ਘੋੜਿਆਂ ਦੀ ਚੰਗੀ ਸਿਹਤ ਲਈ ਬਿਮਾਰੀ ਦਾ ਤੁਰੰਤ ਨਿਦਾਨ ਅਤੇ ਬਿਹਤਰ ਖੁਰਾਕ ਅਹਿਮ
ਲੁਧਿਆਣਾ 15 ਮਈ 2025: ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਘੋੜਿਆਂ ਦੀ ਚੰਗੀ ਸਾਂਭ ਸੰਭਾਲ ਸੰਬੰਧੀ ਗਿਆਨ ਦੇਣ ਲਈ ਪੰਜਾਬ ਦੇ ਘੋੜਾ ਪਾਲਕਾਂ ਦੀ ਇਕ ਮੀਟਿੰਗ ਕਰਵਾਈ ਗਈ। ਡਾ. ਪਰਮਿੰਦਰ ਸਿੰਘ, ਵਧੀਕ ਨਿਰਦੇਸ਼ਕ ਪਸਾਰ ਸਿੱਖਿਆ ਨੇ ਦੱਸਿਆ ਕਿ ਘੋੜਿਆਂ ਦੀ ਸਿਹਤ ਸੰਭਾਲ ਲਈ ਬਿਮਾਰੀ ਦਾ ਤੁਰੰਤ ਇਲਾਜ ਅਤੇ ਚੰਗੀ ਖੁਰਾਕ ਬਹੁਤ ਅਹਿਮ ਨੁਕਤੇ ਹਨ।

ਉਨ੍ਹਾਂ ਕਿਹਾ ਕਿ ਬਿਹਤਰ ਨਸਲ ਦੇ ਘੋੜੇ ਪੈਦਾ ਕਰਨ ਲਈ ਸਾਡੇ ਸੂਬੇ ਕੋਲ ਚੰਗੇ ਸਾਧਨ, ਬੁਨਿਆਦੀ ਢਾਂਚਾ, ਖੋਜ ਸਹੂਲਤਾਂ ਅਤੇ ਵਿਭਿੰਨ ਵਿਭਾਗਾਂ ਅਤੇ ਸੰਸਥਾਵਾਂ ਦਾ ਸੁਮੇਲ ਮੌਜੂਦ ਹੈ। ਉਨ੍ਹਾਂ ਨੇ ਘੋੜਾ ਪਾਲਕਾਂ ਨੂੰ ਇਸ ਗਲ ਲਈ ਪ੍ਰੇਰਿਤ ਕੀਤਾ ਕਿ ਉਹ ਨਸਲੀ ਘੋੜੇ ਤਿਆਰ ਕਰਕੇ ਉਨ੍ਹਾਂ ਨੂੰ ਵੇਚਣ ਲਈ ਮੰਡੀਕਾਰੀ ਵੀ ਕਰਨ। ਇਸ ਕੰਮ ਲਈ ਯੂਨੀਵਰਸਿਟੀ ਉਨ੍ਹਾਂ ਦੀ ਹਰ ਮਦਦ ਕਰਨ ਲਈ ਤਿਆਰ ਰਹੇਗੀ।
ਡਾ. ਅਰੁਣ ਆਨੰਦ, ਮੁਖੀ ਵੈਟਨਰੀ ਸਰਜਰੀ ਵਿਭਾਗ ਨੇ ਕਿਹਾ ਕਿ ਘੋੜਿਆਂ ਵਿੱਚ ਪੇਟ ਦਰਦ ਭਾਵ ਸੂਲ ਦੀ ਸਮੱਸਿਆ ਬਹੁਤ ਤਕਲੀਫ਼ਦੇਹ ਅਤੇ ਖ਼ਤਰੇ ਵਾਲੀ ਬਿਮਾਰੀ ਹੈ। ਇਸ ਲਈ ਸਾਨੂੰ ਬਚਾਅ ਵਾਸਤੇ ਪਹਿਲਾਂ ਹੀ ਧਿਆਨ ਰੱਖਣਾ ਚਾਹੀਦਾ ਹੈ। ਜੇ ਇਹ ਸਮੱਸਿਆ ਉਭਰ ਆਏ ਤਾਂ ਉਸ ਲਈ ਤੁਰੰਤ ਇਲਾਜ ਦੇਣਾ ਬਹੁਤ ਜ਼ਰੂਰੀ ਹੈ। ਡਾ. ਆਨੰਦ ਨੇ ਇਸ ਸਮੱਸਿਆ ਦੇ ਹਲ ਲਈ ਯੂਨੀਵਰਸਿਟੀ ਵਿਖੇ ਉਪਲਬਧ ਇਲਾਜ ਸਹੂਲਤਾਂ ਬਾਰੇ ਵੀ ਜਾਣਕਾਰੀ ਦਿੱਤੀ। ਡਾ. ਅਮਿਤ ਸ਼ਰਮਾ ਨੇ ਘੋੜਿਆਂ ਦੇ ਸੰਪੂਰਨ ਵਿਕਾਸ ਵਾਸਤੇ ਖੁਰਾਕ ਪ੍ਰਬੰਧਨ ਬਾਰੇ ਚਾਨਣਾ ਪਾਇਆ।
ਉਨ੍ਹਾਂ ਨੇ ਵਛੇਰਿਆਂ ਲਈ ਖੁਰਾਕ ਤਿਆਰ ਕਰਨ ਬਾਰੇ ਦੱਸਿਆ ਜਿਸ ਨਾਲ ਕਿ ਉਨ੍ਹਾਂ ਨੂੰ ਇਕ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਮਿਲ ਸਕੇ। ਇਸ ਮਿਲਣੀ ਵਿੱਚ 60 ਦੇ ਕਰੀਬ ਘੋੜਾ ਪਾਲਕ, ਪੰਜਾਬ ਦੇ ਵੱਖ-ਵੱਖ ਖੇਤਰਾਂ ਵਿੱਚੋਂ ਪਹੁੰਚੇ ਹੋਏ ਸਨ। ਇਸ ਮੌਕੇ ’ਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਵਿਗਿਆਨੀ ਅਤੇ ਵੈਟਨਰੀ ਡਾਕਟਰ ਵੀ ਮੌਜੂਦ ਸਨ। ਪ੍ਰਤੀਭਾਗੀਆਂ ਨੇ ਮਾਹਿਰਾਂ ਨਾਲ ਖੁਰਾਕ ਅਤੇ ਸਿਹਤ ਮੁੱਦਿਆਂ ਬਾਰੇ ਚਰਚਾ ਵੀ ਕੀਤੀ। ਪ੍ਰਤੀਭਾਗੀਆਂ ਨੂੰ ਪਸਾਰ ਸਿੱਖਿਆ ਨਿਰਦੇਸ਼ਾਲੇ ਵੱਲੋਂ ਪ੍ਰਕਾਸ਼ਿਤ ਸਾਹਿਤ ਅਤੇ ਟੀਕਾਕਰਨ ਕਾਰਡ ਵੀ ਦਿੱਤੇ ਗਏ ਤਾਂ ਜੋ ਘੋੜਾ ਪਾਲਕ ਪੂਰਾ ਰਿਕਾਰਡ ਰੱਖ ਸਕਣ ਅਤੇ ਆਪਣੇ ਗਿਆਨ ਵਿੱਚ ਵੀ ਵਾਧਾ ਕਰ ਸਕਣ।