ ਦਾ ਆਧੁਨਿਕ ਢਾਂਚਾ ਸਮਾਜਿਕ ਜ਼ਿੰਮੇਵਾਰੀ ਦਾ ਬਦਲ ਨਹੀਂ ਬਣ ਸਕਦਾ। ਇੱਕ ਗਲੀ ਵਿੱਚ ਸੀਸੀਟੀਵੀ ਕੈਮਰਾ ਲਗਾਇਆ ਜਾ ਸਕਦਾ ਹੈ, ਪਰ ਕੈਮਰਾ ਲੋਕਾਂ ਵਿੱਚ ਆਪਸੀ ਭਰੋਸਾ ਪੈਦਾ ਨਹੀਂ ਕਰ ਸਕਦਾ। ਸੜਕ 'ਤੇ ਸਟਰੀਟ ਲਾਈਟ ਲਗਾਈ ਜਾ ਸਕਦੀ ਹੈ, ਪਰ ਉਹ ਕਿਸੇ ਮੁਸੀਬਤ ਵਿੱਚ ਫਸੇ ਵਿਅਕਤੀ ਦੀ ਮਦਦ ਕਰਨ ਦੀ ਮਨੁੱਖੀ ਇੱਛਾ ਪੈਦਾ ਨਹੀਂ ਕਰ ਸਕਦੀ। ਪੁਲਿਸ ਤੁਰੰਤ ਪਹੁੰਚ ਸਕਦੀ ਹੈ, ਪਰ ਸਮਾਜ ਵਿੱਚ ਅਜਿਹੀ ਸੋਚ ਪੈਦਾ ਕਰਨਾ ਕਿ ਗਲਤ ਵਰਤਾਰੇ ਨੂੰ ਦੇਖ ਕੇ ਚੁੱਪ ਨਾ ਰਹਿਣਾ ਵੀ ਜ਼ਿੰਮੇਵਾਰੀ ਹੈ, ਇਹ ਲੰਬੇ ਸਮੇਂ ਦੀ ਸਮਾਜਿਕ ਪ੍ਰਕਿਰਿਆ ਹੈ।
ਨਸ਼ਿਆਂ ਦੀ ਰੋਕਥਾਮ ਜਨਤਕ ਸੁਰੱਖਿਆ ਦਾ ਅਹਿਮ ਹਿੱਸਾ ਹੈ। ਨੌਜਵਾਨਾਂ ਨੂੰ ਖੇਡਾਂ, ਸਿੱਖਿਆ, ਹੁਨਰ ਵਿਕਾਸ, ਰੋਜ਼ਗਾਰ ਅਤੇ ਸਿਹਤਮੰਦ ਗਤੀਵਿਧੀਆਂ ਨਾਲ ਜੋੜਨਾ ਲੰਬੇ ਸਮੇਂ ਦੀ ਰੋਕਥਾਮ ਬਣ ਸਕਦਾ ਹੈ। ਪਰਿਵਾਰ, ਸਕੂਲ ਅਤੇ ਸਮਾਜਿਕ ਸੰਸਥਾਵਾਂ ਇਸ ਵਿੱਚ ਅਹਿਮ ਭੂਮਿਕਾ ਨਿਭਾ ਸਕਦੀਆਂ ਹਨ। ਇਸ ਦੇ ਨਾਲ ਹਾਦਸਿਆਂ, ਅੱਗ ਜਾਂ ਮੈਡੀਕਲ ਐਮਰਜੈਂਸੀ ਵੇਲੇ ਪੁਲਿਸ, ਐਂਬੂਲੈਂਸ, ਫਾਇਰ ਸਰਵਿਸ ਅਤੇ ਹਸਪਤਾਲਾਂ ਵਿਚਕਾਰ ਤੇਜ਼ ਤਾਲਮੇਲ ਵੀ ਸੁਰੱਖਿਆ ਦਾ ਜ਼ਰੂਰੀ ਹਿੱਸਾ ਹੈ। ਸੁਰੱਖਿਆ, ਸਿਹਤ, ਆਵਾਜਾਈ, ਸਿੱਖਿਆ ਅਤੇ ਰੋਜ਼ਗਾਰ ਆਪਸ ਵਿੱਚ ਜੁੜੇ ਹੋਏ ਹਨ, ਇਸ ਲਈ ਇਨ੍ਹਾਂ ਵਿਚਕਾਰ ਬਿਹਤਰ ਤਾਲਮੇਲ ਹੀ ਵਧੇਰੇ ਸੁਰੱਖਿਅਤ ਸਮਾਜ ਦੀ ਨੀਂਹ ਬਣ ਸਕਦਾ ਹੈ। ਆਧੁਨਿਕ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ, ਪਰ ਉਸ ਅਦਿੱਖ ਸਮਾਜਿਕ ਢਾਂਚੇ ਨੂੰ ਸੰਭਾਲਣਾ ਵੀ ਉਤਨਾ ਹੀ ਮਹੱਤਵਪੂਰਨ ਹੈ ਜਿਸ ਨੇ ਪੀੜ੍ਹੀਆਂ ਤੋਂ ਲੋਕਾਂ ਨੂੰ ਇੱਕ-ਦੂਜੇ ਦੀ ਸੁਰੱਖਿਆ, ਮਰਿਆਦਾ ਅਤੇ ਸਤਿਕਾਰ ਨਾਲ ਜੋੜ ਕੇ ਰੱਖਿਆ ਹੈ।

- ਦਵਿੰਦਰ ਕੁਮਾਰ