ਯੁੱਗ ਪ੍ਰਵਰਤਕ: ਬਾਬਾ ਸਾਹਿਬ ਡਾ: ਬੀ. ਆਰ. ਅੰਬੇਡਕਰ
ਅੱਜ ਪੂਰਾ ਦੇਸ਼ ਭਾਰਤ ਰਤਨ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੀ 134 ਵੀਂ ਜਯੰਤੀ ਪੂਰੇ ਸਨਮਾਨਾਂ ਨਾਲ ਮਨਾ ਰਿਹਾ ਹੈ। ਅੱਜ ਉਨਾਂ ਨੂੰ ਆਧੁਨਿਕ ਭਾਰਤ ਦੇ ਸਭ ਤੋਂ ਮਹਾਨ ਰਾਸ਼ਟਰਵਾਦੀ, ਕਾਨੂੰਨਸਾਜ਼, ਰਾਜਨੀਤਿਕ ਨੇਤਾ, ਦਾਰਸ਼ਨਿਕ ਚਿੰਤਕ, ਮਾਨਵ ਵਿਗਿਆਨੀ, ਇਤਿਹਾਸਕਾਰ, ਉੱਘੇ ਲੇਖਕ, ਵਿਸ਼ਵ ਪ੍ਰਸਿੱਧ ਅਰਥਸ਼ਾਸਤਰੀ, ਵਿਦਵਾਨ, ਇਨਕਲਾਬੀ ਸੋਚ ਦੇ ਮਾਲਕ ਅਤੇ ਬੁੱਧ ਧਰਮ ਨੂੰ ਪੁਨਰ ਸੁਰਜੀਤ ਕਰਨ ਵਾਲੇ ਉਪਾਸ਼ਕ ਦੇ ਰੂਪ ਵਿਚ ਯਾਦ ਕੀਤਾ ਜਾਂਦਾ ਹੈ। ਉਨਾਂ ਦਾ ਜਨਮ 14 ਅਪ੍ਰੈਲ 1891 ਨੂੰ ਮੱਧ ਪ੍ਰਦੇਸ਼ ਦੇ ਕਸਬੇ ਮਹੂ ਵਿਚ ਹੋਇਆ। ਬਾਬਾ ਸਾਹਿਬ ਨੇ ਆਪਣੀ ਪੂਰੀ ਜ਼ਿੰਦਗੀ ਹਾਸ਼ੀਏ ਉਪਰ ਰੱਖੇ ਹੋਏ ਲੋਕਾਂ, ਖਾਸ ਕਰਕੇ ਦਲਿਤਾਂ, ਇਸਤਰੀਆਂ ਅਤੇ ਮਜ਼ਦੂਰਾਂ ਦੀ ਭਲਾਈ ਲਈ ਸਮਰਪਿਤ ਕਰ ਦਿਤੀ। ਉਨਾਂ ਦਾ ਜਨਮ ਮਹਾਰ ਜਾਤੀ ਵਿਚ ਹੋਇਆ, ਜਿਸ ਨੂੰ ਜਾਤ ਪਾਤ ਨਾਲ ਜੁੜੇ ਸਮਾਜ ਵਿਚ ਇਕ ਅਛੂਤ ਮੰਨਿਆ ਜਾਂਦਾ ਸੀ। ਉਸ ਵੇਲੇ ਇਕ "ਅਛੂਤ" ਹੋਣ ਦੇ ਕਾਰਨ ਉਨਾਂ ਨੂੰ ਦੂਸਰੇ ਬੱਚਿਆਂ ਨਾਲ ਬੈਠਣ ਦੀ ਇਜਾਜ਼ਤ ਨਹੀਂ ਸੀ। ਗਰਮੀ ਦੇ ਦਿਨਾਂ ਵਿਚ ਵੀ ਉਨਾਂ ਨੂੰ ਸਕੂਲ ਵਿਚ ਪਿਆਸੇ ਹੀ ਰਹਿਣਾ ਪੈਂਦਾ ਸੀ ਕਿਉਂਕਿ ਜਨਤਕ ਜਲ ਸਰੋਤਾਂ ਤੋਂ ਉਸ ਭਾਈਚਾਰੇ ਦੇ ਲੋਕਾਂ ਨੂੰ ਪਾਣੀ ਪੀਣ ਦੀ ਮਨਾਹੀ ਸੀ।

ਬਚਪਨ ਵਿਚ ਦਰਪੇਸ਼ ਅਣਗਿਣਤ ਔਕੜਾਂ ਦੇ ਬਾਵਜੂਦ ਉਹ ਪੜ੍ਹਨ ਵਿਚ ਬਹੁਤ ਹੀ ਹੁਸ਼ਿਆਰ ਸਨ। ਉਨਾਂ ਦੇ ਪਿਤਾ ਸੂਬੇਦਾਰ ਰਾਮਜੀ ਮਾਲੋਜੀ ਸਕਪਾਲ, ਬ੍ਰਿਟਿਸ਼ ਫੌਜ ਵਿਚ ਮੁਲਾਜ਼ਮ ਸਨ ਅਤੇ ਵਿਦਿਆ ਦੇ ਮਹੱਤਵ ਨੂੰ ਸਮਝਦੇ ਸਨ। ਉਨਾਂ ਦੀ ਮਾਤਾ ਜੀ ਦੀ ਮੌਤ ਉਦੋਂ ਹੋ ਗਈ ਜਦੋਂ ਬਾਬਾ ਸਾਹਿਬ ਸਿਰਫ਼ ਛੇ ਸਾਲ ਦੇ ਸਨ। ਉਨਾਂ ਦੀ ਮਾਸੀ ਨੇ ਉਨਾਂ ਦੀ ਪਰਵਰਿਸ਼ ਕੀਤੀ। ਮੁਢਲੀ ਸਿੱਖਿਆ ਉਨਾਂ ਨੇ ਸਤਾਰਾ ਵਿਚ ਪ੍ਰਾਪਤ ਕੀਤੀ। ਬਾਅਦ ਵਿਚ ਉਹ ਬੰਬਈ ਆ ਗਏ। ਡਾ: ਅੰਬੇਡਕਰ ਜੀ ਨੇ ਆਪਣੀ ਗ੍ਰੈਜੂਏਸ਼ਨ ਐਲਫਿਨਸਟਨ ਕਾਲਜ ਬੰਬਈ ਤੋਂ ਪੂਰੀ ਕੀਤੀ ਜਿਸ ਲਈ ਉਨਾਂ ਨੂੰ ਬੜੋਦਾ ਦੇ ਮਹਾਰਾਜਾ ਸਯਾਜੀਰਾਓ ਗਾਇਕਵਾੜ ਨੇ ਵਜ਼ੀਫਾ ਦਿਤਾ ਹੋਇਆ ਸੀ। ਗ੍ਰੈਜੂਏਸ਼ਨ ਕਰਨ ਉਪਰੰਤ ਉਨਾਂ ਨੂੰ ਲਿਖਤੀ ਇਕਰਾਰਨਾਮੇ ਅਨੁਸਾਰ ਬੜੋਦਾ ਰਿਆਸਤ ਵਿਚ ਨੌਕਰੀ ਕਰਨੀ ਪਈ। 1913 ਵਿਚ ਅਮਰੀਕਾ ਜਾਣ ਲਈ ਇਕ ਵਿਦਵਾਨ ਵਜੋਂ ਉਨਾਂ ਦੀ ਚੋਣ ਹੋਈ। ਇਹ ਉਨਾਂ ਲਈ ਇਕ ਬਹੁਤ ਵੱਡੀ ਪ੍ਰਾਪਤੀ ਸੀ। 1915 ਅਤੇ 1916 ਵਿਚ ਉਨਾਂ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਐਮ.ਏ ਅਤੇ ਪੀ.ਐਚ.ਡੀ ਦੀ ਉਪਾਧੀ ਹਾਸਿਲ ਕੀਤੀ। ਇਸ ਤੋਂ ਬਾਅਦ ਉਹ ਅਗਲੀ ਸਿੱਖਿਆ ਲਈ ਲੰਡਨ ਚਲੇ ਗਏ। ਇੱਥੇ ਉਨਾਂ ਨੂੰ ਗ੍ਰੇਅਜ਼ ਇਨ ਫਾਰ ਲਾਅ ਵਿਚ ਦਾਖਲਾ ਮਿਲ ਗਿਆ। ਉਨਾਂ ਨੇ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਵੀ ਉੱਚ ਵਿਦਿਆ ਪ੍ਰਾਪਤ ਕੀਤੀ।
ਡਾਕਟਰ ਭੀਮ ਰਾਓ ਅੰਬੇਡਕਰ ਆਪਣੇ ਸਮੇਂ ਵਿਚ ਸਭ ਤੋਂ ਵੱਧ ਪੜ੍ਹੇ ਲਿਖੇ ਭਾਰਤੀ ਸਿਆਸਤਦਾਨ ਸਨ। ਉਹ ਲੰਡਨ ਸਕੂਲ ਆਫ ਇਕਨਾਮਿਕਸ ਤੋਂ ਡਾਕਟਰੇਟ ਦੇ ਨਾਲ ਨਾਲ ਕੋਲੰਬੀਆ ਯੂਨੀਵਰਸਿਟੀ ਤੋਂ ਪੀ.ਐਚ.ਡੀ ਕਰਨ ਵਾਲੇ ਪਹਿਲੇ ਭਾਰਤੀ ਸਨ। ਉਨਾਂ ਅੰਦਰ ਪੜ੍ਹਨ ਦੀ ਅਥਾਹ ਖਾਹਸ਼ ਸੀ। ਵਿਦੇਸ਼ ਯਾਤਰਾਵਾਂ ਦੌਰਾਨ, ਉਹ ਆਪਣੇ ਨਾਲ ਸੈਂਕੜੋ ਕਿਤਾਬਾਂ ਨਾਲ ਲੈ ਕੇ ਆਉਂਦੇ ਸਨ। ਬੰਬਈ ਰਾਜਗ੍ਰਿਹ ਵਿਚ ਉਨਾਂ ਦੀ ਨਿੱਜੀ ਲਾਈਬਰੇਰੀ ਵਿਚ ਪੰਜਾਹ ਹਜ਼ਾਰ ਤੋਂ ਵੱਧ ਕਿਤਾਬਾਂ ਸਨ। ਉਹ ਵਿਦਿਆ ਦੇ ਮਹੱਤਵ ਨੂੰ ਪੂਰੀ ਤਰ੍ਹਾਂ ਸਮਝਦੇ ਸਨ। ਦੱਬੇ ਕੁਚਲੇ ਲੋਕਾਂ ਨੂੰ ਜੀਵਨ ਵਿਚ ਤਰੱਕੀ ਕਰਨ ਲਈ ਉਨਾਂ ਨੇ ਸਿੱਖਿਆ ਉੱਪਰ ਜ਼ੋਰ ਦੇਣ ਲਈ ਕਿਹਾ। ਬਾਬਾ ਸਾਹਿਬ ਨੇ ਕਾਲਜਾਂ ਦੀ ਸਥਾਪਨਾ ਕੀਤੀ ਅਤੇ ਦਲਿਤ ਭਾਈਚਾਰੇ ਨੂੰ ਸਮਾਜਿਕ ਅਤੇ ਜਾਤੀ ਵਿਤਰਕੇ ਦੇ ਬੰਧਨ ਤੋਂ ਮੁਕਤੀ ਪ੍ਰਾਪਤ ਕਰਨ ਲਈ ਉੱਚ ਸਿੱਖਿਆ ਗ੍ਰਹਿਣ ਕਰਨ ਲਈ ਪ੍ਰੇਰਿਤ ਕੀਤਾ। ਭਾਰਤੀ ਰਾਜਨੀਤੀ ਵਿਚ ਡਾ: ਬੀ. ਆਰ. ਅੰਬੇਡਕਰ ਦੀ ਸਭ ਤੋਂ ਸਥਾਈ ਵਿਰਾਸਤ ਸੰਵਿਧਾਨ ਸਭਾ ਦੀ ਡਰਾਫਟ ਕਮੇਟੀ ਦੇ ਚੇਅਰਮੈਨ ਵਜੋਂ ਉਨਾਂ ਦੀ ਭੂਮਿਕਾ ਹੈ। ਭਾਰਤੀ ਸੰਵਿਧਾਨ ਦੇ ਮੁੱਖ ਮਾਰਕੀਟੈਕਟ ਹੋਣ ਦੇ ਨਾਤੇ ਉਨਾਂ ਨੇ ਯਕੀਨੀ ਬਣਾਇਆ ਕਿ ਇਹ ਦਸਤਾਵੇਜ਼ ਨਿਆਂ, ਆਜ਼ਾਦੀ, ਸਮਾਨਤਾ ਅਤੇ ਆਪਸੀ ਭਾਈਚਾਰੇ ਦੇ ਸਿਧਾਂਤਾਂ ਦੀ ਪੈਰਵੀ ਕਰੇ।
ਡਾ: ਭੀਮ ਰਾਓ ਅੰਬੇਡਕਰ 1942 ਤੋਂ 1946 ਦੇ ਸਮੇਂ ਵਿਚ ਵਾਇਸਰਾਏ ਦੀ ਕਾਰਜਕਾਰੀ ਕੌਂਸਲ ਵਿਚ ਕਿਰਤ ਮੰਤਰੀ ਰਹੇ। ਆਪਣੇ ਕਾਰਜਕਾਲ ਵਿਚ ਉਨਾਂ ਨੇ ਕਈ ਕਿਰਤ ਸੁਧਾਰ ਪੇਸ਼ ਕੀਤੇ, ਜਿਨਾਂ ਵਿਚ 1946 ਦਾ ਫੈਕਟਰੀ ਐਕਟ ਅਤੇ 1947 ਦਾ ਟਰੇਡ ਯੂਨੀਅਨ ਐਕਟ ਸ਼ਾਮਿਲ ਹਨ। ਉਨਾਂ ਨੇ ਕਰਮਚਾਰੀ ਰਾਜ ਬੀਮਾ ਨਿਗਮ (ESI) ਅਤੇ ਕਰਮਚਾਰੀ ਭਵਿੱਖ ਨਿਧੀ ਯੋਜਨਾ (EPF) ਦੀ ਸਿਰਜਣਾ ਦਾ ਸਮਰਥਨ ਕੀਤਾ।
1947 ਵਿਚ ਦੇਸ਼ ਦੀ ਆਜ਼ਾਦੀ ਤੋਂ ਬਾਅਦ ਡਾ: ਬੀ. ਆਰ. ਅੰਬੇਡਕਰ ਪੰਡਿਤ ਜਵਾਹਰ ਲਾਲ ਨਹਿਰੂ ਦੇ ਮੰਤਰੀ ਮੰਡਲ ਵਿਚ ਪਹਿਲੇ ਕਾਨੂੰਨ ਅਤੇ ਨਿਆਂ ਮੰਤਰੀ ਬਣੇ। ਇਸ ਅਹੁਦੇ ਉਪਰ ਰਹਿੰਦਿਆਂ ਉਨਾਂ ਦਾ ਮਹੱਤਵਪੂਰਨ ਯੋਗਦਾਨ ਹਿੰਦੂ ਕੋਡ ਬਿਲ ਦੀ ਸ਼ੁਰੂਆਤ ਸੀ, ਜਿਸ ਵਿਚ ਹਿੰਦੂ ਨਿੱਜੀ ਕਾਨੂੰਨ ਨੂੰ ਸੌਧਿਆ ਗਿਆ ਸੀ। ਹਾਲਾਂਕਿ ਬਿਲ ਸੰਸਦ ਵਿਚ ਪਾਸ ਨਹੀਂ ਹੋ ਸਕਿਆ, ਜਿਸ ਕਰਕੇ ਬਾਬਾ ਸਾਹਿਬ ਨੇ 1951 ਵਿਚ ਨਹਿਰੂ ਜੀ ਦੇ ਮੰਤਰੀ ਮੰਡਲ ਤੋਂ ਅਸਤੀਫਾ ਦੇ ਦਿਤਾ।
ਬਾਬਾ ਸਾਹਿਬ ਨੇ ਸਮਾਜਿਕ ਨਿਆਂ ਤੇ ਬਰਾਬਰੀ ਦੀ ਤਲਾਸ਼ ਵਿਚ ਵੱਖ ਵੱਖ ਧਰਮਾਂ ਤੇ ਦਰਸ਼ਨਾਂ ਦਾ ਅਧਿਐਨ ਕੀਤਾ। ਉਨਾਂ ਦੀ ਦਿਲਚਸਪੀ ਬੁੱਧ ਧਰਮ ਪ੍ਰਤੀ ਹੋਈ। ਹਿੰਦੂ ਧਰਮ ਦੀਆਂ ਉਸ ਵੇਲੇ ਦੀਆਂ ਪ੍ਰਚਲਤ ਕੁਰੀਤੀਆਂ ਅਤੇ ਜਾਤੀ ਵਿਤਰਕੇ ਤੋਂ ਤੰਗ ਆ ਕੇ ਉਨਾਂ ਬੁੱਧ ਮੱਤ ਨੂੰ ਤਰਜੀਹ ਦਿਤੀ। 1935 ਵਿਚ ਯੋਉਲਾ (ਨਾਸਿਕ) ਵਿਖੇ ਹੋਈ ਦਲਿਤ ਵਰਗ ਦੀ ਸੂਬਾਈ ਕਾਨਫਰੰਸ ਵਿਚ ਉਨਾਂ ਨੇ ਪਹਿਲੀ ਵਾਰ ਜਨਤਕ ਤੌਰ ਤੇ ਐਲਾਨ ਕੀਤਾ ਕਿ "ਮੈਂ ਹਿੰਦੂ ਧਰਮ ਵਿਚ ਪੈਦਾ ਹੋਇਆ ਸੀ, ਪਰ ਮੈਂ ਇਕ ਹਿੰਦੂ ਵਜੋਂ ਨਹੀਂ ਮਰਾਂਗਾ।" 14 ਅਕਤੂਬਰ 1956 ਨੂੰ ਡਾ: ਭੀਮ ਰਾਓ ਰਾਮਜੀ ਅੰਬੇਡਕਰ ਨੇ ਇਕ ਵਿਸ਼ਾਲ ਜਨਤਕ ਸਮਾਗਮ ਦੌਰਾਨ ਆਪਣੇ ਹਜ਼ਾਰਾਂ ਸਾਥੀਆਂ ਨਾਲ ਨਾਗਪੁਰ ਵਿਖੇ ਬੁੱਧ ਧਰਮ ਅਪਣਾ ਲਿਆ। ਉਨਾਂ ਤੋਂ ਪ੍ਰੇਰਿਤ ਹੋ ਕੇ ਲੱਖਾਂ ਦਲਿਤ ਲੋਕਾਂ ਨੇ ਬੁੱਧ ਧਰਮ ਨੂੰ ਅਪਣਾਇਆ, ਜਿਸ ਨੂੰ ਦਲਿਤ ਬੋਧੀ ਲਹਿਰ ਵਜੋਂ ਜਾਣਿਆ ਜਾਂਦਾ ਹੈ।
ਡਾਕਟਰ ਅੰਬੇਡਕਰ ਇਸਤਰੀਆਂ ਦੇ ਹੱਕਾਂ ਦੇ ਮਜ਼ਬੂਤ ਸਮਰਥਕ ਸਨ। ਅੱਜ ਸਰਕਾਰੀ ਨੌਕਰੀ ਕਰਨ ਵਾਲੀਆਂ ਔਰਤਾਂ ਨੂੰ ਮਿਲਣ ਵਾਲੀ ਪ੍ਰਸੂਤੀ ਛੁੱਟੀ ਉਨਾਂ ਦੀ ਇਕ ਵੱਡੀ ਦੇਣ ਹੈ। ਉਹ ਇਕ ਉਘੇ ਲੇਖਕ ਵੀ ਸਨ। ਉਨਾਂ ਦੀਆਂ ਕਿਤਾਬਾਂ "ਜਾਤ ਦਾ ਨਾਸ਼", "ਸ਼ੂਦਰ ਕੋਣ ਸਨ?" ਅਤੇ "ਦਿ ਬੁੱਧ ਐਂਡ ਹਿਜ ਧੰਮ" ਸੰਸਾਰ ਭਰ ਵਿਚ ਮਕਬੂਲ ਹਨ। ਅੱਜ ਜਦੋਂ ਦੇਸ਼ ਭਰ ਵਿਚ ਅਸੀਂ ਉਨਾਂ ਦਾ ਜਨਮ ਦਿਵਸ ਬੜੇ ਉਤਸ਼ਾਹ ਨਾਲ ਮਨਾ ਰਹੇ ਹਾਂ ਤਾਂ ਸਾਨੂੰ ਉਨਾਂ ਦੇ ਸੰਘਰਸ਼ਮਈ ਜੀਵਨ ਅਤੇ ਵਿਚਾਰਧਾਰਾ ਤੋਂ ਸੇਧ ਲੈਣੀ ਚਾਹੀਦੀ ਹੈ। 1990 ਵਿਚ ਉਨਾਂ ਦੀ ਸ਼ਖਸੀਅਤ ਤੇ ਯੋਗਦਾਨ ਨੂੰ ਸਮਝਦਿਆਂ ਭਾਰਤ ਸਰਕਾਰ ਨੇ ਉਨਾਂ ਨੂੰ ਸਰਵਉਚ ਨਾਗਰਿਕ ਸਨਮਾਨ "ਭਾਰਤ ਰਤਨ" ਨਾਲ ਨਿਵਾਜਿਆ। ਉਹ ਅੱਜ ਵੀ ਹਾਸ਼ੀਏ ਉਪਰ ਜੀ ਰਹੇ ਲੋਕਾਂ ਲਈ ਚਾਨਣ ਮੁਨਾਰਾ ਹਨ।
– ਸੁਰਿੰਦਰ ਪਾਲ 'ਝੱਲ'