'ਕੁੱਲ ਦੁਨੀਆ ਤੇ ਝੰਡਾ ਬੁਲੰਦ ਰਹੂ ਪੰਜਾਬੀ ਦਾ' ਗੀਤ ਸਰਕਾਰੀ ਸਮਾਗਮਾਂ ਦੀ ਸ਼ਾਨ ਬਣੇ- ਬਲਜਿੰਦਰ ਮਾਨ

ਹੁਸ਼ਿਆਰਪੁਰ- ਸਾਹਿਤਕ ਗੀਤਕਾਰੀ, ਲੇਖਣੀ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਐਸ ਅਸ਼ੋਕ ਭੌਰਾ ਦੁਆਰਾ ਸਿਰਜਿਆ ਨਵਾਂ ਗੀਤ ਸਾਹਿਤਕ ਤੇ ਸਭਿਆਚਾਰ ਹਲਕਿਆਂ ਵਿੱਚ ਚਰਚਿਤ ਹੋਇਆ ਹੈ।

ਹੁਸ਼ਿਆਰਪੁਰ- ਸਾਹਿਤਕ ਗੀਤਕਾਰੀ, ਲੇਖਣੀ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਕੌਮਾਂਤਰੀ ਪ੍ਰਸਿੱਧੀ ਖੱਟਣ ਵਾਲੇ ਐਸ ਅਸ਼ੋਕ ਭੌਰਾ ਦੁਆਰਾ ਸਿਰਜਿਆ ਨਵਾਂ ਗੀਤ ਸਾਹਿਤਕ ਤੇ ਸਭਿਆਚਾਰ ਹਲਕਿਆਂ ਵਿੱਚ ਚਰਚਿਤ ਹੋਇਆ ਹੈ।  
ਕੁੱਲ ਦੁਨੀਆਂ ਤੇ ਝੰਡਾ ਬੁਲੰਦ ਰਹੂ ਪੰਜਾਬੀ ਦਾ ' ਇੱਕ ਅਜਿਹਾ ਗੀਤ ਹੈ ਜੋ ਸਕੂਲਾਂ ਦੀ ਪ੍ਰਾਰਥਨਾ ਅਤੇ ਸਾਰੇ ਸਰਕਾਰੀ ਸਮਾਗਮਾਂ ਦੀ ਸ਼ਾਨ ਬਣਨ ਦੀ ਸਮਰੱਥਾ ਰੱਖਦਾ ਹੈ। ਮਾਤ ਭਾਸ਼ਾ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਅਤੇ ਮਾਣ ਸਨਮਾਨ ਵਿੱਚ ਵਾਧਾ ਕਰਨ ਵਾਲਾ ਇਹ ਗੀਤ ਕੁੱਲ ਦੁਨੀਆਂ ਦੇ ਵਿੱਚ ਪਿਆਰਿਆ ਤੇ ਸਤਿਕਾਰਿਆ ਜਾ ਰਿਹਾ ਹੈ।
 ਇਹ ਵਿਚਾਰ ਸੁਰ ਸੰਗਮ ਵਿੱਦਿਅਕ ਟਰੱਸਟ ਵੱਲੋਂ ਪੰਜਾਬੀ ਗੀਤਕਾਰੀ ਵਿਸ਼ੇ ਤੇ ਕਰਵਾਈ ਇੱਕ ਗੋਸ਼ਟੀ ਮੌਕੇ ਸ਼੍ਰੋਮਣੀ ਬਾਲ ਸਾਹਿਤ ਲੇਖਕ ਬਲਜਿੰਦਰ ਮਾਨ ਨੇ ਆਖੇ। ਉਹਨਾਂ ਅੱਗੇ ਕਿਹਾ ਕਿ ਅਜਿਹੇ ਗੀਤਾਂ ਨੂੰ ਨਵੀਂ ਪਨੀਰੀ ਤੱਕ ਪੁੱਜਦਾ ਕਰਨ ਦੀ ਸਾਡੀ ਸਭ ਦੀ ਜ਼ਿੰਮੇਵਾਰੀ ਹੈ ਤਾਂ ਕਿ ਉਹ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣ ਦੇ ਸਮਰੱਥ ਹੋ ਸਕਣ।     
      ਐਕਟਰ ਡਾਇਰੈਕਟਰ ਅਸ਼ੋਕ ਪੁਰੀ, ਜ਼ਿਲ੍ਹਾ ਖੋਜ ਅਫ਼ਸਰ ਡਾ. ਜਸਵੰਤ ਰਾਏ ਅਤੇ ਨਵੀਆਂ ਕਲਮਾਂ ਨਵੀਂ ਉਡਾਣ ਦੇ ਪ੍ਰੋਜੈਕਟ ਇੰਚਾਰਜ ਉਂਕਾਰ ਸਿੰਘ ਤੇਜੇ ਨੇ ਕਿਹਾ ਕਿ ਅਸ਼ੋਕ ਭੌਰਾ ਨੇ ਦਰਜਨਾਂ ਪੁਸਤਕਾਂ ਨਾਲ ਪੰਜਾਬੀ ਸਾਹਿਤ ਨੂੰ ਅਮੀਰੀ ਬਖਸ਼ੀ ਹੈ ਤੇ ਗੀਤਕਾਰੀ ਦੇ ਖੇਤਰ ਵਿੱਚ ਵੀ ਸ਼ਾਨਦਾਰ ਪੈੜਾਂ ਪਾਈਆਂ ਹਨ। ਮਾਤ ਭਾਸ਼ਾ ਦੇ ਕੌਮਾਂਤਰੀ ਪੱਧਰ ਤੇ ਪ੍ਰਚਾਰ ਅਤੇ ਪ੍ਰਸਾਰ ਨੂੰ ਹੁਲਾਰਾ ਦੇਣ ਵਾਲਾ ਇਹ ਗੀਤ ਸਰਕਾਰੀ ਸਾਹਿਤਕ ਤੇ ਸੱਭਿਆਚਾਰਕ ਸਮਾਗਮਾਂ ਦੀ ਸ਼ਾਨ ਬਣਨ ਦੇ ਕਾਬਲ ਹੈ। 
ਵਿਸ਼ੇਸ਼ ਤੌਰ ਤੇ ਇਸ ਗੀਤ ਦੀ ਸਮੀਖਿਆ ਕਰਦਿਆਂ ਸਟੇਟ ਅਵਾਰਡੀ ਟੀਚਰ ਅਜੇ ਕੁਮਾਰ ਖਟਕੜ, ਨਿਤਿਨ ਸੁਮਨ, ਪਰਦੀਪ ਸਿੰਘ ਮੌਜੀ ਅਤੇ ਜਸਵੀਰ ਸਿੱਧੂ ਅਤੇ ਡਾ. ਕੇਵਲ ਰਾਮ ਨੇ ਕਿਹਾ ਕਿ ਇਸ ਗੀਤ ਤੇ ਬੱਚਿਆਂ ਦੀ ਬਹੁਤ ਹੀ ਪ੍ਰਭਾਵਸ਼ਾਲੀ ਕੋਰੀਓਗ੍ਰਾਫੀ ਕਰਵਾਈ ਜਾ ਸਕਦੀ ਹੈ। ਇਹ ਗੀਤ ਬੱਚਿਆਂ ਅੰਦਰ ਜਿੱਥੇ ਮਾਤ ਭਾਸ਼ਾ ਪ੍ਰਤੀ ਪਿਆਰ ਉਪਜਾਉਂਦਾ ਹੈ ਉੱਥੇ ਉਹਨਾਂ ਅੰਦਰ ਨਵੇਂ ਤੇ ਨਰੋਏ ਸੁਪਨੇ ਵੀ ਬੀਜਦਾ ਹੈ। ਉਹ ਸੁਪਨੇ ਹਨ ਆਪਸੀ ਏਕਤਾ, ਸਾਂਝੀਵਾਲਤਾ ਅਤੇ ਇਮਾਨਦਾਰੀ ਦੀਆਂ ਕਿਰਤ ਕਮਾਈਆਂ ਦੇ। 
ਇਸ ਲਈ ਟਰੱਸਟ ਵੱਲੋਂ ਇਹ ਪੁਰਜੋਰ ਮੰਗ ਕੀਤੀ ਜਾਂਦੀ ਹੈ ਕਿ ਇਸ ਗੀਤ ਨੂੰ ਸਰਕਾਰੀ ਸਮਾਗਮਾਂ ਵਿਚ ਸ਼ਾਮਿਲ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਪੱਤਰ ਜਾਰੀ ਕੀਤਾ ਜਾਵੇ। ਸਾਬਕਾ ਸਿੱਖਿਆ ਅਧਿਕਾਰੀ ਬੱਗਾ ਸਿੰਘ ਆਰਟਿਸਟ ਨੇ ਇਸ ਵਿਚਾਰ ਦੀ ਪਰੋੜਤਾ ਕਰਦਿਆਂ ਕਿਹਾ ਕਿ ਭੌਰਾ ਦੀ ਸੱਭਿਆਚਾਰਕ ਦੇਣ ਲਸਾਨੀ ਹੈ ਜਿਨ੍ਹਾਂ ਨੇ ਦੁਆਬੇ ਵਿੱਚ ਸ਼ੌਂਕੀ ਮੇਲੇ ਦੇ ਆਰੰਭ ਨਾਲ ਪੰਜਾਬੀ ਸੱਭਿਆਚਾਰ ਨੂੰ ਇਲੈਕਟ੍ਰੋਨਿਕ ਮੀਡੀਆ ਦੇ ਯੁਗ ਤੋਂ ਪਹਿਲਾਂ ਮਹਾਨਤਾ ਪ੍ਰਦਾਨ ਕੀਤੀ। 
ਸੱਭਿਆਚਾਰ ਦੇ ਪ੍ਰੇਮੀਆਂ ਦੇ ਦਿਲਾਂ ਵਿੱਚ ਉਹਨਾਂ ਪ੍ਰਤੀ ਅਥਾਹ ਸਤਿਕਾਰ ਹੈ। ਸੁਖਮਨ ਸਿੰਘ ਨੇ ਕਿਹਾ ਕਿ ਇਸ ਗੀਤ ਦੇ ਰਚਨਹਾਰੇ ਅਫਜ਼ਲ ਸਾਹਿਰ ਅਤੇ ਅਸ਼ੋਕ ਭੌਰਾ ਹਨ । ਗਾਖਲ ਗਰੁੱਪ ਦੀ ਇਸ ਸੰਗੀਤਕ ਪੇਸ਼ਕਾਰੀ ਵਿੱਚ ਸੱਤੀ ਪਾਬਲਾ ਅਤੇ ਬੀਬਾ ਫ਼ਲਕ ਇਜਾਜ਼ ਦੀ ਗਾਇਕੀ ਦਾ ਜਾਦੂ ਸਿਰ ਚੜ੍ਹ ਬੋਲਿਆ ਹੈ। ਸੰਗੀਤਕਾਰ ਅਲੀ ਹੈਦਰ ਟੀਪੂ ਦੀਆਂ ਸੰਗੀਤਕ ਧੁਨਾਂ ਇਸ ਗੀਤ ਦੇ ਫਿਲਮਾਂਕਣ ਨਾਲ ਹਰ ਕਿਸੇ ਨੂੰ ਨੱਚਣ ਲਈ ਮਜ਼ਬੂਰ ਕਰਦੀਆਂ ਹਨ।
      ਇਸ ਮੌਕੇ  ਅੰਜੂ ਵ. ਰੱਤੀ, ਹਰਜਿੰਦਰ ਸਿੰਘ , ਕਮਲੇਸ਼ ਕੌਰ ਸੰਧੂ, ਪ੍ਰੋਮਿਲਾ ਦੇਵੀ ,ਅਵਾਰਡੀ ਵੰਦਨਾ ਹੀਰ, ਮਨਜਿੰਦਰ ਕੁਮਾਰ, ਦਲਜੀਤ ਕੌਰ, ਹਰਮਨਪ੍ਰੀਤ ਕੌਰ, ਮਨਜੀਤ ਕੌਰ ,ਹਰਵੀਰ ਮਾਨ, ਨਿਧੀ ਅਮਨ ਸਹੋਤਾ, ਕੁਲਦੀਪ ਕੌਰ ਬੈਂਸ ਸਮੇਤ ਸੰਗੀਤ ਪ੍ਰੇਮੀ ਸ਼ਾਮਿਲ ਹੋਏ।