ਖਾਲਸਾ ਕਾਲਜ ਮਾਹਿਲਪੁਰ ਵਿੱਚ ਪੁਸਤਕ ਲੋਕ ਅਰਪਣ ਅਤੇ ਸਾਹਿਤਕ ਸੰਵਾਦ ਸਮਾਰੋਹ ਕਰਵਾਇਆ ਗਿਆ
ਮਾਹਿਲਪੁਰ 25 ਫਰਵਰੀ- ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਮਾਤ ਭਾਸ਼ਾ ਹਫ਼ਤਾ ਨੂੰ ਸਮਰਪਿਤ ਇੱਕ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਪਰਵਾਸੀ ਕਵੀ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਸੁਰਿੰਦਰ ਸੀਹਰਾ ਦੀ ਪੁਸਤਕ 'ਸ਼੍ਰੀ' ਦਾ ਲੋਕ ਅਰਪਣ ਕੀਤਾ ਗਿਆ ਅਤੇ ਇਸ ਪੁਸਤਕ ਉੱਤੇ ਸਾਹਿਤਕ ਸੰਵਾਦ ਰਚਾਇਆ ਗਿਆ।
ਮਾਹਿਲਪੁਰ 25 ਫਰਵਰੀ- ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਪੰਜਾਬੀ ਮਾਤ ਭਾਸ਼ਾ ਹਫ਼ਤਾ ਨੂੰ ਸਮਰਪਿਤ ਇੱਕ ਸਾਹਿਤਕ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਮੌਕੇ ਪਰਵਾਸੀ ਕਵੀ ਅਤੇ ਕਾਲਜ ਦੇ ਪੁਰਾਣੇ ਵਿਦਿਆਰਥੀ ਸੁਰਿੰਦਰ ਸੀਹਰਾ ਦੀ ਪੁਸਤਕ 'ਸ਼੍ਰੀ' ਦਾ ਲੋਕ ਅਰਪਣ ਕੀਤਾ ਗਿਆ ਅਤੇ ਇਸ ਪੁਸਤਕ ਉੱਤੇ ਸਾਹਿਤਕ ਸੰਵਾਦ ਰਚਾਇਆ ਗਿਆ।
ਇਸ ਮੌਕੇ ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਅਜੀਤ ਲੰਗੇਰੀ, ਲੇਖਕ ਵਿਜੇ ਬੰਬੇਲੀ, ਸ਼ਾਇਰ ਪਵਨ ਭੰਮੀਆਂ ਅਤੇ ਲੇਖਕ ਸੰਤੋਖ ਸਿੰਘ ਵੀਰ ਨੇ ਸ਼ਿਰਕਤ ਕੀਤੀ ਜਦਕਿ ਇਸ ਸਮਾਰੋਹ ਮੌਕੇ ਉਚੇਚੇ ਤੌਰ 'ਤੇ ਸਿੱਖ ਐਜੂਕੇਸ਼ਨਲ ਕੌਂਸਲ ਦੇ ਜਨਰਲ ਸਕੱਤਰ ਪ੍ਰੋਫੈਸਰ ਅਪਿੰਦਰ ਸਿੰਘ ਮਾਹਿਲਪੁਰੀ, ਸੇਵਾ ਮੁਕਤ ਐਸਪੀ ਸੁਰਿੰਦਰਜੀਤ ਸਿੰਘ ਬੈਂਸ, ਗੁਰਨੇਕ ਸਿੰਘ ਯੂਐਸਏ, ਲੇਖਕ ਬਲਜਿੰਦਰ ਮਾਨ ਅਤੇ ਰੌਸ਼ਨਜੀਤ ਪਨਾਮ ਨੇ ਹਾਜ਼ਰ ਹੋ ਕੇ ਪੰਜਾਬੀ ਵਿਭਾਗ ਅਤੇ ਵਿਦਿਆਰਥੀਆਂ ਨੂੰ ਇਸ ਸਮਾਰੋਹ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਕਾਲਜ ਦੇ ਪ੍ਰਿੰਸੀਪਲ ਡਾਕਟਰ ਪਰਵਿੰਦਰ ਸਿੰਘ ਨੇ ਸਵਾਗਤੀ ਸ਼ਬਦ ਸਾਂਝੇ ਕੀਤੇ ਅਤੇ ਕਿਹਾ ਕਿ ਕਾਲਜ ਤੋਂ ਸਿੱਖਿਆ ਹਾਸਿਲ ਕਰਕੇ ਸਾਹਿਤ ਦੇ ਖੇਤਰ ਵਿੱਚ ਨਾਮਣਾ ਖੱਟਣ ਵਾਲੇ ਲੇਖਕ ਸੁਰਿੰਦਰ ਸੀਹਰਾ ਦਾ ਇੱਥੇ ਆਉਣਾ ਵਿਦਿਆਰਥੀਆਂ ਲਈ ਵੱਡੀ ਪ੍ਰੇਰਨਾ ਦਾ ਸਰੋਤ ਹੈ। ਇਸ ਮੌਕੇ ਪੰਜਾਬੀ ਵਿਭਾਗ ਦੇ ਮੁੱਖੀ ਡਾ ਜੇ ਬੀ ਸੇਖੋਂ ਨੇ ਵਿਭਾਗ ਵੱਲੋਂ ਕਰਵਾਈਆਂ ਜਾਂਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਪਰਵਾਸੀ ਪੰਜਾਬੀ ਕਵਿਤਾ ਵਿੱਚ ਸੁਰਿੰਦਰ ਸੀਹਰਾ ਦੀ ਇਸ ਪੁਸਤਕ ਦੇ ਯੋਗਦਾਨ ਬਾਰੇ ਵਿਚਾਰ ਰੱਖੇ। ਇਸ ਮੌਕੇ ਪ੍ਰੋਫੈਸਰ ਅਜੀਤ ਲੰਗੇਰੀ ਨੇ ਸੁਰਿੰਦਰ ਸੀਹਰਾ ਦੀਆਂ ਗਜ਼ਲਾਂ ਦੀ ਭਾਸ਼ਾ ਅਤੇ ਸ਼ੈਲੀ ਦੀਆਂ ਉਦਾਹਰਨਾਂ ਦੇ ਕੇ ਵਿਦਿਆਰਥੀਆਂ ਨੂੰ ਚੰਗੀ ਕਵਿਤਾ ਦੇ ਗੁਣਾਂ ਬਾਰੇ ਜਾਣਕਾਰੀ ਦਿੱਤੀ।
ਇਸ ਮੌਕੇ ਲੇਖਕ ਵਿਜੇ ਬੰਬੇਲੀ ਨੇ ਪੁਸਤਕ ਦੀਆਂ ਕਵਿਤਾਵਾਂ ਦੇ ਪ੍ਰਸੰਗ ਵਿੱਚ ਵਿਦਿਆਰਥੀਆਂ ਨੂੰ ਵਿਗਿਆਨ ਸੂਝ ਬੂਝ ਵਾਲੀ ਜੀਵਨ ਸ਼ੈਲੀ ਅਪਣਾਉਣ 'ਤੇ ਜ਼ੋਰ ਦਿੱਤਾ। ਸ਼ਾਇਰ ਪਵਨ ਪੰਮੀਆਂ ਨੇ ਇਸ ਪੁਸਤਕ ਦੇ ਵਿਸ਼ੇ ਵਸਤੂ ਬਾਰੇ ਗੰਭੀਰ ਵਿਚਾਰ ਰੱਖੇ। ਲੇਖਕ ਸੰਤੋਖ ਸਿੰਘ ਵੀਰ ਨੇ ਸੁਰਿੰਦਰ ਸੀਹਰਾ ਦੇ ਸੰਘਰਸ਼ਸ਼ੀਲ ਜੀਵਨ ਅਤੇ ਸਾਹਿਤਕ ਯਾਤਰਾ ਬਾਰੇ ਮੁੱਲਵਾਨ ਗੱਲਾਂ ਕੀਤੀਆਂ। ਇਸ ਮੌਕੇ ਸੁਰਿੰਦਰ ਸੀਹਰਾ ਨੇ ਇਸ ਕਿਤਾਬ ਦੀ ਸਿਰਜਣ ਪ੍ਰਕਿਰਿਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਵਿਦਿਆਰਥੀਆਂ ਵੱਲੋਂ ਚੰਗੀ ਕਵਿਤਾ ਦੇ ਲੱਛਣ ਅਤੇ ਪਰਵਾਸ ਦੀ ਪੰਜਾਬੀ ਕਵਿਤਾ ਦੇ ਸਰੋਕਾਰਾਂ ਬਾਰੇ ਪੁੱਛੇ ਸਵਾਲਾਂ ਦੇ ਗਿਆਨ ਭਰਪੂਰ ਜਵਾਬ ਦਿੱਤੇ।
ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਮੋਨਿਕਾ, ਅਰਸ਼ਪ੍ਰੀਤ, ਪ੍ਰਿਯੰਸ਼ੂ,ਹਰਵੀਰ ਮਾਨ, ਜੈ ਸ਼ਰਮਾ ਅਤੇ ਪ੍ਰਿੰਸ ਨੇ ਆਪਣੀਆਂ ਸਮਾਜਿਕ ਸਰੋਕਾਰਾਂ ਵਾਲੀਆਂ ਕਵਿਤਾਵਾਂ ਪੇਸ਼ ਕੀਤੀਆਂ। ਮੰਚ ਦੀ ਕਾਰਵਾਈ ਪ੍ਰੋ ਬਲਵੀਰ ਕੌਰ ਨੇ ਚਲਾਈ। ਪ੍ਰਬੰਧਕਾਂ ਵੱਲੋਂ ਹਾਜ਼ਰ ਲੇਖਕਾਂ ਅਤੇ ਵਿਦਿਆਰਥੀਆ ਨੂੰ ਪੌਦਿਆਂ ਅਤੇ ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਿਤ ਕੀਤਾ ਗਿਆ।ਅੰਤ ਮੌਕੇ ਡਾ ਪ੍ਰਭਜੋਤ ਕੌਰ ਨੇ ਹਾਜ਼ਰ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਡਾ ਕੁਲਦੀਪ ਸਿੰਘ, ਪ੍ਰੋ ਜਸਦੀਪ ਕੌਰ, ਪ੍ਰੋ ਅਸ਼ੋਕ ਕੁਮਾਰ , ਪ੍ਰੋ ਨੈਨਸੀ, ਪ੍ਰੋ ਮਨਦੀਪ ਗੌਤਮ ਸਮੇਤ ਕਾਲਜ ਦੇ ਵਿਦਿਆਰਥੀ ਹਾਜ਼ਰ ਸਨ।
