
ਈਡੀ ਵੱਲੋਂ ਹਸਪਤਾਲ ਉਸਾਰੀ ‘ਘੁਟਾਲੇ’ ਵਿਚ ‘ਆਪ’ ਆਗੂ ਸੌਰਭ ਭਾਰਦਵਾਜ ਦੇ ਟਿਕਾਣਿਆਂ ’ਤੇ ਛਾਪੇ
ਨਵੀਂ ਦਿੱਲੀ- ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਕੌਮੀ ਰਾਜਧਾਨੀ ਵਿੱਚ ਕਥਿਤ ਹਸਪਤਾਲ ਨਿਰਮਾਣ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੀ ਰਿਹਾਇਸ਼ ਸਮੇਤ ਕਈ ਥਾਵਾਂ ’ਤੇ ਛਾਪੇ ਮਾਰੇ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿ ਟ੍ਰਿਬਿਊਨ ਨੂੰ ਦੱਸਿਆ, "ਦਿੱਲੀ-ਐਨਸੀਆਰ ਵਿੱਚ ਇਸ ਸਮੇਂ 13 ਥਾਵਾਂ ’ਤੇ ਛਾਪੇਮਾਰੀ ਜਾਰੀ ਹੈ।’’
ਨਵੀਂ ਦਿੱਲੀ- ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਮੰਗਲਵਾਰ ਨੂੰ ਕੌਮੀ ਰਾਜਧਾਨੀ ਵਿੱਚ ਕਥਿਤ ਹਸਪਤਾਲ ਨਿਰਮਾਣ ਘੁਟਾਲੇ ਦੀ ਮਨੀ ਲਾਂਡਰਿੰਗ ਜਾਂਚ ਦੀ ਕੜੀ ਵਜੋਂ ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਦੀ ਰਿਹਾਇਸ਼ ਸਮੇਤ ਕਈ ਥਾਵਾਂ ’ਤੇ ਛਾਪੇ ਮਾਰੇ। ਈਡੀ ਦੇ ਇੱਕ ਸੀਨੀਅਰ ਅਧਿਕਾਰੀ ਨੇ ਦਿ ਟ੍ਰਿਬਿਊਨ ਨੂੰ ਦੱਸਿਆ, "ਦਿੱਲੀ-ਐਨਸੀਆਰ ਵਿੱਚ ਇਸ ਸਮੇਂ 13 ਥਾਵਾਂ ’ਤੇ ਛਾਪੇਮਾਰੀ ਜਾਰੀ ਹੈ।’’
ਇਹ ਛਾਪੇ ਦਿੱਲੀ ਪੁਲੀਸ ਦੀ ਭ੍ਰਿਸ਼ਟਾਚਾਰ ਵਿਰੋਧੀ ਸ਼ਾਖਾ (ਏਸੀਬੀ) ਵੱਲੋਂ ਦਾਇਰ ਐਫਆਈਆਰ ਦੇ ਆਧਾਰ 'ਤੇ ਦਰਜ ਐੱਨਫੋਰਸਮੈਂਟ ਕੇਸ ਇਨਫਰਮੇਸ਼ਨ ਰਿਪੋਰਟ (ਈਸੀਆਈਆਰ) ਨਾਲ ਜੁੜੇ ਹਨ। ਐਫਆਈਆਰ ਵਿੱਚ ਦਿੱਲੀ ਸਰਕਾਰ ਦੇ ਸਾਬਕਾ ਸਿਹਤ ਮੰਤਰੀਆਂ, ਨਿੱਜੀ ਠੇਕੇਦਾਰਾਂ ਅਤੇ ਅਣਪਛਾਤੇ ਅਧਿਕਾਰੀਆਂ ਨੂੰ ਬੇਨਿਯਮੀਆਂ ਵਿੱਚ ਉਨ੍ਹਾਂ ਦੀ ਕਥਿਤ ਭੂਮਿਕਾ ਲਈ ਨਾਮਜ਼ਦ ਕੀਤਾ ਗਿਆ ਹੈ।
ਤਫ਼ਤੀਸ਼ਕਾਰਾਂ ਅਨੁਸਾਰ ਇਹ ਮਾਮਲਾ ਕੌਮੀ ਰਾਜਧਾਨੀ ਖੇਤਰ ਦਿੱਲੀ ਸਰਕਾਰ ਦੇ ਅਧੀਨ ਸਿਹਤ ਬੁਨਿਆਦੀ ਢਾਂਚੇ ਦੇ ਪ੍ਰੋਜੈਕਟਾਂ ਵਿੱਚ ਵੱਡੇ ਪੱਧਰ ’ਤੇ ਭ੍ਰਿਸ਼ਟਾਚਾਰ, ਲਾਗਤ ਵਿੱਚ ਅਣਅਧਿਕਾਰਤ ਵਾਧੇ, ਅਣਅਧਿਕਾਰਤ ਨਿਰਮਾਣ ਅਤੇ ਫੰਡਾਂ ਦੀ ਦੁਰਵਰਤੋਂ ਨਾਲ ਸਬੰਧਤ ਹੈ।
ਈਡੀ ਟੀਮਾਂ ਭਾਰਦਵਾਜ ਦੇ ਟਿਕਾਣਿਆਂ ਦੇ ਨਾਲ-ਨਾਲ ਨਿੱਜੀ ਠੇਕੇਦਾਰਾਂ ਦੇ ਅਹਾਤਿਆਂ ਦੀ ਵੀ ਜਾਂਚ ਕਰ ਰਹੀਆਂ ਹਨ ਤਾਂ ਜੋ ਹਸਪਤਾਲ ਦੇ ਨਿਰਮਾਣ ਲਈ ਰੱਖੇ ਗਏ ਜਨਤਕ ਫੰਡਾਂ ਦੀ ਸ਼ੱਕੀ ਡਾਇਵਰਸ਼ਨ ਅਤੇ ਲਾਂਡਰਿੰਗ ਦਾ ਪਤਾ ਲਗਾਇਆ ਜਾ ਸਕੇ।
ਇਹ ਮਾਮਲਾ ਸ਼ੁਰੂ ਵਿੱਚ ਵਿਰੋਧੀ ਧਿਰ ਦੇ ਤਤਕਾਲੀ ਆਗੂ ਅਤੇ ਮੌਜੂਦਾ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਦੀ ਸ਼ਿਕਾਇਤ ਨਾਲ ਸ਼ੁਰੂ ਹੋਇਆ ਸੀ, ਜਿਸ ਵਿੱਚ 'ਆਪ' ਦੀ ਅਗਵਾਈ ਵਾਲੀ ਸਰਕਾਰ ਅਧੀਨ ਹਸਪਤਾਲ ਪ੍ਰੋਜੈਕਟਾਂ ਵਿੱਚ ਗੰਭੀਰ ਬੇਨਿਯਮੀਆਂ ਦਾ ਜ਼ਿਕਰ ਕੀਤਾ ਗਿਆ ਸੀ।
ਇਹ ਦੋਸ਼ ਲਗਾਇਆ ਗਿਆ ਹੈ ਕਿ 2018-19 ਦਰਮਿਆਨ 5,590 ਕਰੋੜ ਦੇ 24 ਹਸਪਤਾਲ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਗਈ ਸੀ ਪਰ ਉਹ ਵੱਡੇ ਪੱਧਰ ’ਤੇ ਅਧੂਰੇ ਹਨ, ਜਿਸ ਵਿੱਚ ਲਾਗਤ ਖਰਚੇ ਵਿਚ ਅਣਅਧਿਕਾਰਤ ਵਾਧਾ ਹੋਇਆ ਹੈ। ਇਸੇ ਤਰ੍ਹਾਂ 1,125 ਕਰੋੜ ਦਾ ਆਈਸੀਯੂ ਹਸਪਤਾਲ ਪ੍ਰੋਜੈਕਟ - ਜਿਸ ਵਿੱਚ 6,800 ਬਿਸਤਰਿਆਂ ਵਾਲੀਆਂ ਸੱਤ ਪ੍ਰੀ-ਇੰਜਨੀਅਰਡ ਸਹੂਲਤਾਂ ਸ਼ਾਮਲ ਹਨ -800 ਕਰੋੜ ਦੇ ਖਰਚੇ ਅਤੇ ਕਰੀਬ ਤਿੰਨ ਸਾਲ ਪਹਿਲਾਂ ਛੇ ਮਹੀਨਿਆਂ ਦੀ ਅਸਲ ਸਮਾਂ ਸੀਮਾ ਦੇ ਬਾਵਜੂਦ ਸਿਰਫ 50 ਫੀਸਦ ਪੂਰਾ ਹੋਇਆ ਹੈ।
ਉਧਰ ਆਮ ਆਦਮੀ ਪਾਰਟੀ (ਆਪ) ਨੇ ਛਾਪਿਆਂ ਦੀ ਨਿਖੇਧੀ ਕਰਦਿਆਂ ਇਸ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। 'ਆਪ' ਨੇ ਕਿਹਾ ਕਿ ਇਹ ਕਾਰਵਾਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਲਜ ਡਿਗਰੀ ਨਾਲ ਜੁੜੇ ਵਿਵਾਦ ਤੋਂ ਧਿਆਨ ਭਟਕਾਉਣ ਲਈ ਕੀਤੀ ਗਈ ਸੀ।
