ਹੁਸ਼ਿਆਰਪੁਰ ਜ਼ਿਲ੍ਹੇ 'ਚ ਸਰਪੰਚਾਂ ਤੇ ਪੰਚਾਂ ਦੇ ਅਹੁਦਿਆਂ ਲਈ ਉਪ ਚੋਣਾਂ 27 ਜੁਲਾਈ ਨੂੰ : ਆਸ਼ਿਕਾ ਜੈਨ
ਹੁਸ਼ਿਆਰਪੁਰ, 12 ਜੁਲਾਈ- ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਹੁਸ਼ਿਆਰਪੁਰ ਆਸ਼ਿਕਾ ਜੈਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਚੋਣ ਕਮਿਸ਼ਨ, ਪੰਜਾਬ ਨੇ ਗ੍ਰਾਮ ਪੰਚਾਇਤਾਂ ਵਿਚ ਖਾਲੀ ਅਸਾਮੀਆਂ ਲਈ ਉਪ ਚੋਣਾਂ ਦਾ ਸ਼ਡਿਊਲ ਐਲਾਨ ਦਿੱਤਾ ਹੈ। ਇਹ ਉਪ ਚੋਣਾਂ 27 ਜੁਲਾਈ 2025 (ਐਤਵਾਰ) ਨੂੰ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਬੈਲਟ ਪੇਪਰਾਂ ਰਾਹੀਂ ਹੋਣਗੀਆਂ।

ਉਨ੍ਹਾਂ ਦੱਸਿਆ ਕਿ 15 ਅਕਤੂਬਰ 2024 ਨੂੰ ਹੋਈਆਂ ਗ੍ਰਾਮ ਪੰਚਾਇਤ ਚੋਣਾਂ ਤੋਂ ਬਾਅਦ ਹੁਸ਼ਿਆਰਪੁਰ ਜ਼ਿਲ੍ਹੇ ਵਿਚ ਸਰਪੰਚਾਂ ਦੀਆਂ 4 ਅਤੇ ਪੰਚਾਂ ਦੀਆਂ 151 ਅਸਾਮੀਆਂ ਖਾਲੀ ਰਹਿ ਗਈਆਂ ਸਨ। ਇਹ ਉਪ ਚੋਣਾਂ ਇਨ੍ਹਾਂ ਖਾਲੀ ਅਸਾਮੀਆਂ ਨੂੰ ਭਰਨ ਲਈ ਕਰਵਾਈਆਂ ਜਾ ਰਹੀਆਂ ਹਨ।
ਜ਼ਿਲ੍ਹਾ ਚੋਣ ਅਫ਼ਸਰ ਆਸ਼ਿਕਾ ਜੈਨ ਨੇ ਦੱਸਿਆ ਕਿ ਨਾਮਜ਼ਦਗੀਆਂ 14 ਜੁਲਾਈ, 2025 (ਸੋਮਵਾਰ) ਤੋਂ 17 ਜੁਲਾਈ, 2025 (ਵੀਰਵਾਰ) ਤੱਕ, ਰੋਜ਼ਾਨਾ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਸਬੰਧਤ ਰਿਟਰਨਿੰਗ ਅਫ਼ਸਰਾਂ ਦੇ ਦਫ਼ਤਰ ਵਿਚ ਦਾਖਲ ਕੀਤੀਆਂ ਜਾ ਸਕਦੀਆਂ ਹਨ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 18 ਜੁਲਾਈ, 2025 (ਸ਼ੁੱਕਰਵਾਰ) ਨੂੰ ਕੀਤੀ ਜਾਵੇਗੀ। ਉਮੀਦਵਾਰੀ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ, 2025 (ਸ਼ਨੀਵਾਰ) ਦੁਪਹਿਰ 3 ਵਜੇ ਤੱਕ ਹੈ।
ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਵੋਟਾਂ ਪੈਣ ਤੋਂ ਬਾਅਦ ਵੋਟਾਂ ਦੀ ਗਿਣਤੀ ਉਸੇ ਦਿਨ ਸਬੰਧਤ ਪੋਲਿੰਗ ਸਟੇਸ਼ਨ 'ਤੇ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਅੱਪਡੇਟ ਕੀਤੀਆਂ ਵੋਟਰ ਸੂਚੀਆਂ ਦੀ ਅੰਤਿਮ ਪ੍ਰਕਾਸ਼ਨਾ 23 ਮਈ, 2025 ਨੂੰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਸਰਪੰਚ ਦੇ ਅਹੁਦੇ ਲਈ ਵੱਧ ਤੋਂ ਵੱਧ ਚੋਣ ਖ਼ਰਚ ਸੀਮਾ 40,000 ਰੁਪਏ ਅਤੇ ਪੰਚ ਦੇ ਅਹੁਦੇ ਲਈ 30,000 ਰੁਪਏ ਨਿਰਧਾਰਤ ਕੀਤੀ ਗਈ ਹੈ।
ਆਸ਼ਿਕਾ ਜੈਨ ਨੇ ਜ਼ਿਲ੍ਹੇ ਦੇ ਸਾਰੇ ਯੋਗ ਵੋਟਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਵੋਟ ਪਾ ਕੇ ਅਤੇ ਸਮਰੱਥ ਜਨ ਪ੍ਰਤੀਨਿਧੀਆਂ ਦੀ ਚੋਣ ਕਰਕੇ ਲੋਕਤੰਤਰੀ ਪ੍ਰਕਿਰਿਆ ਵਿੱਚ ਹਿੱਸਾ ਲੈਣ। ਉਨ੍ਹਾਂ ਕਿਹਾ ਕਿ ਚੋਣਾਂ ਨੂੰ ਸ਼ਾਂਤੀਪੂਰਨ, ਨਿਰਪੱਖ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਸਾਰੇ ਜ਼ਰੂਰੀ ਪ੍ਰਬੰਧ ਕੀਤੇ ਜਾ ਰਹੇ ਹਨ।