ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚਾਉਣ ਵਾਲੀਆਂ ਸੋਸ਼ਲ ਸਾਈਟਾਂ 'ਤੇ ਪਾਬੰਦੀ ਲੱਗਣੀ ਜ਼ਰੂਰੀ : ਜਗਦੀਪ ਸਿੰਘ ਚੀਮਾ

ਫ਼ਤਹਿਗੜ੍ਹ ਸਾਹਿਬ- ਪਿਛਲੇ ਕੁਝ ਸਮੇਂ ਤੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਾਂ 'ਤੇ ਸਿੱਖ ਵਿਰੋਧੀ ਤੱਤਾਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਤਕਨੀਕ ਦੀ ਵਰਤੋਂ ਕਰਕੇ ਸਿੱਖ ਗੁਰੂ ਸਾਹਿਬਾਨ ਅਤੇ ਸ੍ਰੀ ਹਰਿਮੰਦਰ ਸਾਹਿਬ (ਸ੍ਰੀ ਦਰਬਾਰ ਸਾਹਿਬ) ਨੂੰ ਨਿਸ਼ਾਨਾ ਬਣਾਉਂਦੀਆਂ ਬੇਅਦਬੀ ਵਾਲੀਆਂ ਵੀਡੀਓਜ਼ ਅਪਲੋਡ ਕੀਤੀਆਂ ਜਾ ਰਹੀਆਂ ਹਨ, ਜਿਸ ਨੇ ਪੂਰੇ ਸਿੱਖ ਜਗਤ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਅਤੇ ਧਾਰਮਿਕ ਭਾਵਨਾਵਾਂ ਨੂੰ ਗਹਿਰੀ ਠੇਸ ਪਹੁੰਚਾਈ ਹੈ।

ਮਾਤਾ ਗੁਜਰੀ ਕਾਲਜ ਸ੍ਰੀ ਫ਼ਤਹਿਗੜ੍ਹ ਸਾਹਿਬ ਦੀ ਗਵਰਨਿੰਗ ਬਾਡੀ ਦੇ ਐਡੀਸ਼ਨਲ ਸਕੱਤਰ ਸ੍ਰ. ਜਗਦੀਪ ਸਿੰਘ ਚੀਮਾ ਨੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਏ.ਆਈ. ਤਕਨੀਕ ਦੀ ਹੋ ਰਹੀ ਦੁਰਵਰਤੋਂ ਬੇਹੱਦ ਸੰਜੀਦਾ ਮਾਮਲਾ ਹੈ, ਕਿਉਂਕਿ ਇਸ ਰਾਹੀਂ ਕੁਝ ਸ਼ਰਾਰਤੀ ਲੋਕਾਂ ਵੱਲੋਂ ਜਿੱਥੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਜਾ ਰਹੀ ਹੈ, ਉਥੇ ਨਾਲ ਹੀ ਫ਼ਿਰਕਿਆਂ ਅੰਦਰ ਟਕਰਾਅ ਵਾਲਾ ਮਾਹੌਲ ਵੀ ਸਿਰਜਿਆ ਜਾ ਰਿਹਾ ਹੈ, ਇਸ ਲਈ ਅਜਿਹੇ ਵਰਤਾਰੇ 'ਤੇ ਜਲਦ ਤੋਂ ਜਲਦ ਰੋਕ ਲਗਾਉਣੀ ਬੇਹੱਦ ਜ਼ਰੂਰੀ ਹੈ।
 ਇਸ ਸਬੰਧ ਵਿੱਚ ਸ੍ਰ. ਸੁਖਮਿੰਦਰ ਸਿੰਘ, ਸਕੱਤਰ ਵਿੱਦਿਆ ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਐੱਸ.ਜੀ.ਪੀ.ਸੀ. ਸ੍ਰੀ ਅੰਮ੍ਰਿਤਸਰ ਸਾਹਿਬ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਅਜਿਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ ਕੇ ਮਾੜੇ ਅਨਸਰਾਂ ਵਿਰੁੱਧ ਤੁਰੰਤ ਐਕਸ਼ਨ ਲਿਆ ਜਾਵੇ ਅਤੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਅਜਿਹੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ। ਉਨ੍ਹਾਂ ਇਹ ਗੱਲ ਜ਼ੋਰ ਦੇ ਕੇ ਕਹੀ ਕਿ ਧਾਰਮਿਕ ਸਦਭਾਵਨਾ ਨੂੰ ਠੇਸ ਪਹੁੰਚਾਉਣ ਵਾਲੀਆਂ ਹਰ ਪ੍ਰਕਾਰ ਦੀਆਂ ਸਾਈਟਾਂ ਤੇ ਪਾਬੰਦੀ ਲੱਗਣੀ ਚਾਹੀਦੀ ਹੈ।
ਮਾਤਾ ਗੁਜਰੀ ਕਾਲਜ ਦੇ ਡਾਇਰੈਕਟਰ ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਕਿਹਾ ਕਿ ਕਿਸੇ ਨੂੰ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਆਗਿਆ ਨਹੀਂ ਹੋਣੀ ਚਾਹੀਦੀ ਕਿਉਂਕਿ ਅਜਿਹੀਆਂ ਘਟਨਾਵਾਂ ਨਾਲ ਸਮਾਜ ਵਿੱਚ ਸਦਭਾਵਨਾ ਦਾ ਮਾਹੌਲ ਖਤਮ ਹੁੰਦਾ ਹੈ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਏ.ਆਈ. ਵਰਗੀਆਂ ਤਕਨੀਕਾਂ ਨੂੰ ਨਿਯੰਤ੍ਰਿਤ ਕਰਨ ਲਈ ਕਾਨੂੰਨੀ ਢਾਂਚਾ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਧਾਰਮਿਕ ਤੇ ਸੱਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਿਆ ਜਾ ਸਕੇ ਅਤੇ ਬੇਅਦਬੀਆਂ ਨੂੰ ਰੋਕਿਆ ਜਾ ਸਕੇ।