
ਮਾਹਿਲਪੁਰ ਦੀ ਵਿਰਾਸਤ ਨੂੰ ਸੰਭਾਲਣ ਦੀ ਜ਼ਰੂਰਤ ਹੈ - ਐਸ ਅਸ਼ੋਕ ਭੌਰਾ
ਮਾਹਿਲਪੁਰ - ਮਾਹਿਲਪੁਰ ਦਾ ਇਲਾਕਾ ਆਦਿ ਕਾਲ ਤੋਂ ਅਮੀਰ ਵਿਰਾਸਤ ਦਾ ਮਾਲਕ ਰਿਹਾ ਹੈ। ਇਹ ਵਿਚਾਰ ਇੱਥੇ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕੌਮਾਂਤਰੀ ਲੇਖਕ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ ਨੇ ਆਖੇ l ਉਹਨਾਂ ਅੱਗੇ ਕਿਹਾ ਕਿ ਮਾਹਿਲਪੁਰ ਗੀਤ ਸੰਗੀਤ, ਦੇਸ਼ ਪਿਆਰ, ਖੇਡਾਂ,ਵਿਦਿਅਕ ਸਮਾਜਿਕ, ਸਾਹਿਤਿਕ ਅਤੇ ਰਾਜਸੀ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ। ਕਿਸੇ ਵੀ ਸਮੇਂ ਦਾ ਅਧਿਐਨ ਕਰੋ ਇੱਥੋਂ ਦੇ ਲੋਕਾਂ ਨੇ ਹਰ ਖੇਤਰ ਵਿੱਚ ਸ਼ਾਨਦਾਰ ਪੈੜਾਂ ਪਾਈਆਂ ਹਨ। ਚੀਨੀ ਯਾਤਰੀ ਹਿਊਨ ਸਾਂਗ 463 ਈਸਵੀ ਵਿੱਚ ਇੱਥੋਂ ਦੇ ਰਾਜਾ ਮਾਹਿਲ ਦੇਵ ਦਾ ਮਹਿਮਾਨ ਸੀ।
ਮਾਹਿਲਪੁਰ - ਮਾਹਿਲਪੁਰ ਦਾ ਇਲਾਕਾ ਆਦਿ ਕਾਲ ਤੋਂ ਅਮੀਰ ਵਿਰਾਸਤ ਦਾ ਮਾਲਕ ਰਿਹਾ ਹੈ। ਇਹ ਵਿਚਾਰ ਇੱਥੇ ਇੱਕ ਵਿਚਾਰ ਗੋਸ਼ਟੀ ਨੂੰ ਸੰਬੋਧਨ ਕਰਦਿਆਂ ਕੌਮਾਂਤਰੀ ਲੇਖਕ ਅਤੇ ਪੱਤਰਕਾਰ ਐਸ ਅਸ਼ੋਕ ਭੌਰਾ ਨੇ ਆਖੇ l ਉਹਨਾਂ ਅੱਗੇ ਕਿਹਾ ਕਿ ਮਾਹਿਲਪੁਰ ਗੀਤ ਸੰਗੀਤ, ਦੇਸ਼ ਪਿਆਰ, ਖੇਡਾਂ,ਵਿਦਿਅਕ ਸਮਾਜਿਕ, ਸਾਹਿਤਿਕ ਅਤੇ ਰਾਜਸੀ ਕਾਰਜਾਂ ਵਿੱਚ ਹਮੇਸ਼ਾ ਮੋਹਰੀ ਰਿਹਾ ਹੈ। ਕਿਸੇ ਵੀ ਸਮੇਂ ਦਾ ਅਧਿਐਨ ਕਰੋ ਇੱਥੋਂ ਦੇ ਲੋਕਾਂ ਨੇ ਹਰ ਖੇਤਰ ਵਿੱਚ ਸ਼ਾਨਦਾਰ ਪੈੜਾਂ ਪਾਈਆਂ ਹਨ। ਚੀਨੀ ਯਾਤਰੀ ਹਿਊਨ ਸਾਂਗ 463 ਈਸਵੀ ਵਿੱਚ ਇੱਥੋਂ ਦੇ ਰਾਜਾ ਮਾਹਿਲ ਦੇਵ ਦਾ ਮਹਿਮਾਨ ਸੀ। ਇਥੋਂ ਸਿੱਧ ਹੁੰਦਾ ਹੈ ਕਿ ਇਹ ਇਲਾਕਾ ਹਰ ਸਮੇਂ ਹਰ ਖੇਤਰ ਵਿੱਚ ਬੁਲੰਦੀਆਂ ਨੂੰ ਛੂੰਹਦਾ ਰਿਹਾ ਹੈ। ਜਦੋਂ ਆਜ਼ਾਦੀ ਦਾ ਇਤਿਹਾਸ ਫਰੋਲਦੇ ਹਾਂ ਤਾਂ ਇਹ ਇਲਾਕਾ ਬੱਬਰਾਂ ਦਾ ਗੜ੍ਹ ਰਿਹਾ ਹੈ। ਗਦਰੀ ਬਾਬਾ ਹਰਜਾਪ ਸਿੰਘ ਅਤੇ ਆਦ ਧਰਮ ਦੇ ਬਾਨੀ ਬਾਬੂ ਮੰਗੂ ਰਾਮ ਮੁੱਗੋਵਾਲੀਆ ਦੀ ਦੇਣ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਹੈ। ਇੱਥੇ ਹੀ ਬਸ ਨਹੀਂ 1990 ਦੇ ਦਹਾਕੇ ਵਿੱਚ ਇਥੋਂ ਦਾ ਸ਼ੌਂਕੀ ਮੇਲਾ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਰਿਹਾ ਹੈ। 60 ਸਾਲ ਤੋਂ ਨਿਰੰਤਰ ਚੱਲ ਰਿਹਾ ਪ੍ਰਿੰਸੀਪਲ ਹਰਭਜਨ ਸਿੰਘ ਯਾਦਗਾਰੀ ਫੁੱਟਬਾਲ ਟੂਰਨਾਮੈਂਟ ਕਿਸੇ ਤੋਂ ਗੁੱਝਾ ਨਹੀਂ ਹੈ। ਮਾਹਿਲਪੁਰ ਦੇ ਇਤਿਹਾਸ ਅਤੇ ਪ੍ਰਾਪਤੀਆਂ ਬਾਰੇ ਅਨੇਕਾਂ ਪੁਸਤਕਾਂ ਲਿਖੀਆਂ ਜਾ ਸਕਦੀਆਂ ਹਨ।
ਨਿੱਕੀਆਂ ਕਰੂੰਬਲਾਂ ਪ੍ਰਕਾਸ਼ਨ ਮਾਹਿਲਪੁਰ ਅਤੇ ਸੁਰ ਸੰਗਮ ਵਿਦਿਅਕ ਟਰਸਟ ਵੱਲੋਂ ਕਰੂੰਬਲਾਂ ਭਵਨ ਵਿੱਚ ਆਯੋਜਿਤ ਇਸ ਵਿਚਾਰ ਗੋਸ਼ਟੀ ਵਿੱਚ ਜ਼ਿਲਾ ਹੁਸ਼ਿਆਰਪੁਰ ਬੁੱਧੀਜੀਵੀ ਸੈੱਲ ਦੇ ਪ੍ਰਧਾਨ ਕ੍ਰਿਸ਼ਨਜੀਤ ਰਾਓ ਕੈਂਡੋਵਾਲ ਉਚੇਚੇ ਤੌਰ ਤੇ ਹਾਜ਼ਰ ਹੋਏl ਉਹਨਾਂ ਆਪਣੇ ਸੰਬੋਧਨ ਵਿੱਚ ਇੱਥੋਂ ਦੇ ਨੈਸ਼ਨਲ ਆਵਾਰਡੀ ਟੀਚਰ ਅਤੇ ਲੇਖਕ ਗਿਆਨੀ ਹਰਕੇਵਲ ਸਿੰਘ ਸਲਾਨੀ ਦੀਆਂ 24 ਪੁਸਤਕਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਇੱਕੋ ਇੱਕ ਅਜਿਹੇ ਸ਼ਖਸ ਸਨ ਜਿਨਾਂ ਖੋਜ ਭਰਪੂਰ ਪੁਸਤਕਾਂ ਲਿਖਕੇ ਪਾਠਕਾਂ ਤੱਕ ਮੁਫਤ ਪੁੱਜਦੀਆਂ ਕੀਤੀਆਂl ਉਹਨਾਂ ਇੱਥੋਂ ਦੀਆਂ ਵਿਦਿਅਕ ਪ੍ਰਾਪਤੀਆਂ ਦੀ ਚਰਚਾ ਕਰਦਿਆਂ ਮਾਣ ਮਹਿਸੂਸ ਕੀਤਾ। ਖਾਲਸਾ ਸਕੂਲ ਤੋਂ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਨੇ ਅਨੇਕਾਂ ਮਹਾਂਪੁਰਸ਼ਾਂ ਨੂੰ ਜਨਮ ਦਿੱਤਾ। ਬਲਜਿੰਦਰ ਮਾਨ ਨੇ ਇੱਥੋਂ ਦੇ ਮਹਾਨ ਸਾਹਿਤਕਾਰਾਂ ਦੀ ਭਰਪੂਰ ਚਰਚਾ ਕੀਤੀl ਸਾਹਿਤ ਅਕੈਡਮੀ ਪੁਰਸਕਾਰ ਜੇਤੂ ਗੁਲਜ਼ਾਰ ਸਿੰਘ ਸੰਧੂ, ਤਾਰਾ ਸਿੰਘ ਕਾਮਲ, ਡਾ. ਚਰਨ ਦਾਸ ਸਿੱਧੂ ਅਤੇ ਅਜਾਇਬ ਕਮਲ ਵਰਗਿਆਂ ਨੇ ਇਸ ਇਲਾਕੇ ਨੂੰ ਆਪਣੀਆਂ ਕਿਰਤਾਂ ਨਾਲ ਮਹਾਨਤਾ ਬਖਸ਼ੀ ਹੈ। ਸੰਤ ਬਾਬਾ ਹਰੀ ਸਿੰਘ ਕਹਾਰਪੁਰੀ ਅਤੇ ਪ੍ਰਿੰ. ਹਰਭਜਨ ਸਿੰਘ ਜੀ ਦੀ ਦੇਣ ਨੂੰ ਕੋਈ ਵੀ ਨਹੀਂ ਭੁਲਾ ਸਕਦਾ। ਬੱਗਾ ਸਿੰਘ ਆਰਟਿਸਟ ਅਤੇ ਗੁਰਨਾਮ ਸਿੰਘ ਨੇ ਕਿਹਾ ਕਿ ਪ੍ਰੋਫੈਸਰ ਦਰਸ਼ਨ ਸਿੰਘ ਕੋਮਲ ਦੀ ਗੀਤ ਸੰਗੀਤ ਦੀ ਵਿਰਾਸਤ ਨੂੰ ਮਨਮੋਹਨ ਵਾਰਸ, ਸੰਗਤਾਰ, ਕਮਲ ਹੀਰ ਅਤੇ ਸਿੰਘਾਂ ਤੱਕ ਦੇ ਕਲਾਕਾਰਾਂ ਨੇ ਅਪਣਾਇਆ ਹੈ। ਇੰਡੀਆ ਬੁੱਕ ਆਫ ਰਿਕਾਰਡਸ ਵਿੱਚ ਸ਼ਾਮਿਲ ਪੰਜਾਬੀ ਦਾ ਇੱਕੋ ਇੱਕ ਬਾਲ ਰਸਾਲਾ ਨਿੱਕੀਆਂ ਕਰੂੰਬਲਾਂ ਮਹਿਲਪੁਰ ਦਾ ਮਾਣ ਬਣ ਚੁੱਕਾ ਹੈ। ਜਿਸ ਰਾਹੀਂ ਬਾਲ ਸਾਹਿਤਕਾਰਾਂ ਦੀ ਪਨੀਰੀ ਤਿਆਰ ਕੀਤੀ ਜਾ ਰਹੀ ਹੈ। ਬਿੰਦੂ ਭੌਰਾ ਦਾ ਖਿਆਲ ਸੀ ਕਿ ਇਹ ਸਾਰੀਆਂ ਵਿਰਾਸਤੀ ਕਦਰਾਂ ਕੀਮਤਾਂ ਨੂੰ ਅੱਜ ਸੰਭਾਲਣ ਦੀ ਲੋੜ ਹੈ ਤਾਂ ਕਿ ਆਉਣ ਵਾਲੀ ਪੀੜੀ ਇਹਨਾਂ ਤੇ ਅਮਲ ਕਰ ਸਕੇ l ਇਸ ਇਲਾਕੇ ਦੀਆਂ ਅਨੇਕਾਂ ਪ੍ਰਾਪਤੀਆਂ ਨਵੀਂ ਪਨੀਰੀ ਲਈ ਪ੍ਰੇਰਨਾ ਸਰੋਤ ਦਾ ਕੰਮ ਕਰ ਰਹੀਆਂ ਹਨ। ਪ੍ਰਿੰ. ਮਨਜੀਤ ਕੌਰ ਨੇ ਪਿੰਡ ਮੁਗੋਵਾਲ ਦੀ ਸਾਈਪ੍ਰਸ ਕਲੱਬ ਵਿੱਚ ਖੇਡਣ ਵਾਲੀ ਭਾਰਤ ਦੀ ਇੱਕੋ ਇੱਕ ਇੰਟਰਨੈਸ਼ਨਲ ਫੁੱਟਬਾਲ ਖਿਡਾਰਨ ਮਨੀਸ਼ਾ ਕਲਿਆਣ, ਅਰਜਨ ਅਵਾਰਡੀ ਮਾਧਰੀ ਏ ਸਿੰਘ ਅਤੇ ਏਸ਼ੀਅਨ ਸਟਾਰ ਅਥਲੀਟ ਹਰਮਿਲਨ ਬੈਂਸ ਦੀਆਂ ਪ੍ਰਾਪਤੀਆਂ ਦੀ ਚਰਚਾ ਕਰਦਿਆਂ ਕਿਹਾ ਕਿ ਇਲਾਕੇ ਦੀਆਂ ਲੜਕੀਆਂ ਨੇ ਵੀ ਦੇਸ਼ ਵਿਦੇਸ਼ ਵਿੱਚ ਇਸ ਇਲਾਕੇ ਦੇ ਨਾਮ ਨੂੰ ਰੌਸ਼ਨ ਕੀਤਾ ਹੈ। ਇਸ ਮੌਕੇ ਹਰਵੀਰ ਮਾਨ, ਹਰਮਨਪ੍ਰੀਤ ਕੌਰ, ਨਿਧੀ ਅਮਨ ਸਹੋਤਾ, ਸਨੀ ਲੰਗੇਰੀ,ਪਵਨ ਸਕਰੂਲੀ, ਅਵਤਾਰ ਸਿੰਘ, ਚੰਚਲ ਸਿੰਘ ਬੈਂਸ ਸਮੇਤ ਸਾਹਿਤ ਅਤੇ ਕਲਾ ਪ੍ਰੇਮੀ ਸ਼ਾਮਿਲ ਹੋਏ ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ
