ਸਿਹਤ ਵਿਭਾਗ ਨੇ ਜੁਝਾਰ ਨਗਰ ਵਿਚ ਲਗਾਇਆ ਮੈਡੀਕਲ ਕੈਂਪ

ਬੂਥਗੜ੍ਹ (ਸਾਹਿਬਜ਼ਾਦਾ ਅਜੀਤ ਸਿੰਘ ਨਗਰ) 8 ਸਤੰਬਰ: ਜ਼ਿਲ੍ਹੇ ਵਿਚ ਚੱਲ ਰਹੇ 'ਡੇਂਗੂ ਮਾਸ ਸਰਵੇ' ਤਹਿਤ ਪ੍ਰਾਇਮਰੀ ਹੈਲਥ ਸੈਂਟਰ ਬੂਥਗੜ੍ਹ ਅਧੀਨ ਪਿੰਡ ਜੁਝਾਰ ਨਗਰ ਦੇ ਸਲੱਮ ਏਰੀਏ ਵਿਚ ਕੈਂਪ ਲਗਾਇਆ ਗਿਆ। ਸੀਨੀਅਰ ਮੈਡੀਕਲ ਅਫ਼ਸਰ ਡਾ. ਅਲਕਜੋਤ ਕੌਰ ਨੇ ਦਸਿਆ ਕਿ ਕੈਂਪ ਵਿਚ ਪੁੱਜੇ ਲੋਕਾਂ ਨੂੰ ਓ.ਆਰ.ਐਸ. ਦੇ ਪੈਕੇਟ ਅਤੇ ਪਾਣੀ ਨੂੰ ਸਾਫ਼ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਵੰਡੀਆਂ ਗਈਆਂ।

ਇਸ ਤੋਂ ਇਲਾਵਾ, ਸਿਹਤ ਟੀਮਾਂ ਬਣਾ ਕੇ ਪਿੰਡ ਵਿਚ ਮਾਸ ਸਰਵੇ ਕੀਤਾ ਗਿਆ। ਲੋਕਾਂ ਨੂੰ ਡੇਂਗੂ ਬੁਖ਼ਾਰ ਦੇ ਲੱਛਣਾਂ, ਕਾਰਨਾਂ, ਬਚਾਅ ਅਤੇ ਇਲਾਜ ਬਾਰੇ ਵਿਸਥਾਰ ਨਾਲ ਜਾਣਕਾਰੀ ਵੀ ਦਿਤੀ ਗਈ। ਉਨ੍ਹਾਂ ਦਸਿਆ ਕਿ ਸਿਹਤ ਬਲਾਕ ਬੂਥਗੜ੍ਹ ਦੇ ਪਿੰਡਾਂ ਵਿਚ ‘ਹਰ ਸ਼ੁੱਕਰਵਾਰ, ਡੇਂਗੂ ’ਤੇ ਵਾਰ’ ਮੁਹਿੰਮ ਤਹਿਤ ਜਿਥੇ ਘਰ-ਘਰ ਜਾ ਕੇ ਚੈਕਿੰਗ ਕੀਤੀ ਜਾ ਰਹੀ ਹੈ, ਉਥੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾ ਰਿਹਾ ਹੈ। 
ਸਿਹਤ ਟੀਮਾਂ ਵੱਖ-ਵੱਖ ਥਾਈਂ ਡੇਂਗੂ ਅਤੇ ਮਲੇਰੀਆ ਜਾਂਚ ਕਰ ਰਹੀਆਂ ਹਨ ਤਾਕਿ ਇਸ ਮਾਰੂ ਬੁਖ਼ਾਰ ਤੋਂ ਲੋਕਾਂ ਦਾ ਸਮੇਂ ਸਿਰ ਬਚਾਅ ਹੋ ਸਕੇ। ਮੁਹਿੰਮ ਵਿਚ ਨਰਸਿੰਗ ਕਾਲਜਾਂ ਦੇ ਵਿਦਿਆਰਥੀਆਂ, ਪਿੰਡਾਂ ਦੀਆਂ ਸਿਹਤ ਕਮੇਟੀਆਂ, ਪੰਚਾਇਤਾਂ ਆਦਿ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਉਨ੍ਹਾਂ ਦਸਿਆ ਕਿ ਡੇਂਗੂ ਜਾਨਲੇਵਾ ਬੁਖ਼ਾਰ ਹੈ, ਜਿਸ ਤੋਂ ਬਚਾਅ ਲਈ ਕਿਸੇ ਵੀ ਥਾਂ ’ਤੇ ਪਾਣੀ ਖੜਾ ਨਾ ਹੋਣ ਦਿਤਾ ਜਾਵੇ। ਜੇ ਕਿਸੇ ਕਾਰਨ ਡੇਂਗੂ ਬੁਖ਼ਾਰ ਹੋ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ। ਮਰੀਜ਼ ਨੂੰ ਸਰਕਾਰੀ ਸਿਹਤ ਸੰਸਥਾ ਵਿਚ ਲਿਆਂਦਾ ਜਾਵੇ ਜਿਥੇ ਡੇਂਗੂ ਦਾ ਟੈਸਟ ਅਤੇ ਇਲਾਜ ਬਿਲਕੁਲ ਮੁਫ਼ਤ ਹੈ। 
ਮਰੀਜ਼ ਤਰਲ ਪਦਾਰਥਾਂ ਜਿਵੇਂ ਪਾਣੀ, ਜੂਸ, ਨਿੰਬੂ ਪਾਣੀ, ਨਾਰੀਅਲ ਪਾਣੀ ਆਦਿ ਦਾ ਵੱਧ ਤੋਂ ਵੱਧ ਸੇਵਨ ਕਰੇ ਅਤੇ ਆਰਾਮ ਕਰੇ। ਕਿਸੇ ਤਰ੍ਹਾਂ ਦੀ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਡਾ. ਕਿਰਨਦੀਪ ਕੌਰ, ਸੀ.ਐਚ.ਓ. ਡਾ. ਜਯੋਤੀ, ਹੈਲਥ ਸੁਪਰਵਾਇਜ਼ਰ ਗੁਰਜੀਤ ਸਿੰਘ, ਭੁਪਿੰਦਰ ਸਿੰਘ, ਸਿਹਤ ਵਰਕਰ ਜਤਿੰਦਰ ਸਿੰਘ, ਜਸਪਾਲ ਸਿੰਘ ਆਦਿ ਮੌਜੂਦ ਸਨ।